ਮੁੱਖ ਖਬਰਾਂ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ ਦੀ ਲੜਕੀ ਦਾ ਪਿਛਾ ਕਰਨ ਦੀ ਘਟਨਾ ਦੀ ਆਲੋਚਨਾ

By Joshi -- August 08, 2017 1:08 pm -- Updated:Feb 15, 2021

ਦੋਸ਼ਾਂ ਨੂੰ ਨਰਮ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੋਣੀ ਚਾਹੀਦੀ
Chandigarh girl stalking case, no attempt should be made to dilute charges

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ ਵਿੱਚ ਹਰਿਆਣਾ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇ ਲੜਕੇ ਵੱਲੋਂ ਇਕ ਮੁਟਿਆਰ ਦਾ ਪਿੱਛਾ ਕਰਨ ਦੀ ਕਥਿਤ ਘਟਨਾ ਦੀ ਤਿੱਖੀ ਆਲੋਚਨਾ ਕੀਤਾ ਹੈ ਅਤੇ ਕਿਹਾ ਕਿ ਦੋਸ਼ੀਆਂ ਵਿਰੁੱਧ ਲੱਗੇ ਦੋਸ਼ਾਂ ਨੂੰ ਨਰਮ ਕਰਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ।

ਅੱਜ ਇੱਥੇ ਪ੍ਰੈਸ ਕਲਬ ਵਿੱਖੇ ਖੁਸ਼ਵੰਤ ਸਿੰਘ ਦੀ ਇਕ ਕਿਤਾਬ ਨੂੰ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੜਕੀ ਨੇ ਸਪੱਸ਼ਟ ਤੌਰ ’ਤੇ ਆਖਿਆ ਹੈ ਕਿ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਕਿਹਾ ਕਿ ਇਹ ਦੋਸ਼ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਹੇਠ ਹੀ ਦਰਜ ਕੀਤੇ ਜਾਣੇ ਚਾਹੀਦੇ ਹਨ।

ਇਸ ਘਟਨਾ ਨੂੰ ਅਫਸੋਸਜਨਕ ਦਸਦੇ ਹੋਏ ਉਨਾਂ ਕਿਹਾ ਕਿ ਉਹ ਇਸ ਮੁਟਿਆਰ ਵੱਲੋਂ ਵਿਖਾਏ ਗਏ ਹੌਂਸਲੇ ਦੀ ਸਰਾਹਨਾ ਕਰਦੇ ਹਨ।

ਸੀ.ਸੀ.ਟੀ.ਵੀ. ਕੈਮਰਿਆਂ ਦਾ ਕਾਰਜਸ਼ੀਲ ਨਾ ਹੋਣ ਕਾਰਨ ਚੰਡੀਗੜ ਪੁਲਿਸ ਵੱਲੋਂ ਪਿੱਛਾ ਕਰਨ ਦੀ ਕਥਿਤ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਨਾ ਉਪਲਬਧ ਹੋਣ ਦਾ ਦਾਅਵਾ ਕੀਤੇ ਜਾਣ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘ਜੇ ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਉਪਲਬਧ ਨਹੀਂ ਹੈ ਤਾਂ ਫਿਰ ਕੀ ਹੋਇਆ। ਲੜਕੀੇ ਨੇ ਇਸ ਸਬੰਧੀ ਬਿਆਨ ਦਿੱਤਾ ਹੈ ਅਤੇ ਪੁਲਿਸ ਨੂੰ ਲਾਜ਼ਮੀ ਤੌਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ।’’

ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਗਲੀਆਂ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸੜਕਾਂ ’ਤੇ ਔਰਤਾਂ ਦੀ ਸੁਰੱਖਿਆ ਲਈ ਕਦਮ ਚੁੱਕ ਰਹੀ ਹੈ। ਉਨਾਂ ਕਿਹਾ ਕਿ ਨਸ਼ਿਆਂ ਨੇ ਪੰਜਾਬ ਵਿੱਚ ਅਜਿਹੀਆਂ ਛੋਟੀ-ਮੋਟੀਆਂ ਘਟਨਾਵਾਂ ਵਿੱਚ ਵਾਧਾ ਕੀਤਾ ਹੈ ਅਤੇ ਗਲੀਆਂ ਔਰਤਾਂ ਲਈ ਅਸੁਰੱਖਿਅਤ ਹੋਈਆਂ ਹਨ।

ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਨਸ਼ਿਆਂ ਵਿਰੁੱਧ ਹੱਲਾ ਬੋਲਿਆ ਹੈ ਅਤੇ ਆਮ ਥਾਵਾਂ ’ਤੇ ਪੁਲਿਸ ਦੀ ਹੋਂਦ ਨੂੰ ਵਧਾਇਆ ਹੈ ਤਾਂ ਜੋ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਵੀ.ਵੀ.ਆਈ.ਪੀ. ਸੁਰੱਖਿਆ ਵਿੱਚ ਵੱਡੀ ਪੱਧਰ ’ਤੇ ਕਮੀਂ ਲਿਆਂਦੀ ਹੈ ਅਤੇ ਪੁਲਿਸ ਨੂੰ ਵਾਪਸ ਜਨ ਸੇਵਾ ਲਈ ਭੇਜਿਆ ਹੈ।

—PTC News