ਆਈਸੀਯੂ 'ਚ ਪਈ ਪੰਜਾਬ ਸਰਕਾਰ ਨੂੰ ਵਾਰ ਵਾਰ ਨਕਲੀ ਸਾਹਾਂ ਦੀ ਲੋੜ ਪੈ ਰਹੀ ਹੈ: ਬਿਕਰਮ ਮਜੀਠੀਆ

By Jashan A - September 13, 2019 9:09 pm

ਆਈਸੀਯੂ 'ਚ ਪਈ ਪੰਜਾਬ ਸਰਕਾਰ ਨੂੰ ਵਾਰ ਵਾਰ ਨਕਲੀ ਸਾਹਾਂ ਦੀ ਲੋੜ ਪੈ ਰਹੀ ਹੈ: ਬਿਕਰਮ ਮਜੀਠੀਆ,ਛਪਾਰ: ਆਪਣਾ ਅੱਧਾ ਕਾਰਜਕਾਲ ਮੁਕੰਮਲ ਹੁੰਦੇ ਹੀ ਪੰਜਾਬ ਸਰਕਾਰ ਆਈਸੀਯੂ ਅੰਦਰ ਚਲੀ ਗਈ ਹੈ ਅਤੇ ਹੁਣ ਇਸ ਨੂੰ ਬਚਾਉਣ ਲਈ ਵਾਰ ਵਾਰ ਨਕਲੀ ਸਾਹ ਦੇਣ ਦੀ ਲੋੜ ਪੈ ਰਹੀ ਹੈ।ਇਹ ਟਿੱਪਣੀਆਂ ਇੱਥੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੀਤੀਆਂ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਖਸਤਾ ਹਾਲਤ ਦਾ ਖੁਲਾਸਾ ਜਲਾਲਾਬਾਦ, ਦਾਖਾ, ਮੁਕੇਰੀਆਂ ਅਤੇ ਫਗਵਾੜਾ ਦੀਆਂ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਹੋ ਜਾਵੇਗਾ, ਜਿੱਥੇ ਕਾਂਗਰਸ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋਣ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਹਨਾਂ ਚਾਰ ਹਲਕਿਆਂ ਦੇ ਲੋਕੀਂ ਉਹ ਯੋਧੇ ਸਾਬਿਤ ਹੋਣਗੇ, ਜਿਹੜੇ ਸੱਤਾ ਵਿਚ ਆਉਣ ਲਈ ਪੰਜਾਬ ਦੇ ਲੋਕਾਂ ਨੂੰ ਠੱਗਣ ਵਾਲੀ ਕਾਂਗਰਸ ਪਾਰਟੀ ਦਾ ਕਿਲ੍ਹਾ ਢਾਹੁਣਗੇ। ਉਹਨਾਂ ਕਿਹਾ ਕਿ ਪੰਜਾਬੀ ਅਮਰਿੰਦਰ ਸਿੰਘ ਨੂੰ ਝੂਠ ਬੋਲਣ ਅਤੇ ਉਹਨਾਂ ਦੀ ਜ਼ਿੰਦਗੀਆਂ ਤਬਾਹ ਕਰਨ ਲਈ ਕਦੇਂ ਮੁਆਫ ਨਹੀਂ ਕਰਨਗੇ।

ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਈ ਕੈਬਨਿਟ ਮੀਟਿੰਗ ਦਾ ਹਵਾਲਾ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਸਿਵਾਇ ਸ਼ਾਮ ਸੁੰਦਰ ਅਰੋੜਾ, ਕਿਸੇ ਵੀ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਨਹੀਂ ਟੇਕਿਆ, ਜਿਸ ਤੋਂ ਇਸ ਪਾਰਟੀ ਦੇ ਹੰਕਾਰ ਦੀ ਝਲਕ ਮਿਲਦੀ ਹੈ, ਜਿਹੜੀ ਕਿ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕਰਨ ਅਤੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਇੰਦਰਾ ਗਾਂਧੀ ਵਾਲੀ ਕਾਂਗਰਸ ਦੇ ਪਰਛਾਂਵੇਂ ਵਿਚੋ ਅਜੇ ਬਾਹਰ ਨਹੀਂ ਆਈ ਹੈ।

ਮਜੀਠੀਆ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਅਤੇ ਹੋਰਾਂ ਖਿਲਾਫ ਕੇਸਾਂ ਨੂੰ ਦੁਬਾਰਾ ਖੋਲ੍ਹੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਹੁਣ ਸੋਨੀਆ ਗਾਂਧੀ ਦੀ ਵਾਰੀ ਹੈ ਕਿ ਕਾਂਗਰਸ ਦੇ ਪਾਪਾਂ ਦਾ ਪਛਤਾਵਾ ਕਰਨ ਲਈ ਤੁਰੰਤ ਕਮਲ ਨਾਥ ਨੂੰ ਪਾਰਟੀ ਵਿਚੋਂ ਕੱਢੇ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਸਾਰਿਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਸਪੱਸ਼ਟ ਹੋ ਜਾਵੇਗਾ ਕਿ ਕਾਂਗਰਸ ਪਾਰਟੀ ਅਜੇ ਵੀ ਸਿੱਖ-ਵਿਰੋਧੀ ਮਾਨਸਿਕਤਾ ਰੱਖਦੀ ਹੈ, ਜਿਸ ਵਿਚ ਤਬਦੀਲੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।

ਅਕਾਲੀ ਆਗੂ ਨੇ ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ਖਤਮ ਕਰਨ ਅਤੇ 312 ਵਿਅਕਤੀਆਂ ਨੂੰ ਪੰਜਾਬ ਆਉਣ ਲਈ ਵੀਜ਼ੇ ਦੇਣ ਦੀ ਆਗਿਆ ਦੇਣ ਦੇ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੀ ਸਰਕਾਰ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਹਰ ਸ਼ਰਧਾਲੂ ਕੋਲੋੰ 1400 ਰੁਪਏ ਸਰਵਿਸ ਟੈਕਸ ਨਾ ਲੈਣ ਲਈ ਜ਼ੋਰ ਪਾਵੇ।

ਉਹਨਾਂ ਕਿਹਾ ਕਿ ਜੇਕਰ ਪਾਕਿਸਤਾਨ ਟੈਕਸ ਲੈਣ 'ਤੇ ਅੜਿਆ ਰਹਿੰਦਾ ਹੈ ਤਾਂ ਪੰਜਾਬ ਸਰਕਾਰ ਇੱਹ ਟੈਕਸ ਆਪਣੇ ਖਜ਼ਾਨੇ ਵਿਚੋਂ ਅਦਾ ਕਰੇ, ਕਿਉਂਕਿ ਗਰੀਬ ਸ਼ਰਧਾਲੂ ਇਹ ਟੈਕਸ ਨਹੀਂ ਦੇ ਸਕਦੇ। ਉਹਨਾਂ ਕਿਹਾ ਕਿ ਆਪਣੀ ਐਸ਼ਪ੍ਰਸਤੀ ਉੱਤੇ ਕਰੋੜਾਂ ਰੁਪਏ ਖਰਚਣ ਵਾਲੀ ਪੰਜਾਬ ਸਰਕਾਰ ਇਸ ਨੇਕ ਕਾਰਜ ਲਈ ਇੰਨਾ ਯੋਗਦਾਨ ਅਸਾਨੀ ਨਾਲ ਪਾ ਸਕਦੀ ਹੈ।

ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਆਪਣੇ ਚੋਣ ਮੈਨੀਫੈਸਟੋ ਵਿਚ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਪਾਈ ਹੈ। ਉਹਨਾਂ ਕਿਹਾ ਕਿ ਹਰ ਘਰ ਵਿਚ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਬੇਰੁਜ਼ਗਾਰੀ ਭੱਤਾ ਹੁਣ ਸਭ ਦੂਰ ਦੀਆਂ ਗੱਲਾਂ ਜਾਪਦੀਆਂ ਹਨ, ਜਿਹਨਾਂ ਦੇ ਪੂਰੀਆਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਸਾਬਿਤ ਕਰਦੀਆਂ ਹਨ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਹੋਏ ਹਨ। ਉਹਨਾਂ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨਾਂ ਲਈ ਕਿਸਾਨਾਂ ਨੂੰ ਅਜੇ ਤਕ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ ਹੈ, ਕਿਉਂਕਿ ਸਰਕਾਰ ਕੋਲ ਕੋਈ ਪੈਸਾ ਨਹੀਂ ਹੈ।

ਮਜੀਠੀਆ ਨੇ ਕਿਹਾ ਕਿ ਦੂਜੇ ਪਾਸੇ ਸਰਕਾਰ ਕੋਲ ਸਲਾਹਕਾਰਾਂ ਦੀ ਫੌਜ ਦਾ ਬੋਝ ਚੁੱਕਣ ਲਈ ਬਹੁਤ ਫੰਡ ਹਨ। ਉਹਨਾਂ ਕਿਹਾ ਕਿ ਇਹ ਤਾਜ਼ੇ ਬਣੇ ਵਿਧਾਇਕ ਅਮਰਿੰਦਰ ਸਿੰਘ ਨੂੰ ਕੀ ਸਲਾਹ ਦੇ ਸਕਦੇ ਹਨ, ਜੋ ਕਿ ਦੋ ਵਾਰ ਮੁੱਖ ਮੰਤਰੀ ਬਣ ਚੁੱਕਿਆ ਹੈ ਅਤੇ ਕਿੰਨੇ ਵਾਰ ਵਿਧਾਨ ਸਭਾ ਅਤੇ ਸੰਸਦ ਲਈ ਚੁਣਿਆ ਜਾ ਚੁੱਕਿਆ ਹੈ।

-PTC News

adv-img
adv-img