Fri, Apr 19, 2024
Whatsapp

ਮਾਮਲਾ ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦਾ

Written by  Joshi -- April 06th 2018 07:16 PM
ਮਾਮਲਾ ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦਾ

ਮਾਮਲਾ ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦਾ

Char Sahibjaade Children's Day Celebration: ਮਾਮਲਾ ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦਾ ਪਰਵੇਸ਼ ਵਰਮਾ ਤੇ ਮਨਜਿੰਦਰ ਸਿਰਸਾ ਨੇ ਤਜਵੀਜ਼ ਦੀ ਹਮਾਇਤ 'ਚ ਸੰਸਦ ਮੈਂਬਰਾਂ ਦੇ ਹਸਤਾਖਰ ਕਰਵਾਉਣ ਦੀ ਮੁਹਿੰਮ ਆਰੰਭੀ ਹੁਣ ਤੱਕ 60 ਸੰਸਦ ਮੈਂਬਰਾਂ ਨੇ ਤਜਵੀਜ਼ ਦੀ ਹਮਾਇਤ ਕੀਤੀ : ਸਿਰਸਾ ਨਵੀਂ ਦਿੱਲੀ : ਦਿੱਲੀ ਦੇ ਮੈਂਬਰ ਪਾਰਲੀਮੈਂਟ ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਅਤੇ ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਤਜਵੀਜ਼ ਦੀ ਹਮਾਇਤ ਵਿਚ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਹਸਤਾਖਰ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਮਨਾਉਣ ਦੀ ਤਜਵੀਜ਼ ਦੀ ਹਮਾਇਤ ਕਰਨ ਦੇ ਕੀਤੇ ਵਚਨ ਅਨੁਸਾਰ ਵੱਖ ਵੱਖ ਸਿਆਸੀ ਪਾਰਟੀਆਂ ਦੇ 100 ਸੰਸਦ ਮੈਂਬਰਾਂ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਦੀ ਪ੍ਰਤੀਨਿਧਤਾ ਕਰਦੇ ਹਨ, ਦੇ ਹਸਤਾਖਰ ਕਰਵਾਉਣ ਦੀ ਮੁਹਿੰਮ ਆਰੰਭੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ 60 ਸੰਸਦ ਮੈਂਬਰ ਇਸ ਤਜਵੀਜ਼ ਦੇ ਹੱਕ ਵਿਚ ਹਸਤਾਖਰ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਖੇਤਰਾਂ ਦੇ 100 ਸੰਸਦ ਮੈਂਬਰਾਂ ਦੇ ਹਸਤਾਖਰ ਕਰਵਾ ਕੇ ਇਹ ਤਜਵੀਜ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸੌਂਪੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤਜਵੀਜ਼ ਵਿਚ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਜਾਵੇਗਾ ਕਿ ਇਹ ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੇ ਨਾਮ 'ਤੇ ਕਿਉਂ ਮਨਾਇਆ ਜਾਵੇ। ਉਹਨਾਂ ਦੱਸਿਆ ਕਿ 1964 ਤੋਂ ਪਹਿਲਾਂ ਬਾਲ ਦਿਵਸ ਭਾਰਤ ਵਿਚ ਸੰਯੁਕਤ ਰਾਸ਼ਟਰ ਦੀ ਸਿਫਾਰਸ਼ ਅਨੁਸਾਰ 20 ਨਵੰਬਰ ਨੂੰ ਹੀ ਮਨਾਇਆ ਜਾਂਦਾ ਸੀ ਜਿਸ ਮਗਰੋਂ ਇਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਨਾਮ 'ਤੇ ਮਨਾਇਆ ਜਾਣ ਲੱਗ ਪਿਆ ਕਿਉਂਕਿ ਬੱਚੇ ਪਿਆਰ ਨਾਲ ਉਹਨਾਂ ਨੂੰ ਚਾਚਾ ਨਹਿਰੂ ਪੁਕਾਰਦੇ ਸਨ। ਉਹਨਾਂ ਕਿਹਾ ਕਿ ਇਹ ਦਿਨ ਬੱਚਿਆਂ ਦੇ ਨਹਿਰੂ ਪ੍ਰਤੀ ਪਿਆਰ ਲਈ ਨਹੀਂ ਬਲਕਿ ਬੱਚਿਆਂ ਦੇ ਅਧਿਕਾਰਾਂ ਲਈ ਮਨਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਹਿਰੂ ਦੇ ਜਨਮ ਦਿਵਸ ਨੂੰ ਚਾਚਾ ਦਿਵਸ ਵਜੋਂ ਮਨਾਇਆ ਜਾ ਸਕਦਾ ਹੈ ਪਰ ਬਾਲ ਦਿਵਸ 26 ਦਸੰਬਰ ਨੂੰ ਮਨਾਇਆ ਜਾਣਾ ਚਾਹੀਦਾ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਰਹਿੰਦ ਵਿਖੇ ਸ਼ਹੀਦ ਹੋਏ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਬੱਚਿਆਂ ਨੂੰ ਉਹਨਾਂ ਦਾ ਹੌਂਸਲਾ ਚੇਤੇ ਕਰਵਾਇਆ ਜਾ ਸਕੇਗਾ ਤੇ ਅਧਿਕਾਰਾਂ ਲਈ ਜੂਝਣਾ ਸਿਖਾਇਆ ਜਾ ਸਕੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਇਹ ਵੀ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਪਹਿਲਾਂ ਹੀ ਤਜਵੀਜ਼ ਦੀ ਹਮਾਇਤ ਕਰ ਚੁੱਕੇ ਹਨ ਤੇ ਇਸਨੂੰ ਇਤਿਹਾਸਕ ਕਰਾਰ ਦੇ ਚੁੱਕੇ ਹਨ ਜੋ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਅਨੁਸਾਰ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਸੰਸਦ ਮੈਂਬਰਾਂ ਨੇ ਪੂਰੇ ਦਿਲੋਂ ਇਸ ਤਜਵੀਜ਼ ਦੀ ਹਮਾਇਤ ਕੀਤੀ ਹੈ ਤੇ ਹਸਤਾਖਰ ਕੀਤੇ ਹਨ। ਉਹਨਾਂ ਦੱਸਿਆ ਕਿ ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੰਸਦ ਮੈਂਬਰ ਤਜਵੀਜ਼ ਦੀ ਹਮਾਇਤ ਵਿਚ ਹਸਤਾਖ਼ਰ ਕਰ ਚੁੱਕੇ ਹਨ। ਸ੍ਰੀ ਸਿਰਸਾ ਨੇ ਕਿਹਾ ਕਿ ਉਹ ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਦੇ ਪਹਿਲਕਦਮੀ ਲਈ ਧੰਨਵਾਦੀ ਹਨ ਅਤੇ ਦੱਸਿਆ ਕਿ ਉਹ ਸ੍ਰੀ ਵਰਮਾ ਦੇ ਨਾਲ ਮਿਲ ਕੇ ਵੱਧ ਤੋਂ ਵੱਧ ਸੰਸਦ ਮੈਂਬਰਾਂ ਨੂੰ ਮਿਲ ਕੇ ਉਹਨਾਂ ਦੀ ਹਮਾਇਤ ਮੰਗਣਗੇ ਤੇ ਤਜਵੀਜ਼ ਦੇ ਹੱਕ ਵਿਚ ਸਮਰਥਨ ਜੁਟਾਉਣ ਵਾਸਤੇ ਵਿਦੇਸ਼ ਦੌਰਾ ਵੀ ਕਰਨਗੇ। ਉਹਨਾਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਦੁਨੀਆਂ ਵਿਚ ਕੋਈ ਬਰਾਬਰੀ ਨਹੀਂ ਮਿਲਦੀ ਜਿਹਨਾਂ ਨੇ ਮਨੁੱਖਤਾ ਤੇ ਦੇਸ਼ ਵਾਸਤੇ ਕੁਰਬਾਨੀ ਦਿੱਤੀ। ਉਹਨਾਂ ਕਿਹਾ ਕਿ ਬਾਲ ਦਿਵਸ ਉਹਨਾਂ ਦੇ ਨਾਮ 'ਤੇ ਮਨਾਉਣਾ ਸੱਚੀ ਸ਼ਰਧਾਂਜਲੀ ਹੋਵੇਗੀ। —PTC News


Top News view more...

Latest News view more...