ਮੁੱਖ ਖਬਰਾਂ

ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਦਿਲਚਸਪੀ ਘਟੀ, ਪਿਛਲੇ ਸਾਲ ਦੇ ਮੁਕਾਬਲੇ 2 ਲੱਖ ਦਾਖ਼ਲੇ ਘਟੇ

By Pardeep Singh -- July 19, 2022 11:37 am -- Updated:July 19, 2022 11:57 am

ਚੰਡੀਗੜ੍ਹ:ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦਾਖਲੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਸਰਕਾਰੀ ਸਕੂਲਾਂ 'ਚ ਕਰੀਬ ਦੋ ਲੱਖ ਦਾਖ਼ਲੇ ਘਟੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਇਸ ਵਾਰ ਪ੍ਰੀ ਪ੍ਰਾਇਮਰੀ ਤੋਂ ਬਾਰ੍ਹਵੀਂ ਕਲਾਸ ਤੱਕ ਕੁੱਲ 28.36 ਲੱਖ ਦਾਖ਼ਲੇ ਹੋਏ ਹਨ ਜਦੋਂ ਕਿ 2021-22 ਵਿਚ ਇਨ੍ਹਾਂ ਦਾਖ਼ਲਿਆਂ ਦੀ ਗਿਣਤੀ 30.40 ਲੱਖ ਸੀ। ਦਾਖ਼ਲਿਆਂ ਵਿਚ ਕਰੀਬ ਪੌਣੇ ਸੱਤ ਫੀਸਦੀ ਦੀ ਕਟੌਤੀ ਹੋ ਗਈ ਹੈ।

 ਤੁਹਾਨੂੰ ਦੱਸ ਦੇਈਏ ਕਿ 2016-17 ਵਿਚ ਸਰਕਾਰੀ ਸਕੂਲਾਂ ਵਿਚ 23.82 ਲੱਖ ਦਾਖ਼ਲੇ ਹੋਏ ਸਨ ਅਤੇ 2017-18 ਵਿਚ ਇਹ ਵੱਧ ਕੇ 24.34 ਲੱਖ ਹੋ ਗਏ ਸਨ। ਇਸੇ ਤਰ੍ਹਾਂ 2020-21 ਵਿਚ ਦਾਖ਼ਲਿਆਂ ਦਾ ਅੰਕੜਾ ਵੱਧ ਕੇ 27.20 ਲੱਖ 'ਤੇ ਪੁੱਜ ਗਿਆ ਸੀ।

14 ਜੁਲਾਈ ਨੂੰ ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ ਨੇ ਮੀਟਿੰਗ ਕਰਕੇ ਹੇਠਲੇ ਸਿੱਖਿਆ ਅਫਸਰਾਂ ਨਾਲ ਗੱਲਬਾਤ ਕੀਤੀ ਅਤੇ ਦਾਖਲਿਆ ਬਾਰੇ ਚਰਚਾ ਕੀਤੀ ਗਈ। ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ਦੇ ਘਟਦੇ ਕ੍ਰਮ ਨੇ ਪ੍ਰਾਈਵੇਟ ਸਕੂਲਾਂ ਨੂੰ ਅੰਦਰੋਂ ਅੰਦਰੀਂ ਢਾਰਸ ਦਿੱਤੀ ਹੋਵੇਗੀ । ਪਿਛਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਉਤਸ਼ਾਹ ਭਰੇ ਰਹੇ ਹਨ ਅਤੇ ਸਮਾਰਟ ਸਕੂਲ ਵੀ ਵੱਡੀ ਗਿਣਤੀ ਵਿਚ ਬਣੇ ਹਨ |

ਨਿਯਮਾਂ ਮੁਤਾਬਿਕ 30 ਬੱਚਿਆਂ ਪਿੱਛੇ ਇੱਕ ਅਧਿਆਪਕ ਦਾ ਅਨੁਪਾਤ ਹੈ। ਜੇਕਰ 2.04 ਲੱਖ ਦਾਖ਼ਲੇ ਨਾ ਘਟਦੇ ਤਾਂ ਕਰੀਬ ਸੱਤ ਹਜ਼ਾਰ ਨਵੇਂ ਅਧਿਆਪਕਾਂ ਲਈ ਰੁਜ਼ਗਾਰ ਪੈਦਾ ਹੋਣਾ ਸੀ। ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਦਾਖ਼ਲੇ ਦੇਖੀਏ ਤਾਂ ਪਿਛਲੇ ਵਰ੍ਹੇ ਦੇ ਮੁਕਾਬਲੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿਚ ਦਾਖ਼ਲੇ ਵਧੇ ਨਹੀਂ ਹਨ। ਇਕੱਲਾ ਫਿਰੋਜ਼ਪੁਰ ਜ਼ਿਲ੍ਹਾ ਹੈ ਜਿਥੇ ਸਭ ਤੋਂ ਘੱਟ 3.44 ਫੀਸਦੀ ਦਾਖ਼ਲੇ ਘਟੇ ਹਨ ਜਦੋਂ ਕਿ ਸਭ ਤੋਂ ਵੱਡੀ ਕਟੌਤੀ ਬਰਨਾਲਾ ਜ਼ਿਲ੍ਹੇ ਵਿਚ 11.85 ਫੀਸਦੀ ਦੀ ਹੋਈ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਖ਼ਲੇ ਘਟਣ ਦੀ ਗੱਲ ਨੂੰ ਕਬੂਲਦਿਆਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਪਰਵਾਸੀ ਲੋਕ ਆਪਣੇ ਸੂਬਿਆਂ ਵਿਚ ਚਲੇ ਗਏ ਜਿਨ੍ਹਾਂ ਦੇ ਬੱਚਿਆਂ ਦੀ ਗਿਣਤੀ ਸਕੂਲਾਂ ਵਿਚ ਘਟ ਗਈ। ਕੋਵਿਡ ਦੌਰਾਨ ਹੀ ਇੱਥੋਂ ਦੇ ਮਾਪਿਆਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ’ਚੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਏ ਸਨ, ਉਹ ਬੱਚੇ ਵੀ ਹੁਣ ਵਾਪਸ ਪ੍ਰਾਈਵੇਟ ਸਕੂਲਾਂ ਵਿਚ ਚਲੇ ਗਏ ਹਨ।ਾ।  ਬੈਂਸ ਨੇ ਕਿਹਾ ਕਿ ਇਸ ਘਾਟੇ ਨੂੰ ਪੂਰਨ ਲਈ ਉਹ ਅਗਲੇ ਵਰ੍ਹੇ ਦਾਖ਼ਲਿਆਂ ਦੇ ਰਿਕਾਰਡ ਤੋੜ ਦੇਣਗੇ।

ਵਿੱਦਿਅਕ ਵਰ੍ਹਾ ਬੱਚਿਆਂ ਦੀ ਗਿਣਤੀ

2016-17 23.82 ਲੱਖ
2017-18 24.34 ਲੱਖ
2020-21 27.20 ਲੱਖ
2021-22 30.40 ਲੱਖ
2022-23 28.36 ਲੱਖ

ਇਹ ਵੀ ਪੜ੍ਹੋ:ਕਿਸਾਨ ਯੂਨੀਅਨਾਂ ਵੱਲੋਂ ਵੱਡਾ ਐਲਾਨ, ਇਸ ਦਿਨ ਦਿੱਲੀ ’ਚ ਮੁੜ ਲੱਗੇਗਾ ਧਰਨਾ !

-PTC News

  • Share