ਮਹਿੰਗਾ ਜਾਂ ਸਸਤਾ ਨਹੀਂ, ਸਹੀ ਤੇ ਪੌਸ਼ਟਿਕ ਭੋਜਨ ਚੁਣੋ

Choose healthy food Natural health

ਸਾਡੀ ਸਿਹਤ ਅਤੇ ਸਾਡੇ ਸਰੀਰ ਦੀ ਸੰਭਾਲ ਲਈ ਅਸੀਂ ਅਕਸਰ ਚਿੰਤਾ ਜ਼ਾਹਰ ਕਰਦੇ ਹਾਂ, ਪਰ ਸਰੀਰ ’ਤੇ ਪੈ ਸਕਣ ਵਾਲੇ ਗ਼ਲਤ ਪ੍ਰਭਾਵਾਂ ਬਾਰੇ ਵਿਚਾਰ ਕੀਤੇ, ਅਸੀਂ ਅਜਿਹੇ ਭੋਜਨ ਪਦਾਰਥਾਂ ਦੀ ਚੋਣ ਕਰ ਲੈਂਦੇ ਹਾਂ, ਜਿਸ ਵਿੱਚ ਨਮਕ, ਖੰਡ ਤੇ ਹੋਰਨਾਂ ਤੱਤਾਂ ਦੀ ਮਾਤਰਾ ਲੋੜ ਨਾਲੋਂ ਵਧੇਰੇ ਹੁੰਦੀ ਹੈ ਅਤੇ ਪੋਸ਼ਣ ਦੇ ਨਾਂ ’ਤੇ ਇਨ੍ਹਾਂ ਭੋਜਨ ਪਦਾਰਥਾਂ ਵਿੱਚ ਕੁਝ ਵੀ ਨਹੀਂ ਹੁੰਦਾ। ਇਸ ਦਾ ਸਾਡੇ ਸਰੀਰ ਉੱਤੇ ਬੁਰਾ ਅਸਰ ਪੈਂਦਾ ਹੈ ਤੇ ਬੱਚਿਆਂ ਦੀ ਸਿਹਤ ਲਈ ਇਹ ਕਈ ਵਾਰ ਬਹੁਤ ਬੁਰਾ ਪ੍ਰਭਾਵ ਪਾ ਸਕਦੇ ਹਨ। ਸਹੀ ਭੋਜਨ ਦੀ ਚੋਣ ਅਤੇ ਖਾਣ-ਪੀਣ ਸੰਬੰਧੀ ਸਹੀ ਖੁਰਾਕੀ ਸਿਫ਼ਾਰਿਸ਼ਾਂ ਬਾਰੇ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ ਤਾਂ ਕਿ ਜੀਵਨ ਸ਼ੈਲੀ ‘ਚ ਉਸਾਰੂ ਬਦਲਾਅ ਆਉਣ ਅਤੇ ਸਰੀਰ ਨੂੰ ਤੰਦਰੁਸਤੀ ਦੀ ਪ੍ਰਾਪਤੀ ਹੋਵੇ।
Choose healthy food Natural health

ਮੈਦੇ ਦੀ ਥਾਂ ਕਣਕ ਦੇ ਅਣਛਾਣੇ ਆਟੇ ਦੀ ਵਰਤੋਂ

ਮੈਦਾ ਕਣਕ ਦੇ ਆਟੇ ਨੂੰ ਕਈ ਵਾਰੀ ਛਾਣ ਕੇ ਤਿਆਰ ਕੀਤਾ ਜਾਂਦਾ ਹੈ, ਜਦੋਂ ਕਿ ਕਣਕ ਦੇ ਆਟੇ ਨੂੰ ਤਿਆਰ ਕਰਨ ਲਈ ਕਣਕ ਦੀ ਸਿਰਫ਼ ਪਿਸਾਈ ਕੀਤੀ ਜਾਂਦੀ ਹੈ, ਇਸ ਕਰ ਕੇ ਮੈਦੇ ਅਤੇ ਕਣਕ ਦੇ ਆਟੇ ਦੀ ਪੌਸ਼ਟਿਕਤਾ ਵਿੱਚ ਵੱਡਾ ਅੰਤਰ ਹੁੰਦਾ ਹੈ। ਕਣਕ ਦੇ ਆਟੇ ਵਿੱਚ ਚੋਕਰ (ਆਟੇ ਦਾ ਛਾਣ) ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਹੜਾ ਕਿ ਖੁਰਾਕੀ ਰੇਸ਼ੇ, ਵਿਟਾਮਿਨ ਅਤੇ ਖਣਿਜ ਪਦਾਰਥ ਜਿਵੇਂ ਕਿ ਬੀ-ਕੰਪਲੈਕਸ, ਮੈਗਨੀਸ਼ੀਅਮ ਅਤੇ ਮੈਗਨੀਜ਼ ਦਾ ਇੱਕ ਵਧੀਆ ਸੋਮਾ ਹੈ। ਇਸ ਨੂੰ ਛਾਨਣ ਨਾਲ ਕਣਕ ਦੇ ਦਾਣੇ ਦਾ ਛਿਲਕਾ ਕਾਫ਼ੀ ਮਾਤਰਾ ਵਿੱਚ ਨਸ਼ਟ ਹੋ ਜਾਂਦਾ ਹੈ, ਤੇ ਪੌਸ਼ਟਿਕਤਾ 40 ਫ਼ੀਸਦੀ ਤੱਕ ਘੱਟ ਹੋ ਜਾਂਦੀ ਹੈ। ਮੈਦੇ ਵਿੱਚ ਛਾਣ ਬਹੁਤ ਹੀ ਘੱਟ ਮਾਤਰਾ ਵਿਚ ਹੁੰਦਾ, ਜਿਸ ਕਰ ਕੇ ਮੈਦੇ ਵਿੱਚ ਖੁਰਾਕੀ ਰੇਸ਼ੇ (ਫ਼ਾਈਬਰ) ਨਾ ਮਾਤਰ ਹੀ ਮੌਜੂਦ ਹੁੰਦੇ ਹਨ। ਖੁਰਾਕੀ ਰੇਸ਼ੇ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਸਹੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖੁਰਾਕੀ ਰੇਸ਼ੇ ਦਿਲ ਦੇ ਰੋਗਾਂ ਦਾ ਵੀ ਖ਼ਤਰਾ ਘੱਟ ਕਰਦੇ ਹਨ।
Choose healthy food Natural health

ਰਿਫ਼ਾਇੰਡ ਤੇਲ ਦੀ ਬਜਾਏ ਦੇਸੀ ਘਿਓ ‘ਚ ਪਕਾਓ ਖਾਣਾ

ਭਾਰਤੀ ਰਸੋਈਆਂ ਵਿੱਚ, ਅਤੇ ਪੰਜਾਬ ਦੇ ਲੋਕਾਂ ਦੀ ਖੁਰਾਕ ‘ਚ ਦੇਸੀ ਘਿਓ ਬਹੁਤ ਹੀ ਪ੍ਰਚਲਿਤ ਅਤੇ ਹਰਮਨ ਪਿਆਰਾ ਚਰਬੀ ਦਾ ਸਰੋਤ ਹੈ, ਪਰ ਆਧੁਨਿਕ ਸਮੇਂ ਦੀਆਂ ਕੁਝ ਗਲਤ ਧਾਰਨਾਵਾਂ ਕਰ ਕੇ ਬਹੁਤ ਲੋਕ ਇਸ ਨੂੰ ਖਾਣ ਤੋਂ ਗੁਰੇਜ਼ ਕਰਦੇ ਹਨ। ਜ਼ਿਆਦਾਤਰ ਲੋਕ ਟੀਵੀ ‘ਤੇ ਦਿਖਾਈਆਂ ਜਾਂਦੀਆਂ ਮਸ਼ਹੂਰੀਆਂ ਤੋਂ ਪ੍ਰਭਾਵਿਤ ਹੋ ਕੇ ਰਿਫ਼ਾਇੰਡ ਤੇਲ ਨੂੰ ਤਰਜੀਹ ਦਿੰਦੇ ਹਨ। ਵੱਖੋ-ਵੱਖ ਕਿਸਮ ਦੇ ਰਿਫ਼ਾਇੰਡ ਤੇਲਾਂ ਦੀ ਰੋਜ਼ਾਨਾ ਵਰਤੋਂ ਕਾਰਨ ਲੋਕਾਂ ਵਿੱਚ ਜਿਗਰ, ਦਿਲ, ਹੱਡੀਆਂ ਅਤੇ ਗੁਰਦੇ ਦੀਆਂ ਬਿਮਾਰੀਆਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ। ਦੇਸੀ ਘਿਓ ਨਾ ਸਿਰਫ਼ ਭੋਜਨ ਦੇ ਸਵਾਦ ਨੂੰ ਵਧਾਉਂਦਾ ਹੈ, ਬਲਕਿ ਇਸ ਵਿੱਚ ਮੌਜੂਦ ਲਾਹੇਵੰਦ ਫੈਟੀ ਐਸਿਡ ਜਿਵੇਂ ਕਿ ਓਮੇਗਾ-6 ਸਰੀਰ ਨੂੰ ਨਰੋਆ ਅਤੇ ਮਜ਼ਬੂਤ ਬਣਾਉਂਦੇ ਹਨ। ਦੇਸੀ ਘਿਓ ਸਰੀਰ ਅੰਦਰੋਂ ਤੇਜ਼ਾਬੀਪਨ ਨੂੰ ਘਟਾਉਂਦਾ ਹੈ ਅਤੇ ਇਹ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਕੇ ਨਿਰੋਗਤਾ ਪ੍ਰਦਾਨ ਕਰਦਾ ਹੈ। ਦੇਸੀ ਘਿਓ ’ਚੋਂ ਮਿਲਣ ਵਾਲੀ ਊਰਜਾ (9 ਕਿਲੋ ਕੈਲੋਰੀ/ ਗ੍ਰਾਮ) ਰਿਫ਼ਾਇੰਡ ਤੇਲਾਂ ਦੇ ਬਰਾਬਰ ਹੁੰਦੀ ਹੈ। ਰਿਫ਼ਾਇੰਡ ਤੇਲਾਂ ਦੀ ਬਜਾਏ ਆਪਣੀ ਰੋਜ਼ਾਨਾ ਖੁਰਾਕ ਵਿੱਚ ਦੇਸੀ ਘਿਓ ਅਤੇ ਕੱਚੀ ਘਾਣੀ ਦੇ ਤੇਲ ਦੀ ਸਹੀ ਮਾਤਰਾ ਵਿੱਚ ਵਰਤੋਂ ਕਰਨਾ ਇੱਕ ਸਿਹਤਮੰਦ ਬਦਲ ਹੈ।
Choose healthy food Natural health

ਮਿਠਾਸ ਲਈ ਚੀਨੀ ਦੀ ਥਾਂ ਵਰਤੋ ਗੁੜ ਜਾਂ ਸ਼ੱਕਰ

ਖੰਡ ਅਤੇ ਗੁੜ ਦੋਵੇਂ ਹੀ ਗੰਨੇ ਦੇ ਜੂਸ ਤੋਂ ਬਣਾਏ ਜਾਂਦੇ ਹਨ ਅਤੇ ਸਰੀਰ ਨੂੰ ਇੱਕੋ ਜਿਹੀ ਊਰਜਾ (4 ਕਿਲੋ ਕੈਲੋਰੀ/ਗ੍ਰਾਮ) ਪ੍ਰਦਾਨ ਕਰਦੇ ਹਨ, ਪਰ ਇਨ੍ਹਾਂ ਨੂੰ ਬਣਾਉਣ ਦੇ ਤਰੀਕੇ ਵਿੱਚ ਅੰਤਰ ਹੁੰਦਾ ਹੈ। ਖੰਡ ਬਣਾਉਣ ਲਈ ਗੰਨੇ ਦੇ ਰਸ ਨੂੰ ਉਬਾਲਿਆ ਜਾਂਦਾ ਹੈ ਅਤੇ ਇਸਨੂੰ ਚਾਰਕੋਲ ਨਾਲ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਤਾਂ ਜੋ ਖੰਡ ਨੂੰ ਸਾਫ਼ ਅਤੇ ਪਾਰਦਰਸ਼ੀ ਰੂਪ ਦਿੱਤਾ ਜਾ ਸਕੇ, ਪਰ ਗੁੜ ਬਣਾਉਣ ਵੇਲੇ ਗੰਨੇ ਦੇ ਰਸ ਨੂੰ ਲਗਾਤਾਰ ਕਈ ਘੰਟਿਆਂ ਲਈ ਗਰਮ ਕੀਤਾ ਜਾਂਦਾ ਹੈ। ਇਸਦਾ ਗਾੜ੍ਹਾ ਪੇਸਟ ਤਿਆਰ ਕਰ ਕੇ ਗੁੜ ਦਾ ਰੂਪ ਦਿੱਤਾ ਜਾਂਦਾ ਹੈ। ਗੁੜ ਬਣਾਉਣ ਲਈ ਕਿਸੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਖੰਡ ਬਣਾਉਣ ਲਈ ਇਸ ਨੂੰ ਬਹੁਤ ਸਖ਼ਤ ਵਿਧੀਆਂ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਕਾਰਨ ਖੰਡ ਵਿਚਲੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਤੋਂ ਉਲਟ ਗੁੜ ਵਿੱਚ ਖੁਰਾਕੀ ਰੇਸ਼ੇ, ਲੋਹਾ ਅਤੇ ਹੋਰ ਖਣਿਜ ਪਦਾਰਥ ਮੌਜੂਦ ਹੁੰਦੇ ਹਨ, ਜਿਹੜੇ ਸਾਹ ਨਾਲ ਸਬੰਧਿਤ ਬਿਮਾਰੀਆਂ ਤੋਂ ਸਰੀਰ ਨੂੰ ਬਚਾਉਂਦੇ ਹਨ। ਪੌਸ਼ਟਿਕਤਾ ਦੇ ਆਧਾਰ ’ਤੇ ਗੁੜ ਜਾਂ ਸ਼ੱਕਰ, ਖੰਡ ਦੀ ਬਜਾਏ ਮਿਠਾਸ ਅਤੇ ਊਰਜਾ ਦਾ ਉੱਤਮ ਸੋਮਾ ਹਨ।

ਵੋਟ ਕਰਨ ਲਈ ਕਲਿਕ ਕਰੋ ਇਹ ਲਿੰਕ :https://www.ptcnews.tv/poll-question-26-7-2020p/

ਕਾਰਬੋਨੇਟਿਡ ਪਦਾਰਥਾਂ ਦੀ ਥਾਂ ਅਪਣਾਓ ਪੀਣ ਵਾਲੇ ਰਵਾਇਤੀ ਪਦਾਰਥ

ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਵਿੱਚੋਂ ਕਈਆਂ ਵਿੱਚ ਊਰਜਾ ਤੋਂ ਇਲਾਵਾ ਕੋਈ ਪੌਸ਼ਟਿਕ ਤੱਤ ਨਹੀਂ ਹੁੰਦੇ। ਇੱਕ 300 ਮਿ.ਲੀ. ਦੇ ਕੈਨ ਵਿੱਚ ਦਸ ਛੋਟੇ ਚਮਚ ਖੰਡ ਅਤੇ ਫਾਸਫੋਰਿਕ ਐਸਿਡ ਮੌਜੂਦ ਹੁੰਦੇ ਹਨ। ਫੋਸਫੋਰਿਕ ਐਸਿਡ ਨਾਲ ਸਰੀਰ ਵਿਚ ਡੋਪਾਮਾਈਨ ਨਾਮ ਦਾ ਹਾਰਮੋਨ ਵਧੇਰੇ ਮਾਤਰਾ ਵਿੱਚ ਬਣਨਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਹਾਰਮੋਨ ਦੇ ਵਧਦੇ ਪੱਧਰ ਨਾਲ ਸਰੀਰ ਨੂੰ ਕਈ ਵਾਰ ਊਰਜਾਵਾਨ ਤੇ ਅਨੰਦਮਈ ਸਥਿਤੀ ਦਾ ਅਹਿਸਾਸ ਹੁੰਦਾ ਹੈ। ਅੱਜ ਕੱਲ੍ਹ ਨੌਜਵਾਨਾਂ ਵਿੱਚ ਇਨਰਜੀ ਡਰਿੰਕਸ ਨੌਜਵਾਨਾਂ ਵਿੱਚ ਬਹੁਤ ਚਲਨ ਵਿੱਚ ਹਨ, ਪਰ ਇਨ੍ਹਾਂ ਦੀ ਰੋਜ਼ਾਨਾ ਖਪਤ ਸਰੀਰ ਲਈ ਬਹੁਤ ਹਾਨੀਕਾਰਕ ਹੈ। ਇਸ ਦੇ ਉਲਟ, ਪੀਣ ਵਾਲੇ ਰਵਾਇਤੀ ਪਦਾਰਥ ਜਿਵੇਂ ਕਿ ਦੁੱਧ, ਸ਼ੇਕ, ਕੇਸਰ ਵਾਲਾ ਦੁੱਧ, ਮਿਲਕ ਬਦਾਮ, ਨਿੰਬੂ ਪਾਣੀ, ਠੰਡਿਆਈ, ਲੱਸੀ, ਜਲਜ਼ੀਰਾ, ਕਾਂਜੀ, ਸੱਤੂ, ਨਾਰੀਅਲ ਪਾਣੀ ਸਾਨੂੰ ਸੁਆਦ ਤੋਂ ਇਲਾਵਾ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ। ਇਹ ਪੀਣ ਵਾਲੇ ਪਦਾਰਥ ਕਿਫ਼ਾਇਤੀ ਤੇ ਅਸਾਨੀ ਨਾਲ ਘਰ ਵਿੱਚ ਤਿਆਰ ਕੀਤੇ ਜਾ ਸਕਦੇ ਹਨ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਕੈਲਸ਼ੀਅਮ, ਪ੍ਰੋਟੀਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ ਅਤੇ ਵਿਟਾਮਿਨ ਬੀ 12 ਦਾ ਇੱਕ ਚੰਗਾ ਸੋਮਾ ਹਨ। ਲੱਸੀ ਵਿੱਚ ਵੀ ਵਿਟਾਮਿਨ ਬੀ ਕੰਪਲੈਕਸ, ਪ੍ਰੋਟੀਨ, ਕੈਲਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਤੇਜ਼ਾਬ ਬਣਨਾ, ਡਾਇਰੀਆ ਆਦਿ ਵਿੱਚ ਲੱਸੀ ਪੀਣ ਨਾਲ ਕਾਫ਼ੀ ਲਾਭ ਮਿਲਦਾ ਹੈ। ਕਾਂਜੀ ਦਾ ਇੱਕ ਗਲਾਸ ਰੋਜ਼ਾਨਾ ਪੀਣ ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ। ਰੋਜ਼ਾਨਾ 120 ਮਿਲੀਲਿਟਰ ਨਿੰਬੂ ਦਾ ਰਸ 2 ਲਿਟਰ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਪਥਰੀ ਵਰਗੀਆਂ ਕਈ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦੀ ਹੈ।

ਡੱਬਾ ਬੰਦ ਜੂਸ ਦੀ ਬਜਾਏ ਚੁਣੋ ਫ਼ਲਾਂ ਦਾ ਤਾਜ਼ਾ ਜੂਸ

ਫ਼ਲਾਂ ਦੇ ਜੂਸ ਵਿੱਚ ਵਿਟਾਮਿਨ ਸੀ, ਫੌਲਿਕ ਐਸਿਡ, ਵਿਟਾਮਿਨ ਬੀ 1, ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਰੀਰ ਦੀ ਤੰਦਰੁਸਤੀ ਕਾਇਮ ਰੱਖਣ ਲਈ ਸਹਾਇਕ ਹਨ ਪਰ ਡੱਬਾ ਬੰਦ ਜੂਸ ਨੂੰ ਪ੍ਰੋਸੈਸਿੰਗ ਦੌਰਾਨ ਗਰਮ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਦੇ ਸਾਰੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਨਾਲ ਹੀ, ਜਿਸ ਧਾਤ ਦੇ ਡੱਬੇ ਵਿੱਚ ਇਨ੍ਹਾਂ ਨੂੰ ਪੈਕ ਕੀਤਾ ਜਾਂਦਾ ਹੈ, ਜੂਸ ਦੇ ਤੇਜ਼ਾਬੀਪਣ ਕਾਰਨ ਧਾਤ ਖੁਰ ਕੇ ਜੂਸ ਵਿੱਚ ਮਿਕਸ ਹੋ ਜਾਂਦੀ ਹੈ ਅਤੇ ਪੌਸ਼ਟਿਕਤਾ ਪੱਖੋਂ ਜੂਸ ਪੀਣ ਲਾਇਕ ਨਹੀਂ ਰਹਿੰਦਾ। ਜੂਸ ਦੀਆਂ ਛੋਟੀਆਂ ਪੈਕਿੰਗਾਂ ਨੂੰ ਗੱਤੇ ਦੇ ਡੱਬੇ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਡੱਬਿਆਂ ਨੂੰ ਟ੍ਰਾਂਸਪੋਰਟ ਦੌਰਾਨ ਤੇ ਦੁਕਾਨ ਵਿੱਚ ਰੱਖਣ ਵੇਲੇ ਧੁੱਪ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਜੂਸ ਅੰਦਰਲੇ ਕੁਦਰਤੀ ਰੂਪ ਵਿੱਚ ਮੌਜੂਦ ਐਨਜ਼ਾਇਮ ਨਸ਼ਟ ਹੋ ਜਾਂਦੇ ਹਨ, ਜਦੋਂ ਕਿ ਤਾਜ਼ੇ ਫ਼ਲਾਂ ਦੇ ਰਸ ਵਿੱਚ ਅਜਿਹਾ ਨਹੀਂ ਹੁੰਦਾ। ਤਾਜ਼ੇ ਫਲਾਂ ਦੇ ਰਸ ਵਿੱਚ ਮੌਜੂਦ ਪੌਸ਼ਟਿਕ ਤੱਤ ਸਰੀਰ ਨੂੰ ਤੰਦਰੁਸਤ ਰੱਖਣ, ਤਾਜ਼ਗੀ ਪ੍ਰਦਾਨ ਕਰਨ, ਪਾਚਨ ਪ੍ਰਣਾਲੀ, ਬਿਮਾਰੀਆਂ ਨੂੰ ਦੂਰ ਰੱਖਣ ਅਤੇ ਨਵੇਂ ਸੈਲਾਂ ਦੀ ਲਗਾਤਾਰ ਬਣਤਰ ਆਦਿ ਦੇ ਸੰਚਾਲਨ ਅਤੇ ਸਥਾਈ ਰੱਖਣ ਵਿੱਚ ਬੜੇ ਲਾਹੇਵੰਦ ਸਾਬਤ ਹੁੰਦੇ ਹਨ।

ਜੰਕ ਫ਼ੂਡ ਛੱਡੋ, ਰਵਾਇਤੀ ਪੌਸ਼ਟਿਕ ਸਨੈਕਸ ਖਾਓ

ਰਫ਼ਤਾਰ ਭਰੇ ਆਧੁਨਿਕ ਜੀਵਨ ਵਿੱਚ ਆਪਸੀ ਮੇਲ-ਜੋਲ ਅਤੇ ਖੁਸ਼ੀ ਦੇ ਮੌਕਿਆਂ ‘ਤੇ ਸਾਡੇ ਪਰਿਵਾਰਾਂ ਵਿੱਚ ਰਵਾਇਤੀ ਪੌਸ਼ਟਿਕ ਸਨੈਕਸ ਦੀ ਥਾਂ ਜੰਕ ਫ਼ੂਡ ਨੇ ਲੈ ਲਈ ਹੈ। ਅੱਜ ਦੇ ਸਮਾਜ ਵਿੱਚ ਹਰ ਉਮਰ ਅਤੇ ਵਰਗ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਵੀ ਇਸ ਬਦਲਾਅ ਨਾਲ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਜੰਕ ਫ਼ੂਡ ਖਾਣ ਦੀ ਇਸ ਸਿਹਤ ਵਿਰੋਧੀ ਆਦਤ ਨੂੰ ਆਰਥਿਕ ਸਥਿਤੀ ਨਾਲ ਜੋੜਿਆ ਜਾ ਰਿਹਾ ਹੈ। ਇਨ੍ਹਾਂ ਮਹਿੰਗੇ ਅਤੇ ਪੋਸ਼ਣ ਰਹਿਤ ਪਕਵਾਨਾਂ ਨੂੰ ਖਾਣਾ ਇੱਕ ਫੈਸ਼ਨ ਸਮਝਿਆ ਜਾਂਦਾ ਹੈ। ਇਹ ਆਦਤ ਬੱਚਿਆਂ ਦੀ ਸਿਹਤ ’ਤੇ ਬਹੁਤ ਬੁਰਾ ਅਸਰ ਪਾ ਰਹੀ ਹੈ, ਜਿਸ ਦਾ ਮੁੱਖ ਕਾਰਨ ਜੰਕ ਫ਼ੂਡ ਜਿਵੇਂ ਕਿ ਪੀਜ਼ਾ, ਬਰਗਰ ਆਦਿ ਨੂੰ ਬਣਾਉਣ ਵਿਚ ਵਰਤੀ ਜਾਂਦੀ ਸਮੱਗਰੀ ਮੈਦਾ, ਵੱਧ ਨਮਕ ਅਤੇ ਤੇਲ ਆਦਿ ਹੈ। ਜਿਨ੍ਹਾਂ ਦੇ ਲਗਾਤਾਰ ਅਤੇ ਵਧੇਰੇ ਮਾਤਰਾ ਵਿੱਚ ਸੇਵਨ ਕਰਨ ਨਾਲ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਆਦਿ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਜੰਕ ਫ਼ੂਡ ਬੱਚਿਆਂ ਦੇ ਦਿਮਾਗ ’ਤੇ ਨਸ਼ੇ ਦੀ ਤਰ੍ਹਾਂ ਬਹੁਤ ਮਾੜਾ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਨਾਲ ਅਸੀਂ ਸਿਹਤਮੰਦ ਭੋਜਨ ਪਦਾਰਥ ਜਿਵੇਂ ਕਿ ਫ਼ਲ, ਸਲਾਦ ਆਦਿ ਖਾਣ ਤੋਂ ਵੀ ਵਾਂਝੇ ਰਹਿ ਜਾਂਦੇ ਹਾਂ। ਇਸ ਦੇ ਮੁਕਾਬਲੇ ਰਵਾਇਤੀ ਸਨੈਕਸ ਜਿਵੇਂ ਕਿ ਪੰਜਾਬੀ ਚੂਰੀ, ਮਾਲ-ਪੂੜੇ, ਖੀਰ, ਦਹੀਂ ਭੱਲਾ, ਵੜਾ, ਪੰਜੀਰੀ, ਪਿੰਨੀ, ਹਲਵਾ, ਗੱਚਕ, ਲੱਡੂ, ਸੇਵੀਆਂ, ਗਜਰੇਲਾ, ਗੁਲਗੁਲੇ ਆਦਿ ਨਾ ਸਿਰਫ਼ ਸਰੀਰ ਨੂੰ ਉਰਜਾ ਪ੍ਰਦਾਨ ਕਰਦੇ ਹਨ, ਬਲਕਿ ਇਨ੍ਹਾਂ ਨੂੰ ਬਣਾਉਣ ਲਈ ਵਰਤੇ ਜਾਂਦੇ ਆਸਾਨ ਅਤੇ ਸਹੀ ਤਰੀਕੇ ਨਾਲ ਇਨ੍ਹਾਂ ਪਕਵਾਨਾਂ ਦੀ ਪੌਸ਼ਟਿਕਤਾ ਵੀ ਬਚੀ ਰਹਿੰਦੀ ਹੈ। ਰਵਾਇਤੀ ਸਨੈਕਸ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ ਅਤੇ ਖੁਰਾਕੀ ਰੇਸ਼ੇ ਵੀ ਮੌਜੂਦ ਹੁੰਦੇ ਹਨ।