ਮੁੱਖ ਖਬਰਾਂ

ਪੰਜਾਬ ਦੀਆਂ 2 ਕੇਂਦਰੀ ਜੇਲ੍ਹਾਂ 'ਚ ਆਪਸ ਵਿਚ ਭਿੜੇ ਗੈਂਗਸਟਰ, ਕਈਆਂ ਖ਼ਿਲਾਫ਼ ਮਾਮਲਾ ਦਰਜ

By Jasmeet Singh -- August 01, 2022 8:42 am -- Updated:August 01, 2022 10:18 am

ਬਠਿੰਡਾ/ਗੁਰਦਸਪੁਰ, 1 ਅਗਸਤ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸ਼ਾਰਪ ਸ਼ੂਟਰਾਂ ਨੂੰ ਕਾਰ ਤੱਕ ਪਹੁੰਚਾਉਣ ਵਾਲੇ ਗੈਂਗਸਟਰ ਸਾਰਜ ਮਿੰਟੂ ਉਰਫ਼ ਸਾਰਜ ਸੰਧੂ ਅਤੇ ਬੌਬੀ ਮਹਲੋਤਰਾ ਉਰਫ਼ ਸਾਗਰ ਦੀ 30 ਜੁਲਾਈ ਨੂੰ ਕੇਂਦਰੀ ਜੇਲ੍ਹ ਵਿੱਚ ਕੁੱਟਮਾਰ ਕੀਤੀ ਗਈ ਸੀ। ਇਹ ਹਮਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਜੋਗਿੰਦਰ ਸਿੰਘ ਅਤੇ ਗੈਂਗਸਟਰ ਪਲਵਿੰਦਰ ਸਿੰਘ ਨੇ ਕੀਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਗੈਂਗਸਟਰਾਂ ਦੀ ਸਾਰਜ ਮਿੰਟੂ ਅਤੇ ਬੌਬੀ ਮਹਲੋਤਰਾ ਨਾਲ 10 ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਸ਼ਨੀਵਾਰ ਨੂੰ ਜਦੋਂ ਜੇਲ੍ਹ 'ਚ ਬੰਦੀਆਂ ਨੂੰ ਖੋਲ੍ਹਿਆ ਗਿਆ ਤਾਂ ਚਾਰੇ ਗੈਂਗਸਟਰ ਆਹਮੋ-ਸਾਹਮਣੇ ਆ ਗਏ ਅਤੇ ਉਨ੍ਹਾਂ ਨੇ ਸਾਰਜ ਅਤੇ ਬੌਬੀ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

ਲੜਾਈ ਦਾ ਪਤਾ ਲੱਗਦਿਆਂ ਹੀ ਜੇਲ੍ਹ ਅਧਿਕਾਰੀਆਂ ਨੇ ਦਖ਼ਲ ਦੇ ਕੇ ਚਾਰੇ ਗੈਂਗਸਟਰਾਂ ਨੂੰ ਵੱਖ-ਵੱਖ ਬੈਰਕਾਂ ਵਿੱਚ ਬੰਦ ਕਰ ਦਿੱਤਾ ਅਤੇ ਮਾਮਲੇ ਦੀ ਸੂਚਨਾ ਥਾਣਾ ਕੈਂਟ ਦੀ ਪੁਲਿਸ ਨੂੰ ਦਿੱਤੀ ਗਈ। ਥਾਣਾ ਕੈਂਟ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਗੈਂਗਸਟਰ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫੋਨ ਦੀ ਬਰਾਮਦਗੀ

ਇੱਕ ਦੂਜੇ ਮਾਮਲੇ ਵਿਚ ਕੇਂਦਰੀ ਜੇਲ੍ਹ ਬਠਿੰਡਾ 'ਚ ਚੈਕਿੰਗ ਦੌਰਾਨ ਹਵਾਲਾਤੀ ਚਰਨਜੀਤ ਸਿੰਘ ਤੋਂ ਇੱਕ ਹੈਡਫੋਨ, 2 ਸਿਮ ਅਤੇ ਚਿੱਟੇ ਰੰਗ ਦਾ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੋਈ ਹੈ। ਇਕ ਹੋਰ ਹਵਾਲਾਤੀ ਅਮਨਪ੍ਰੀਤ ਸਿੰਘ ਤੋਂ ਇੱਕ ਮੋਬਾਈਲ ਸਮੇਤ ਬੈਟਰੀ ਬਰਾਮਦ ਹੋਈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨ 'ਤੇ ਦੋਵੇਂ ਹਵਾਲਾਤੀਆਂ ਖਿਲਾਫ਼ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਗੁਰਦਸਪੁਰ ਕੇਂਦਰੀ ਜੇਲ੍ਹ 'ਚ ਵੀ 2 ਧੜੇ ਆਪਸ 'ਚ ਭਿੜੇ

ਦੱਸ ਦੇਈਏ ਕਿ ਇਸਤੋਂ ਇਲਾਵਾ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵੀ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਇਥੇ ਮਾਮਲੇ ਨੂੰ ਸ਼ਾਂਤ ਕਰਨ ਆਏ ਸਹਾਇਕ ਸੁਪਰਡੈਂਟ ਵੀ ਇਸ ਲੜਾਈ 'ਚ ਜ਼ਖਮੀ ਹੋ ਗਏ। ਲੜਾਈ ਵਿੱਚ ਇੱਕ ਹਵਾਲਾਤੀ ਵੀ ਜ਼ਖ਼ਮੀ ਹੋ ਗਿਆ। ਹਵਾਲਾਤੀ ਅਮਰਜੋਤ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਨੇ ਸ਼ਿਕਾਇਤ ਦਿੱਤੀ ਹੈ ਕਿ ਤਾਲੇ ਲਾਉਣ ਵਾਲਿਆਂ ਨੇ ਆਪਸ ਵਿੱਚ ਲੜ ਕੇ ਜੇਲ੍ਹ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ।

-PTC News

  • Share