ਕਾਮਰੇਡ ਬਲਵਿੰਦਰ ਸਿੰਘ ਹੱਤਿਆ ਮਾਮਲੇ ’ਚ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਦੂਜਾ ਭਗੌੜਾ ਸ਼ੂਟਰ ਕਾਬੂ
16 ਅਕਤੂਬਰ ਵਾਲੇ ਦਿਨ ਕਾਮਰੇਡ ਬਲਵਿੰਦਰ ਸਿੰਘ ਦੀ ਸਨਸਨੀਖੇਜ਼ ਹੱਤਿਆ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਕਤਲਕਾਂਡ 'ਚ ਸ਼ਾਮਲ ਦੂਜੇ ਸ਼ੂਟਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਦੋਸ਼ੀ ਵਿਅਕਤੀ ਨੂੰ ਦੁਬਈ ਦੀ ਉਡਾਣ ਫੜਨ ਤੋਂ ਕੁਝ ਘੰਟੇ ਪਹਿਲਾਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ। ਇੰਦਰਜੀਤ ਨੇ ਗੁਰਜੀਤ ਸਿੰਘ ਦੇ ਨਾਲ ਮਿਲਕੇ ਕਾਮਰੇਡ ਬਲਵਿੰਦਰ ਸਿੰਘ ਨੂੰ ਭਿਖੀਵਿੰਡ, ਤਰਨਤਾਰਨ ਵਿਖੇ ਉਸਦੀ ਰਿਹਾਇਸ਼ ਕਮ ਸਕੂਲ ਵਿੱਚ ਗੋਲੀ ਮਾਰ ਦਿੱਤੀ ਸੀ। ਡੀਜੀਪੀ ਪੰਜਾਬ ਦਿਨਕਰ ਗੁਪਤਾ ਅਨੁਸਾਰ ਗੁਰਜੀਤ ਸਿੰਘ ਨੂੰ ਬੀਤੀ 7 ਦਸੰਬਰ ਨੂੰ ਦਿੱਲੀ ਪੁਲਸ ਨੇ ਉਸਦੇ ਸਾਥੀ ਸੁਖਜੀਤ ਸਿੰਘ ਉਰਫ ਬੁੜਾ ਸਮੇਤ ਗਿ੍ਰਫ਼ਤਾਰ ਕੀਤਾ ਸੀ। ਗੁਪਤਾ ਨੇ ਦੱਸਿਆ ਕਿ ਜਦੋਂ ਗੁਰਜੀਤ ਅਤੇ ਇੰਦਰਜੀਤ ਸਿੰਘ ਨੇ ਗੋਲੀਬਾਰੀ ਕੀਤੀ ਤਾਂ ਉਸ ਵੇਲੇ ਸੁਖਜੀਤ ਘਟਨਾ ਸਥਾਨ ਤੋਂ ਥੋੜੀ ਦੂਰੀ ’ਤੇ ਮੌਜੂਦ ਸੀ। ਗੁਪਤਾ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਇੰਦਰਜੀਤ ਨੇ ਖੁਲਾਸਾ ਕੀਤਾ ਕਿ ਦੋ ਵਿਦੇਸ਼ੀ ਖਾਲਿਸਤਾਨੀ ਕਾਰਕੁਨਾਂ ਨੇ ਉਸ ਦੀਆਂ ਕੱਟੜਪੰਥੀ ਪੋਸਟਾਂ ਕਾਰਨ ਮਾਰਚ 2020 ਵਿੱਚ ਉਸ ਨਾਲ ਫੇਸਬੁੱਕ ਉੱਤੇ ਸੰਪਰਕ ਕੀਤਾ ਸੀ। ਉਸਨੇ ਕਬੂਲ ਕੀਤਾ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਨੂੰ ਅੰਜ਼ਾਮ ਦੇਣ ਲਈ ਇਨਾਂ ਖ਼ਾਲਿਸਤਾਨੀ ਕਾਰਕੁਨਾਂ ਨੇ ਉਸਨੂੰ ਪ੍ਰੇਰਿਤ ਕੀਤਾ ਸੀ। ਦੋਸ਼ੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਸ ਦੇ ਦੋ ਵਿਦੇਸ਼ੀ ਸੰਚਾਲਕਾਂ ਵਿਚੋਂ ਕੈਨੇਡਾ ਵਾਸੀ ਸੰਨੀ ਨੇ ਪਹਿਲਾਂ ਉਸ ਨੂੰ ਕਾਮਰੇਡ ਬਲਵਿੰਦਰ ਸਿੰਘ ਦੀ ਰਿਹਾਇਸ਼ ਦਾ ਪਤਾ ਲਗਾਉੁਣ ਅਤੇ ਬਾਅਦ ਵਿਚ ਭਗੌੜੇ ਗੈਂਗਸਟਰ ਸੁਖ ਭਿਖਾਰੀਵਾਲ ਨਾਲ ਉਸਦੇ ਸੰਪਰਕ ਵਿਚ ਮਦਦ ਕਰਨ ਦਾ ਜ਼ਿੰਮਾ ਸੌਂਪਿਆ ਸੀ ਤਾਂ ਜੋ ਉਹ ਆਪਣੀ ਯੋਜਨਾ ਨੂੰ ਅੰਜ਼ਾਮ ਦੇ ਸਕਣ। ਸ੍ਰੀ ਗੁਪਤਾ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੰਨੀ ਨੇ ਇੰਦਰਜੀਤ ਅਤੇ ਉਸਦੇ ਸਾਥੀਆਂ ਨੂੰ ਵਿੱਤੀ ਅਤੇ ਲੌਜਿਸਟਿਕ ਸਹਾਇਤਾ ਦਿੱਤੀ ਸੀ। ਡੀਜੀਪੀ ਨੇ ਦੱਸਿਆ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਕਰਨ ਤੋਂ ਬਾਅਦ ਇਹ ਤਿੰਨੇ ਵਿਅਕਤੀ ਪੰਜਾਬ ਤੋਂ ਫਰਾਰ ਹੋ ਗਏ ਅਤੇ ਵੱਖ-ਵੱਖ ਟਿਕਾਣਿਆਂ ’ਤੇ ਚਲੇ ਗਏ। ਉਨਾਂ ਦੱਸਿਆ ਕਿ ਗੁਰਜੀਤ ਅਤੇ ਸੁਖਜੀਤ ਨੂੰ ਦਿੱਲੀ ਪੁਲਿਸ ਨੇ ਦਸੰਬਰ ਵਿਚ ਕਾਬੂ ਕਰ ਲਿਆ ਜਦਕਿ ਇੰਦਰਜੀਤ ਫਰਾਰ ਰਿਹਾ ਜਿਸਨੇ ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਵੱਖ-ਵੱਖ ਥਾਵਾਂ ’ਤੇ ਪਨਾਹ ਲਈ। ਗੁਪਤਾ ਨੇ ਦੱਸਿਆ ਕਿ ਉਸਦੀ ਭਾਲ ਵਿੱਚ ਲੱਗੀ ਤਰਨਤਾਰਨ ਪੁਲਿਸ ਦੀ ਜਾਂਚ ਟੀਮ ਨੂੰ ਸੂਹ ਮਿਲੀ ਕਿ ਇੰਦਰਜੀਤ ਵਿਦੇਸ਼ ਨੂੰ ਫਰਾਰ ਹੋਣ ਲਈ ਮੁੰਬਈ ਜਾ ਰਿਹਾ ਹੈ। Also Read | Tractor March Violence: Names of Deep Sidhu, Lakha Sidhana included in FIR ਇੰਦਰਜੀਤ ਨੇ ਇਹ ਵੀ ਕਬੂਲ ਕੀਤਾ ਕਿ ਉਸਨੂੰ ਸੰਨੀ ਨੇ 25 ਜਨਵਰੀ ਨੂੰ ਮੁੰਬਈ ਬੁਲਾਇਆ ਸੀ ਜਿਸਨੇ ਉਸਦੇ ਈ-ਵੀਜ਼ਾ ਅਤੇ ਦੁਬਈ ਜਾਣ ਲਈ ਟਿਕਟ ਦਾ ਪ੍ਰਬੰਧ ਕੀਤਾ। ਗੁਪਤਾ ਨੇ ਦੱਸਿਆ ਕਿ ਪਿਛਲੇ ਸਾਲ 31 ਅਕਤੂਬਰ ਅਤੇ 1 ਨਵੰਬਰ ਨੂੰ ਗੁਰਦਾਸਪੁਰ ਦੇ ਰਹਿਣ ਵਾਲੇ ਸੁਖਰਾਜ ਸਿੰਘ ਉਰਫ ਸੁੱਖਾ ਅਤੇ ਰਵਿੰਦਰ ਸਿੰਘ ਉਰਫ ਗਿਆਨ ਅਤੇ ਲੁਧਿਆਣਾ ਦੇ ਅਕਾਸ਼ਦੀਪ ਅਰੋੜਾ ਦੀ ਗਿ੍ਰਫਤਾਰੀ ਤੋਂ ਬਾਅਦ ਕਤਲਕਾਂਡ 'ਚ ਗੁਰਜੀਤ ਅਤੇ ਸੁਖਜੀਤ ਦੀ ਸ਼ਮੂਲੀਅਤ ਤੋਂ ਪਰਦਾ ਉੱਠਿਆ।ਇਨਾਂ ਦੋਵਾਂ ਨੇ ਸੁਖਮੀਤ ਪਾਲ ਸਿੰਘ ਉਰਫ ਸੁਖ ਦੇ ਨਾਮ ਦਾ ਵੀ ਖੁਲਾਸਾ ਕੀਤਾ ਜਿਸ ਨੇ ਇਸ ਯੋਜਨਾ ਅਤੇ ਹੱਤਿਆ ਨੂੰ ਅੰਜ਼ਾਮ ਦੇਣ ਲਈ ਉਨਾਂ ਦੀ ਸਹਾਇਤਾ ਕੀਤੀ ਸੀ।