Thu, Apr 25, 2024
Whatsapp

ਕਾਂਗਰਸ ਨੇ ਅਕਾਲੀ ਦਲ ਦੀ ਰੈਲੀ ਉੱਤੇ ਪਾਬੰਦੀ ਲਾ ਕੇ ਲੋਕਤੰਤਰ ਦਾ ਕੀਤਾ ਕਤਲ :ਪਰਕਾਸ਼ ਸਿੰਘ ਬਾਦਲ

Written by  Shanker Badra -- September 14th 2018 06:20 PM
ਕਾਂਗਰਸ ਨੇ ਅਕਾਲੀ ਦਲ ਦੀ ਰੈਲੀ ਉੱਤੇ ਪਾਬੰਦੀ ਲਾ ਕੇ ਲੋਕਤੰਤਰ ਦਾ ਕੀਤਾ ਕਤਲ :ਪਰਕਾਸ਼ ਸਿੰਘ ਬਾਦਲ

ਕਾਂਗਰਸ ਨੇ ਅਕਾਲੀ ਦਲ ਦੀ ਰੈਲੀ ਉੱਤੇ ਪਾਬੰਦੀ ਲਾ ਕੇ ਲੋਕਤੰਤਰ ਦਾ ਕੀਤਾ ਕਤਲ :ਪਰਕਾਸ਼ ਸਿੰਘ ਬਾਦਲ

ਕਾਂਗਰਸ ਨੇ ਅਕਾਲੀ ਦਲ ਦੀ ਰੈਲੀ ਉੱਤੇ ਪਾਬੰਦੀ ਲਾ ਕੇ ਲੋਕਤੰਤਰ ਦਾ ਕੀਤਾ ਕਤਲ :ਪਰਕਾਸ਼ ਸਿੰਘ ਬਾਦਲ:ਸ਼੍ਰੋਮਣੀ ਅਕਾਲੀ ਦਲ ਦੀ 16 ਸਤੰਬਰ ਨੂੰ ਫਰੀਦਕੋਟ ਵਿਖੇ ਕੀਤੀ ਜਾਣ ਵਾਲੀ ਸ਼ਾਂਤਮਈ ਪੋਲ ਖੋਲ੍ਹ ਰੈਲੀ ਉੱਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ 'ਦਿਨ-ਦਿਹਾੜੇ ਲੋਕਤੰਤਰ ਦਾ ਕਤਲ' ਕਰਾਰ ਦਿੱਤਾ ਹੈ।ਇਸੇ ਦੌਰਾਨ ਅਕਾਲੀ ਦਲ ਨੇ ਸਰਕਾਰ ਦੇ ਪਾਬੰਦੀ ਦੇ ਹੁਕਮ ਉੱਤੇ ਨਜ਼ਰਸਾਨੀ ਅਤੇ ਸ਼ਾਂਤਮਈ ਰੈਲੀ ਕਰਨ ਦੀ ਆਗਿਆ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦਾ ਫੈਸਲਾ ਕੀਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀਆਂ ਦੇ ਸਿਰਮੌਰ ਆਗੂ ਸ.ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ,ਜਿਸ ਦਾ ਮੁੱਢਲਾ ਫਰਜ਼ ਹੈ ਕਿ ਉਹ ਲੋਕਾਂ ਦੀਆਂ ਲੋਕਤੰਤਰੀ ਰੀਝਾਂ ਦੇ ਸ਼ਾਂਤਮਈ ਢੰਗ ਨਾਲ ਪ੍ਰਗਟਾਅ ਵਿਚ ਕਿਸੇ ਨੂੰ ਅੜਿੱਕਾ ਨਾ ਪਾਉਣ ਦੇਵੇ ਅਤੇ ਸੂਬੇ ਅੰਦਰ ਲੋਕਤੰਤਰੀ ਗਤੀਵਿਧੀਆਂ ਦੀ ਰਾਖੀ ਯਕੀਨੀ ਬਣਾਏ।ਅੱਜ ਸਰਕਾਰ ਨੇ ਲਗਭਗ ਸਵੀਕਾਰ ਕਰ ਲਿਆ ਹੈ ਕਿ ਪੰਜਾਬ ਵਿਚ ਸੰਵਿਧਾਨਿਕ ਢਾਂਚਾ ਇੰਨਾ ਜ਼ਿਆਦਾ ਤਹਿਸ ਨਹਿਸ ਹੋ ਚੁੱਕਿਆ ਹੈ ਕਿ ਇਹ ਇੱਕ ਮੁੱਖ ਧਾਰਾ ਵਾਲੀ ਸਿਆਸੀ ਪਾਰਟੀ ਨੂੰ ਇੱਕ ਸ਼ਾਂਤਮਈ ਲੋਕਤੰਤਰੀ ਰੈਲੀ ਕਰਨ ਦੀ ਆਗਿਆ ਨਹੀਂ ਦੇ ਸਕਦੀ।ਉਹਨਾਂ ਕਿਹਾ ਕਿ ਸਰਕਾਰ ਦਾ ਫੈਸਲਾ ਐਮਰਜੰਸੀ ਦੇ ਦਿਨਾਂ ਵਾਲੇ ਦਮਨ ਅਤੇ ਤਾਨਾਸ਼ਾਹੀ ਦੀ ਯਾਦ ਦਿਵਾਉਂਦਾ ਹੈ। ਸ.ਬਾਦਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਰਾਸ਼ਟਰੀ ਵਿਰੋਧੀ ਤੱਤ ਜੋ ਕਿ ਸੂਬੇ ਦੇ ਅਮਨ ਅਤੇ ਫਿਰਕੂ ਸਦਭਾਵਨਾ ਦੇ ਦੁਸ਼ਮਣ ਹਨ,ਉਹ ਸੂਬੇ ਅੰਦਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਬੂੰਂ ਲਾਉਣ ਉੱਤੇ ਤੁਲੇ ਹੋਏ ਹਨ।ਇਹ ਤੱਤ ਕੈਪਟਨ ਅਮਰਿੰਦਰ ਸਿੰਘ ਲਈ ਏਜੰਡਾ ਤੈਅ ਕਰ ਰਹੇ ਹਨ ਅਤੇ ਉਹ ਉਹਨਾਂ ਦੇ ਨਾਦਰਸ਼ਾਹੀ ਹੁਕਮਾਂ ਅੱਗੇ ਸਿਰ ਝੁਕਾ ਰਿਹਾ ਹੈ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਅਤੇ ਇਹਨਾਂ ਗਰਮਖ਼ਿਆਲੀ ਤੱਤਾਂ ਦਾ ਨਾਪਾਕ ਗਠਜੋੜ ਪੰਜਾਬ ਨੂੰ ਦੁਬਾਰਾ ਬਲਦੀ ਅੱਗ ਵਿਚ ਸੁੱਟ ਰਿਹਾ ਹੈ।ਸ. ਬਾਦਲ ਅਤੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਪੱਖਪਾਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇੱਕ ਝੂਠੀ ਅਤੇ ਮਨਘੜਤ ਰਿਪੋਰਟ ਦਾ ਇਸਤੇਮਾਲ ਕੀਤਾ ਸੀ।ਕਾਂਗਰਸੀ ਆਗੂਆਂ ਨੇ ਧਮਕੀ ਦਿੱਤੀ ਸੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾਵੇਗਾ।ਪਰੰਤੂ ਅਕਾਲੀ-ਭਾਜਪਾ ਦੇ ਧਰਨਿਆਂ ਅਤੇ ਅਬੋਹਰ ਰੈਲੀ ਨੂੰ ਲੋਕਾਂ ਵੱਲੋਂ ਦਿੱਤੇ ਵੱਡੇ ਹੁੰਗਾਰੇ ਨੇ ਕਾਂਗਰਸ ਦੇ ਪੈਰਾਂ ਥੱਲੋਂ ਜ਼ਮੀਨ ਕੱਢ ਦਿੱਤੀ ਹੈ।ਸ਼ਾਂਤੀ ਦੇ ਇਹਨਾਂ ਦੁਸ਼ਮਣਾਂ, ਜਿਹਨਾਂ ਨੂੰ ਕਾਂਗਰਸ ਸਤਿਕਾਰ ਨਾਲ 'ਗਰਮਖ਼ਿਆਲੀ' ਸੱਦਦੀ ਹੈ, ਨੇ ਅਕਾਲੀ-ਭਾਜਪਾ ਲਹਿਰ ਨੂੰ ਰੋਕਣ ਵਾਸਤੇ ਕੈਪਟਨ ਸਰਕਾਰ ਨੂੰ ਫਰੀਦਕੋਟ ਵਾਲੀ ਸ਼ਾਂਤਮਈ ਰੈਲੀ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਸ਼ੁਰੂ ਤੋਂ ਹੀ ਇਹਨਾਂ ਗਰਮਖ਼ਿਆਲੀਆਂ ਨਾਲ ਰਲੀ ਹੋਈ ਹੈ, ਜਿਹੜੇ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੀ ਕਾਰਵਾਈ ਨਾਲ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਹੋ ਜਾਵੇਗਾ ਕਿ ਕਿਸ ਤਰ੍ਹਾਂ ਕਾਂਗਰਸ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਵਿਰੋਧੀਆਂ ਦਾ ਸਮਰਥਨ ਕਰ ਰਹੀ ਹੈ।ਅਕਾਲੀ ਦਲ ਵਿਰੁੱਧ ਵਿੱਢੀ ਦੋਖੀ ਮੁਹਿੰਮ ਕਾਂਗਰਸ ਨੇ ਹੀ ਉਲੀਕੀ, ਸਪਾਂਸਰ ਅਤੇ ਲਾਗੂ ਕੀਤੀ ਹੈ।ਅੱਜ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ ਅਤੇ ਕਾਂਗਰਸ ਅਤੇ ਗਰਮਖ਼ਿਆਲੀਆਂ ਦੇ ਨਾਪਾਕ ਗਠਜੋੜ ਦਾ ਪਰਦਾਫਾਸ਼ ਹੋ ਗਿਆ ਹੈ। ਕਾਂਗਰਸ ਸਰਕਾਰ ਦੇ ਦਮਨਕਾਰੀ ਹੱਥਕੰਡਿਆਂ ਦੀ ਨਿਖੇਧੀ ਕਰਦਿਆਂ ਸ.ਬਾਦਲ ਨੇ ਕਿਹਾ ਕਿ ਅਚਾਨਕ ਹੀ ਇੱਕ ਨਿਕੰਮੀ ਅਤੇ ਪੱਖਪਾਤੀ ਸਰਕਾਰ ਨੇ 1980 ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਜਦ ਅਕਾਲੀ ਮੋਰਚਿਆਂ ਦੌਰਾਨ ਰੋਜ਼ਾਨਾ ਅਜਿਹੀਆਂ ਤਾਨਸ਼ਾਹੀ ਗਤੀਵਿਧੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। 15 ਸਾਲਾਂ ਤਕ ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਨੇ ਸੂਬੇ ਅੰਦਰ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਅਤੇ ਨਾਗਰਿਕ ਅਜ਼ਾਦੀਆਂ ਉੱਤੇ ਪਹਿਰਾ ਦਿੰਦਿਆਂ ਅਮਨ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਿਆ ਪਰ ਇਸ ਸਰਕਾਰ ਨੇ ਆਪਣੇ ਇੱਕ ਕਾਰੇ ਨਾਲ ਪੰਜਾਬ ਨੂੰ 30 ਸਾਲ ਪਿੱਛੇ ਧੱਕ ਦਿੱਤਾ ਹੈ ਅਤੇ 80ਵੇਂ ਦੇ ਉਹਨਾਂ ਕਾਲੇ ਅਤੇ ਤਾਨਸ਼ਾਹ ਦਿਨਾਂ ਵੱਲ ਲੈ ਗਈ ਹੈ, ਜਦੋਂ ਸਰਕਾਰ ਅਕਾਲੀਆਂ ਦੇ ਜਮਹੂਰੀ ਮੋਰਚਿਆਂ ਉੱਤੇ ਦਮਨ ਦਾ ਚੱਕਰ ਚਲਾਉਂਦੀ ਸੀ। ਸ.ਬਾਦਲ ਨੇ ਕਾਂਗਰਸ ਸਰਕਾਰ ਦੇ ਫਰੀਦਕੋਟ ਰੈਲੀ ਉੱਤੇ ਪਾਬੰਦੀ ਲਾਉਣ ਦੇ ਫੈਸਲੇ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਅਕਾਲੀ-ਭਾਜਪਾ ਵੱਲੋਂ ਰਾਜ ਭਰ ਵਿਚ ਦਿੱਤੇ ਧਰਨਿਆਂ ਦੀ ਕਾਮਯਾਬੀ ਅਤੇ ਅਬੋਹਰ ਰੈਲੀ ਵਿਚ ਹੋਏ ਪੰਜਾਬੀਆਂ ਦੇ ਭਾਰੀ ਇਕੱਠ ਤੋਂ ਬੁਰੀ ਤਰ੍ਹਾਂ ਦਹਿਲ ਗਈ ਹੈ।ਇਹ ਧਰਨੇ ਅਤੇ ਰੈਲੀਆਂ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਕੀਤੇ ਗਏ ਸਨ ਅਤੇ ਇਹਨਾਂ ਦੋਵੇਂ ਪ੍ਰਦਰਸ਼ਨਾਂ ਦੌਰਾਨ ਪੰਜਾਬ ਦੀ ਸ਼ਾਂਤੀ ਨੂੰ ਕੋਈ ਖ਼ਤਰਾ ਨਹੀਂ ਸੀ ਖੜ੍ਹਾ ਹੋਇਆ। ਫਿਰ ਅਚਾਨਕ ਹੀ ਇਸ ਸਰਕਾਰ ਨੂੰ ਰੋਜ਼ਮੱਰਾ ਵਿਚ ਕੀਤੀ ਜਾਣ ਵਾਲੀ ਇੱਕ ਲੋਕਤੰਤਰੀ ਗਤੀਵਿਧੀ ਪੰਜਾਬ ਦੇ ਅਮਨ ਲਈ ਖ਼ਤਰਾ ਕਿਵੇਂ ਲੱਗਣ ਲੱਗ ਪਈ? ਸ.ਬਾਦਲ ਨੇ ਕਿਹਾ ਕਿ ਖਾੜਕੂਵਾਦ ਦੇ ਦਿਨਾਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਸਰਕਾਰ ਨੇ ਲੋਕਤੰਤਰੀ ਗਤੀਵਿਧੀਆਂ ਉੱਤੇ ਪਾਬੰਦੀ ਲਾ ਦਿੱਤੀ ਹੈ ਅਤੇ ਸਰਕਾਰ ਵਿਰੁੱਧ ਸ਼ਾਂਤਮਈ ਲੋਕਤੰਤਰੀ ਪ੍ਰਦਰਸ਼ਨਾਂ ਦੀ ਆਵਾਜ਼ ਨੂੰ ਘੁੱਟਿਆ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਸਾਸ਼ਨ ਕਰਨ ਤੋਂ ਹੱਥ ਖੜ੍ਹੇ ਕਰ ਚੁੱਕੀ ਹੈ ਅਤੇ ਇਸ ਨੇ ਲਗਭਗ ਐਲਾਨ ਕਰ ਦਿੱਤਾ ਹੈ ਕਿ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਣ ਦੇ ਕਾਬਿਲ ਨਹੀਂ ਹੈ। -PTCNews


Top News view more...

Latest News view more...