ਕਾਂਗਰਸ ਸਰਕਾਰ ਆਪਣੇ ਵਾਅਦੇ ਮੁਤਾਬਿਕ ਚੁਣੇ ਹੋਏ ਨੁੰਮਾਇਦਿਆਂ ਦਾ ਕਰਵਾਏ ਡੋਪ ਟੈਸਟ :ਅਕਾਲੀ ਦਲ

By Shanker Badra - October 01, 2018 6:10 pm

ਕਾਂਗਰਸ ਸਰਕਾਰ ਆਪਣੇ ਵਾਅਦੇ ਮੁਤਾਬਿਕ ਚੁਣੇ ਹੋਏ ਨੁੰਮਾਇਦਿਆਂ ਦਾ ਕਰਵਾਏ ਡੋਪ ਟੈਸਟ :ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੁਣੇ ਗਏ ਸਾਰੇ ਪੁਰਸ਼ ਮੈਂਬਰਾਂ ਦਾ ਤੁਰੰਤ ਡੋਪ ਟੈਸਟ ਕਰਵਾਉਣ ਲਈ ਆਖਿਆ ਹੈ।ਪਾਰਟੀ ਨੇ ਕਿਹਾ ਕਿ ਟੈਸਟ ਵਿਚ ਪਾਜੇਟਿਵ ਪਾਏ ਜਾਣ ਵਾਲੇ ਸਾਰੇ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਕਿ ਸਾਡਾ ਕੋਈ ਵੀ ਨੁੰਮਾਇਦਾ ਨਸ਼ੇੜੀ ਨਾ ਹੋਵੇ।ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕੀਤੇ ਐਲਾਨ ਕਿ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੇ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਇਆ ਜਾਵੇਗਾ ,ਬਾਰੇ ਮੰਤਰੀ ਨੂੰ ਚੇਤੇ ਕਰਵਾਉਂਦਿਆਂ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਦੀ ਵੱਡੀ ਗਿਣਤੀ ਹੋਣ ਕਰਕੇ ਸਰਕਾਰ ਉਪਰੋਕਤ ਟੈਸਟ ਲੈਣ ਵਿਚ ਨਾਕਾਮ ਹੋ ਗਈ ਸੀ ਪਰੰਤੂ ਹੁਣ ਚੁਣੇ ਹੋਏ ਨੁੰਮਾਇਦਿਆਂ ਦਾ ਆਸਾਨੀ ਨਾਲ ਅਜਿਹਾ ਟੈਸਟ ਲਿਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਅਜਿਹਾ ਟੈਸਟ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਪੰਚਾਇਤੀ ਸੰਸਥਾਵਾਂ ਇਸ ਨਸ਼ਾ-ਵਿਰੋਧੀ ਮੁਹਿੰਮ ਦਾ ਇਖ਼ਲਾਕੀ ਮਾਰਗ ਦਰਸ਼ਨ ਕਰਨਗੀਆਂ, ਕਿਉਂਕਿ ਉਹਨਾਂ ਦਾ ਕੋਈ ਵੀ ਨੁੰਮਾਇਦਾ ਨਸ਼ੇ ਕਰਨ ਵਾਲਾ ਨਹੀਂ ਹੋਵੇਗਾ।

ਦਿਲਚਸਪ ਗੱਲ ਇਹ ਹੈ ਕਿ ਬਾਜਵਾ ਨੇ ਐਲਾਨ ਕੀਤਾ ਸੀ ਕਿ ਡੋਪ ਟੈਸਟ ਜੁਲਾਈ ਵਿਚ ਕੀਤਾ ਜਾਵੇਗਾ ਅਤੇ ਉਹਨਾਂ ਨੇ ਮੋਹਾਲੀ ਵਿਖੇ ਖੁਦ ਨੂੰ ਇਸ ਟੈਸਟ ਵਾਸਤੇ ਪੇਸ਼ ਵੀ ਕੀਤਾ ਸੀ ਪਰੰਤੂ ਉਹਨਾਂ ਵੱਲੋਂ ਕੀਤੇ ਜਾ ਰਹੇ ਦਵਾਈਆਂ ਦੇ ਸੇਵਨ ਕਰਕੇ ਉਹਨਾਂ ਦਾ ਟੈਸਟ ਨਹੀਂ ਸੀ ਲਿਆ ਗਿਆ।ਅਕਾਲੀ ਆਗੂ ਨੇ ਕਿਹਾ ਕਿ ਬਾਜਵਾ ਨੇ ਦੁਬਾਰਾ ਇਸ ਟੈਸਟ ਦੀ ਗੱਲ ਨਹੀਂ ਛੇੜੀ।ਹੁਣ ਪੰਚਾਇਤ ਚੋਣਾਂ ਸਿਰ ਉੱਤੇ ਹੋਣ ਕਰਕੇ ਉਹ ਇਸ ਬਾਰੇ ਗੱਲ ਕਰਨ ਤੋਂ ਡਰਦਾ ਹੈ।

ਗਰੇਵਾਲ ਨੇ ਕਿਹਾ ਕਿ ਇਸ ਮੁੱਦੇ ਨੂੰ ਮੁੱਖ ਮੰਤਰੀ ਅਮਰਿੰਦਰ ਨੇ ਖੁਦ ਇਹ ਐਲਾਨ ਕਰਕੇ ਛੇੜਿਆ ਸੀ ਕਿ ਪੰਜਾਬ ਸਰਕਾਰ ਦੇ ਸਾਰੇ ਮੁਲਾਜ਼ਮਾਂ ਦਾ ਡੋਪ ਟੈਸਟ ਕੀਤਾ ਜਾਵੇਗਾ।ਫਿਰ ਅਚਾਨਕ ਉਸ ਨੂੰ ਸੋਝੀ ਆ ਗਈ ਅਤੇ ਉਸ ਨੇ ਮਹਿਲਾ ਮੁਲਾਜ਼ਮਾਂ ਨੂੰ ਇਸ ਟੈਸਟ ਤੋਂ ਛੋਟ ਦੇ ਦਿੱਤੀ, ਕਿਉਂਕਿ ਉਹਨਾਂ ਵਿਚ ਨਸ਼ੇ ਦੀ ਅਲਾਮਤ ਮਾਮੂਲੀ ਹੈ ਪਰੰਤੂ ਪੰਜਾਬ ਸਰਕਾਰ ਨੇ ਅਜਿਹਾ ਟੈਸਟ ਕਰਵਾਉਣ ਸੰਬੰਧੀ ਅਜੇ ਤੀਕ ਕੋਈ ਯੋਜਨਾ ਨਹੀਂ ਬਣਾਈ ਹੈ।

ਗਰੇਵਾਲ ਨੇ ਨਸ਼ਿਆਂ ਦੇ ਮੁੱਦੇ ਉੱਪਰ ਕਾਂਗਰਸ ਸਰਕਾਰ ਉੱਤੇ ਵਾਰ ਵਾਰ ਸਟੈਂਡ ਬਦਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਰਕਾਰ ਦੀ ਨਸ਼ਿਆਂ ਉੱਤੇ ਕਾਬੂ ਪਾਉਣ ਦੀ ਨਾ ਨੀਅਤ ਹੈ ਅਤੇ ਨਾ ਹੀ ਯੋਜਨਾ,ਇਹ ਸਿਰਫ ਹਨੇਰੇ ਵਿਚ ਹੱਥ-ਪੈਰ ਮਾਰ ਰਹੀ ਹੈ।ਇਸ ਤੋਂ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਨਸ਼ਾ-ਵਿਰੋਧੀ ਮੁਹਿੰਮ ਚਲਾ ਰਹੇ ਕਾਂਗਰਸੀ ਆਗੂ ਖੁਦ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ।ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਫਰਵਰੀ 2017 ਵਿਚ ਪੰਜਾਬ ਵਿਚੋਂ 4 ਹਫ਼ਤਿਆਂ ਦੇ ਅੰਦਰ ਨਸ਼ਿਆਂ ਦਾ ਖਾਤਮਾ ਕਰਨ ਦੇ ਵਾਅਦੇ ਉੱਤੇ ਸੱਤਾ ਵਿਚ ਆਈ ਸੀ ਪਰੰਤੂ ਅਜੇ ਤੱਕ ਇਹ ਇਸ ਸਮੱਸਿਆ ਦੀ ਪਹਿਚਾਣ ਕਰਨ ਅਤੇ ਇਸ ਦੇ ਢੁੱਕਵੇਂ ਹੱਲ ਲੱਭਣ ਵਿਚ ਬੁਰੀ ਤਰ•ਾਂ ਨਾਕਾਮ ਸਾਬਿਤ ਹੋਈ ਹੈ।
-PTCNews

adv-img
adv-img