ਗਠਜੋੜ ਦੇ ਭਾਈਵਾਲ ਲੱਭਦਿਆਂ ਕਾਂਗਰਸ ਪਾਰਟੀ ਘਬਰਾਹਟ ‘ਚ ਆਈ : ਅਕਾਲੀ ਦਲ

ਗਠਜੋੜ ਦੇ ਭਾਈਵਾਲ ਲੱਭਦਿਆਂ ਕਾਂਗਰਸ ਪਾਰਟੀ ਘਬਰਾਹਟ 'ਚ ਆਈ : ਅਕਾਲੀ ਦਲ
ਗਠਜੋੜ ਦੇ ਭਾਈਵਾਲ ਲੱਭਦਿਆਂ ਕਾਂਗਰਸ ਪਾਰਟੀ ਘਬਰਾਹਟ 'ਚ ਆਈ : ਅਕਾਲੀ ਦਲ

ਆਪ ਦੇ ਸੰਸਦ ਮੈਂਬਰਾਂ ਨੂੰ ਕਾਂਗਰਸ ‘ਚ ਸ਼ਾਮਲ ਕਰਵਾਉਣ ਦੇ ਯਤਨ ਇਸਦੇ ਜ਼ਮੀਨੀ ਹਕੀਕਤ ਤੋਂ ਜਾਣੂ ਹੋਣ ਦੇ ਸੰਕੇਤ : ਡਾ. ਚੀਮਾ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਲਈ ਗਠਜੋੜ ਦੇ ਭਾਈਵਾਲਾਂ ਦੀ ਤਲਾਸ਼ ਕਰਦਿਆਂ ਘਬਰਾਹਟ ਵਿਚ ਆ ਗਈ ਹੈ ਕਿਉਂਕਿ ਇਸਨੂੰ ਪੰਜਾਬ ਅੰਦਰ ਜ਼ਮੀਨ ਹਕੀਕਤ ਦਾ ਅਹਿਸਾਸ ਹੋ ਗਿਆ ਹੈ।

ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਾਜ਼ਾ ਬਿਆਨ ਅਤੇ  ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਵੱਲੋਂ ਆਪ ਦੇ ਬਾਗੀ ਸੰਸਦ ਮੈਂਬਰਾਂ ਨਾਲ ਮੀਟਿੰਗਾਂ ਨੇ ਕਾਂਗਰਸ ਵਿਚਲੀ ਸੋਚ ਸਪਸ਼ਟ ਕਰ ਦਿੱਤੀ ਹੈ ਕਿ ਉਸਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਾਸਤੇ ਗਠਜੋੜ ਕਰਨਾ ਹੀ ਪਵੇਗਾ। ਉਹਨਾਂ ਕਿਹਾ ਕਿ ਕਾਂਗਰਸ ਦੀ ਇਹ ਘਬਰਾਹਟ ਪੰਜਾਬ ਦੀ ਜ਼ਮੀਨੀ ਹਕੀਕਤ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਮੁਕੰਮਲ ਸਫਾਇਆ ਤੈਅ, ਤੋਂ ਜਾਣੂ ਹੋਣ ਦਾ ਨਤੀਜਾ ਹੈ।  ਉਹਨਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਜਾਣਦੀ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਗਏ ਵੱਡੇ ਵੱਡੇ ਝੂਠੇ ਵਾਅਦਿਆਂ ਦਾ ਲੋਕਾਂ ਅੱਗੇ ਪਰਦਾਫਾਸ਼ ਹੋ ਚੁੱਕਾ ਹੈ ਅਤੇ ਚੋਣ ਵਾਅਦੇ ਪੂਰੇ ਨਾ ਕਰਨ ਕਾਰਨ ਉਸਦੀ ਨਮੋਸ਼ੀਭਰੀ ਹਾਰ ਹੁਣ ਯਕੀਨੀ ਹੈ।

ਡਾ. ਚੀਮਾ ਨੇ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਇਹ ਦਾਅਵੇ ਕਰਦੇ  ਰਹੇ ਹਨ ਕਿ ਪੰਜਾਬ ਵਿਚ ਕਾਂਗਰਸ ਇਕੱਲਿਆਂ ਹੀ ਚੋਣਾਂ ਲੜੇਗੀ ਪਰ ਸੱਤਾ ਦੇ ਇਕ ਸਾਲ ਲੰਘਣ ਮਗਰੋਂ ਹੀ ਹੁਣ ਕਾਂਗਰਸ ਨੂੰ ਹਾਰ ਪ੍ਰਤੱਖ ਦਿਸਣ ਲੱਗ ਪਈ ਹੈ। ਅਕਾਲੀ ਨੇਤਾ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਤੇ ਸ੍ਰੀ ਜਾਖੜ ਵਿਚਾਲੇ ਮੀਟਿੰਗਾਂ ਨੇ ਦਰਸਾਇਆ ਹੈ ਕਿ ਕਾਂਗਰਸ ਹੁਣ ਲੋਕ ਸਭਾ ਚੋਣਾਂ ਜਿੱਤਣ ਵਾਸਤੇ ਆਪ ਦੇ ਬਾਗੀ ਸੰਸਦ ਮੈਂਬਰਾਂ ਦੇ ਮੋਢੇ ਵਰਤਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਪੰਜਾਬ ਵਿਚ ਆਪਣੀ ਹੋਂਦ ਗੁਆ ਚੁੱਕੀ ਹੈਤੇ ਇਯਦੀ ਲੀਡਰਸ਼ਿਪ ਦੇ ਝੂਠੇ ਕਾਂਗਰਸ ਵਾਂਗ ਜਗ ਜਾਹਰ ਹੋ ਚੁੱਕੇ ਹਨ ਤੇ ਹੁਣ ਇਹਨਾਂ ਦੋਹਾਂ ਦੇ ਗਠਜੋੜ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਹੱਥੋਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।