ਹਰਿਆਣਾ ਜ਼ਿਮਨੀ ਚੋਣਾਂ 'ਚ ਕਾਂਗਰਸ ਨੇ ਹਰਾਇਆ ਭਾਜਪਾ ਉਮੀਦਵਾਰ ਯੋਗੇਸ਼ਵਰ ਦੱਤ

By Jagroop Kaur - November 10, 2020 10:11 pm

ਹਰਿਆਣਾ - ਹਰਿਆਣਾ ਦੀ ਬਰੌਦਾ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਦੇ ਉਮੀਦਵਾਰ ਇੰਦੂਰਾਜ ਨਰਵਾਲ ਨੇ ਮੰਗਲਵਾਰ ਨੂੰ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਕਰੀਬੀ ਮੁਕਾਬਲੇਬਾਜ਼ ਅਤੇ ਭਾਜਪਾ ਉਮੀਦਵਾਰ ਯੋਗੇਸ਼ਵਰ ਦੱਤ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਵਿਰੋਧੀ ਕਾਂਗਰਸ ਨੇ ਬਰੌਦਾ ਸੀਟ ਨੂੰ ਬਰਕਰਾਰ ਰੱਖਿਆ। ਇਹ ਦੂਜੀ ਵਾਰ ਹੈ ਜਦੋਂ ਓਲੰਪੀਅਨ ਪਹਿਲਵਾਨ ਦੱਤ ਨੂੰ ਇਸ ਸੀਟ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਕਾਂਗਰਸ ਦੇ ਉਮੀਦਵਾਰ ਕ੍ਰਿਸ਼ਨਾ ਹੁੱਡਾ ਨੇ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਦੱਤ ਨੂੰ ਲਗਭਗ 4800 ਵੋਟਾਂ ਨਾਲ ਹਰਾਇਆ ਸੀ। ਹੁੱਡਾ ਦੇ ਦਿਹਾਂਤ ਕਾਰਨ ਬਰੌਦਾ ਵਿਧਾਨ ਸੀਟ ਅਪ੍ਰੈਲ ਤੋਂ ਖਾਲੀ ਹੋ ਗਈ ਸੀ। ਹੁੱਡਾ ਨੇ ਤਿੰਨ ਵਾਰ 2009, 2014 ਅਤੇ 2019 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਦਰਜ ਕੀਤੀ ਸੀ। ਹਰਿਆਣਾ ਕਾਂਗਰਸ ਮੁਖੀ ਕੁਮਾਰੀ ਸੈਲਜਾ ਨੇ ਕਿਹਾ ਕਿ ਬਰੌਦਾ ਦੇ ਲੋਕਾਂ ਨੇ 'ਕਿਸਾਨ ਵਿਰੋਧੀ' ਅਤੇ 'ਮਜ਼ਦੂਰ ਵਿਰੋਧੀ ਤਾਕਤਾਂ' ਨੂੰ ਕਰਾਰਾ ਜਵਾਬ ਦਿੱਤਾ ਹੈ। ਸੈਲਜਾ ਨੇ ਟਵੀਟ ਕੀਤਾ,''ਇੰਦੂਰਾਜ ਨਰਵਾਲ ਦੀ ਜਿੱਤ ਕਿਸਾਨਾਂ ਅਤੇ ਮਜ਼ਦੂਰਾਂ ਦੀ ਜਿੱਤ ਹੈ। ਮੈਂ ਬਰੌਦਾ ਦੇ ਵਾਸੀਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਕਾਂਗਰਸ ਉਨ੍ਹਾਂ ਦੀ ਉਮੀਦਾਂ 'ਤੇ ਖਰ੍ਹੀ ਉਤਰੇਗੀ।

adv-img
adv-img