ਮੁੜ ਵਧੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ 'ਚ 1,150 ਨਵੇਂ ਕੇਸ ਆਏ ਸਾਹਮਣੇ
ਨਵੀਂ ਦਿੱਲੀ: ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 1150 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਦੇ ਮੁਕਾਬਲੇ ਦੇਸ਼ ਵਿੱਚ ਕੋਵਿਡ ਦੇ ਨਵੇਂ ਮਾਮਲਿਆਂ ਵਿੱਚ ਉਛਾਲ ਆਇਆ ਹੈ। ਸ਼ਨਿੱਚਰਵਾਰ (16 ਅਪ੍ਰੈਲ) ਨੂੰ ਦੇਸ਼ ਭਰ ਵਿੱਚ ਕੁੱਲ 975 ਨਵੇਂ ਮਾਮਲੇ ਦਰਜ ਕੀਤੇ ਗਏ ਸਨ ਜੋ ਅੱਜ ਵਧ ਕੇ 1150 ਹੋ ਗਏ ਹਨ। ਇਸ ਨਾਲ ਹੁਣ ਤੱਕ ਦੇਸ਼ ਵਿੱਚ ਕੋਵਿਡ ਲਾਗ ਦੇ ਮਰੀਜ਼ਾਂ ਦੀ ਕੁੱਲ ਗਿਣਤੀ 4 ਕਰੋੜ 30 ਲੱਖ, 42 ਹਜ਼ਾਰ 97 ਹੋ ਗਈ ਹੈ। ਸ਼ੁੱਕਰਵਾਰ ਨੂੰ ਕੁੱਲ 949 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ ਕਾਰਨ ਕੁੱਲ 4 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ ਹੁਣ ਤੱਕ ਕੋਵਿਡ ਕਾਰਨ ਕੁੱਲ 5 ਲੱਖ 21 ਹਜ਼ਾਰ 751 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਦੇਸ਼ ਭਰ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 11,558 ਦਰਜ ਕੀਤੀ ਗਈ ਹੈ। ਐਕਟਿਵ ਕੇਸ ਕੁੱਲ ਲਾਗ ਦਾ 0.03 ਫ਼ੀਸਦੀ ਹਨ। ਮੌਜੂਦਾ ਸਮੇਂ 'ਚ ਦੇਸ਼ 'ਚ ਰਿਕਵਰੀ ਦਰ 98.76 ਫ਼ੀਸਦੀ ਉਤੇ ਆ ਗਈ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੁੱਲ 954 ਮਰੀਜ਼ ਠੀਕ ਹੋਏ ਹਨ ਜੋ ਕਿ ਨਵੇਂ ਮਰੀਜ਼ਾਂ ਦੀ ਗਿਣਤੀ ਤੋਂ ਘੱਟ ਹੈ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4 ਕਰੋੜ, 25 ਲੱਖ, 8 ਹਜ਼ਾਰ, 788 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ। ਦੇਸ਼ ਵਿੱਚ ਰੋਜ਼ਾਨਾ ਪਾਜ਼ੇਟਿਵਿਟੀ ਦਰ 0.31 ਫੀਸਦੀ ਅਤੇ ਹਫਤਾਵਾਰੀ ਪਾਜ਼ੇਟਿਵਿਟੀ ਦਰ 0.27 ਫੀਸਦੀ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਹੁਣ ਤੱਕ (17 ਅਪ੍ਰੈਲ ਤੱਕ) ਕੁੱਲ 83.18 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ, 3,65,118 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਮੰਤਰਾਲੇ ਦੇ ਅਨੁਸਾਰ, ਰਾਸ਼ਟਰੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਭਰ ਵਿੱਚ ਹੁਣ ਤੱਕ ਕੁੱਲ 186.51 ਕਰੋੜ ਵੈਕਸੀਨ ਦੀਆਂ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਇਹ ਵੀ ਪੜ੍ਹੋ : ਦਿੱਲੀ 'ਚ ਹਨੂੰਮਾਨ ਜੈਅੰਤੀ ਸ਼ੋਭਾ ਯਾਤਰਾ ਦੌਰਾਨ ਹਿੰਸਾ, ਵਾਹਨ ਕੀਤੇ ਅੱਗ ਹਵਾਲੇ