ਚੀਨ ਦੇ ਸ਼ੰਘਾਈ ਸ਼ਹਿਰ 'ਚ ਕੋਰੋਨਾ ਨੇ ਮਚਾਈ ਤਬਾਹੀ, ਵਿਗੜੇ ਹਾਲਾਤ
ਸ਼ੰਘਾਈ: ਚੀਨ ਦੀ ਆਰਥਿਕ ਰਾਜਧਾਨੀ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਸ਼ੰਘਾਈ ਵਿੱਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਦੇਸ਼ ਦੇ ਨੈਸ਼ਨਲ ਹੈਲਥ ਕਮਿਸ਼ਨ (ਐਨਐਚਸੀ) ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਦੇ ਕੁੱਲ 24,680 ਨਵੇਂ ਮਾਮਲਿਆਂ ਵਿੱਚੋਂ ਇਕੱਲੇ ਸ਼ੰਘਾਈ ਵਿੱਚ 23,500 ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 2.5 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਸ਼ੰਘਾਈ 'ਚ ਤਿੰਨ ਹਫ਼ਤਿਆਂ ਦਾ ਲੌਕਡਾਊਨ ਹੈ। ਉੱਤਰ-ਪੱਛਮੀ ਚੀਨ ਦੇ ਜਿਆਨ ਸ਼ਹਿਰ ਦੇ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਬਗੈਰ ਕਾਰਨ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਝੇਂਗਝਾਓ 'ਚ ਵੀ ਲੌਕਡਾਊਨ ਲਗਾ ਦਿੱਤਾ ਗਿਆ ਹੈ। ਚੀਨ ਦੇ ਸ਼ੰਘਾਈ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ੰਘਾਈ ਵਿੱਚ ਲੰਬੇ ਸਮੇਂ ਤੋਂ ਲੌਕਡਾਊਨ ਲਾਗੂ ਹੈ। ਇਸ ਦੇ ਨਾਲ ਹੀ ਫ਼ਰਾਂਸ, ਇਟਲੀ ਤੇ ਜਰਮਨੀ 'ਚ ਰੋਜ਼ਾਨਾ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਯੂਰਪ ਤੇ ਅਮਰੀਕਾ 'ਚ ਓਮੀਕ੍ਰੋਨ ਵੇਰੀਐਂਟ ਕਾਰਨ ਜ਼ਿਆਦਾਤਰ ਸੂਬਿਆਂ 'ਚ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਦੂਜੇ ਪਾਸੇ ਦੱਖਣੀ ਕੋਰੀਆ 'ਚ ਕੋਰੋਨਾ ਦੇ ਲਗਾਤਾਰ ਘਟਦੇ ਮਾਮਲਿਆਂ ਦੇ ਵਿਚਕਾਰ ਅਗਲੇ ਹਫ਼ਤੇ ਤੋਂ ਮਾਸਕ ਨੂੰ ਛੱਡ ਕੇ ਸਾਰੀਆਂ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਕਿਮ ਬੂ-ਕਿਊਮ ਨੇ ਕਿਹਾ ਹੈ ਕਿ ਸੋਮਵਾਰ ਤੱਕ ਰੈਸਟੋਰੈਂਟਾਂ ਤੇ ਬਾਰ ਨੂੰ 24 ਘੰਟੇ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਵਿਆਹਾਂ ਤੇ ਰੈਲੀਆਂ 'ਚ ਲੋਕਾਂ ਦੀ ਤੈਅ ਗਿਣਤੀ ਤੋਂ ਵੀ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਚੀਨ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਚੀਨ ਦੇ ਸ਼ੰਘਾਈ ਸ਼ਹਿਰ 'ਚ ਲੱਖਾਂ ਲੋਕ ਲਾਕਡਾਊਨ 'ਚ ਹਨ ਅਤੇ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕ ਭੁੱਖਮਰੀ ਨਾਲ ਜੂਝ ਰਹੇ ਹਨ। ਲਾਕਡਾਊਨ ਦੇ ਤਿੰਨ ਦਿਨਾਂ ਬਾਅਦ ਵੀ ਸ਼ੰਘਾਈ ਸ਼ਹਿਰ ਵਿੱਚ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਲਾਕਡਾਊਨ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕਾਂ ਨੂੰ ਖਾਣ-ਪੀਣ, ਦਵਾਈਆਂ ਅਤੇ ਜ਼ਰੂਰੀ ਚੀਜ਼ਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਰਾਸ਼ਟਰੀ ਸਿਹਤ ਕਮਿਸ਼ਨ (NHC) ਦੇ ਅੰਕੜਿਆਂ ਅਨੁਸਾਰ ਸ਼ੰਘਾਈ ਵਿੱਚ 3,200 ਲੋਕ ਕੋਰੋਨਾ ਪੌਜ਼ਟਿਵ ਪਾਏ ਗਏ ਹਨ ਜਦੋਂ ਕਿ ਲੱਛਣਾਂ ਤੋਂ ਬਿਨਾਂ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 19872 ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੀ ਜਾਂਚ ਕਰਨ ਲਈ ਸ਼ੰਘਾਈ ਵਿੱਚ ਪਹਿਲਾਂ ਹੀ ਕਈ ਦੌਰ ਦੇ ਟੈਸਟ ਕਰਵਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਸੰਕਰਮਿਤਾਂ ਦੇ ਇਲਾਜ ਲਈ ਅਸਥਾਈ ਹਸਪਤਾਲ ਵੀ ਬਣਾਏ ਗਏ ਹਨ। ਸ਼ੰਘਾਈ 'ਚ ਇਕ ਬਜ਼ੁਰਗ ਔਰਤ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਦਾ ਸਮੇਂ ਸਿਰ ਇਲਾਜ ਨਹੀਂ ਹੋ ਸਕਿਆ ਹੈ। -PTC News