ਸਵਾਈਨ ਫ਼ਲੂ ਨਾਲੋਂ 10 ਗੁਣਾ ਘਾਤਕ ਹੈ ਕੋਰੋਨਾਵਾਇਰਸ - ਵਿਸ਼ਵ ਸਿਹਤ ਸੰਗਠਨ

By Panesar Harinder - April 14, 2020 6:04 pm

ਨਿਊ ਯਾਰਕ - ਪਹਿਲੀ ਵਾਰ ਐਨੇ ਖੁੱਲ੍ਹੇ ਤੌਰ 'ਤੇ ਕਹਿੰਦੇ ਹੋਏ ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਦੁਨੀਆ ਭਰ ਦੇ 18 ਲੱਖ ਤੋਂ ਵੱਧ ਲੋਕਾਂ ਨੂੰ ਲਪੇਟ 'ਚ ਲੈਣ ਅਤੇ 1.17 ਲੱਖ ਲੋਕਾਂ ਦੀ ਮੌਤ ਦਾ ਕਾਰਨ ਬਣ ਵਾਲਾ COVID-19, ਸਵਾਈਨ ਫ਼ਲੂ ਵਾਇਰਸ ਨਾਲੋਂ ਘੱਟੋ ਘੱਟ 10 ਗੁਣਾ ਵਧੇਰੇ ਜਾਨਲੇਵਾ ਹੈ।

ਜੇਨੇਵਾ ਤੋਂ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਐਡਾਨੋਮ ਨੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਤਾਲ਼ਾਬੰਦੀ ਲਾਗੂ ਰੱਖਣ 'ਤੇ ਆਪਣਾ ਕੰਟਰੋਲ ਬਣਾ ਕੇ ਰੱਖਣ ਅਤੇ COVID-19 ਦਾ ਪ੍ਰਕੋਪ ਦਬਾਅ ਹੇਠ ਲੈਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣ।

"ਅਸੀਂ ਸਾਰੇ ਜਾਣਦੇ ਹਾਂ ਕਿ COVID -19 ਬੜੀ ਤੇਜ਼ੀ ਨਾਲ ਫੈਲਦਾ ਹੈ, ਅਤੇ ਇਹ ਵੀ ਜਾਣਦੇ ਹਾਂ ਕਿ ਇਹ ਬਹੁਤ ਘਾਤਕ ਹੈ, 2009 ਦੀ ਸਵਾਈਨ ਫ਼ਲੂ ਮਹਾਮਾਰੀ ਨਾਲੋਂ 10 ਗੁਣਾ ਵਧੇਰੇ ਘਾਤਕ,"
ਇਹ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦੇ ਸ਼ਬਦ ਹਨ।

ਸਾਲ 2009 ਦੀ ਸਵਾਈਨ ਫ਼ਲੂ ਮਹਾਮਾਰੀ ਇੱਕ ਨਜ਼ਲਾ-ਜ਼ੁਕਾਮ ਨਾਲ ਬੁਖਾਰ ਵਾਲੀ ਮਹਾਮਾਰੀ ਸੀ, ਜੋ ਕਿ ਜਨਵਰੀ 2009 ਤੋਂ ਅਗਸਤ 2010 ਤੱਕ ਚੱਲੀ। H1N1 ਵਾਇਰਸ ਦੀਆਂ ਦੋਵੇਂ ਮਹਾਂਮਾਰੀਆਂ ਨੇ ਦਬਾਅ ਦੇ ਬਾਵਜੂਦ, ਸੰਸਾਰ ਭਰ ਦੇ 6,04,446 ਹੋਰਾਂ ਨੂੰ ਸੰਕਰਮਣ ਹੇਠ ਲਿਆ ਅਤੇ 18,036 ਲੋਕਾਂ ਦੀ ਮੌਤ ਦਾ ਕਾਰਨ ਬਣੀਆਂ।

"ਇਹ ਮਹਾਂਮਾਰੀ, ਕਿਸੇ ਸਿਹਤ ਸੰਕਟ ਨਾਲੋਂ ਕਿਤੇ ਜ਼ਿਆਦਾ ਵੱਡੀ ਹੈ, ” ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕੋਰੋਨਾ ਵਾਇਰਸ ਦਾ ਜ਼ਿਕਰ ਕਰਦਿਆਂ ਕਿਹਾ।

COVID-19 ਮਹਾਂਮਾਰੀ ਦੇ ਪ੍ਰਭਾਵ ਹੇਠ ਆਏ ਕੁਝ ਯੂਰਪੀਅਨ ਦੇਸ਼ ਵਿੱਚ ਛੂਤ ਘਟਣ ਦੇ ਸੰਕੇਤਾਂ ਨੂੰ ਦੇਖਦੇ ਹੋਏ, ਵਿਸ਼ਵ ਸਿਹਤ ਸੰਗਠਨ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਬੰਦੀਆਂ ਹਟਾਉਣ ਲਈ ਇਸ ਵੇਲੇ ਕੀਤੀ ਕਾਹਲ਼ੀ, COVID-19 ਦੇ ਮੁੜ ਜ਼ਿਆਦਾ ਮਾਰੂ ਹੋ ਕੇ ਉੱਭਰਨ ਦਾ ਕਾਰਨ ਬਣ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਅੱਗੇ ਕਿਹਾ, "ਪਿਛਲੇ ਹਫ਼ਤੇ, ਸਪੇਨ, ਇਟਲੀ, ਜਰਮਨੀ ਅਤੇ ਫਰਾਂਸ ਵਰਗੇ ਯੂਰਪ ਦੇ ਕੁਝ ਅਜਿਹੇ ਦੇਸ਼ਾਂ ਵਿੱਚ ਅਸੀਂ COVID-19 ਦਾ ਪ੍ਰਭਾਵ ਘਟਦਾ ਦੇਖਿਆ ਹੈ, ਜਿਨ੍ਹਾਂ ਵਿੱਚ ਇੱਕ ਸਮੇਂ ਇਸ ਦੀ ਬਹੁਤ ਭਾਰੀ ਮਾਰ ਪਈ ਸੀ।"

ਉਨ੍ਹਾਂ ਕਿਹਾ ਕਿ ਜੇ ਅਸੀਂ ਸਹੀ ਢੰਗ ਨਾਲ ਨਾ ਚੱਲੇ ਇਸ ਮਹਾਮਾਰੀ ਦੀ ਵਾਪਸੀ ਵੀ ਸਾਡੇ ਲਈ ਓਨੀ ਹੀ ਖ਼ਤਰਨਾਕ ਹੋ ਸਕਦੀ ਹੈ,” ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਇਸ ਦੀ ਮਾਰ ਹੇਠ ਆਏ ਦੇਸ਼ਾਂ ਨਾਲ ਪਾਬੰਦੀਆਂ ਨੂੰ ਹੌਲੀ ਹੌਲੀ ਅਤੇ ਸੁਰੱਖਿਅਤ ਢੰਗ ਨਾਲ ਘੱਟ ਕਰਨ ਦੀਆਂ ਰਣਨੀਤੀਆਂ ‘ਤੇ ਕੰਮ ਕਰ ਰਿਹਾ ਹੈ।

adv-img
adv-img