"ਸੁੰਨ ਮੁਨਿ ਨਗਰੀ ਭਈ" ਸ੍ਰੀ ਹਰਿਮੰਦਰ ਸਾਹਿਬ ਦੇ 443 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ 'ਸੁੰਨਸਾਨ' ਵਿਸਾਖੀ

By Panesar Harinder - April 13, 2020 2:04 pm

"ਸੁੰਨ ਮੁਨਿ ਨਗਰੀ ਭਈ"

ਦੁਨੀਆ ਭਰ 'ਚ ਵਸਦੇ ਪੰਜਾਬੀ ਅਤੇ ਸਿੱਖ ਭਾਈਚਾਰਾ ਅੱਜ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾ ਰਹੇ ਹਨ, ਪਰ ਸ਼ਾਇਦ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਕਿ ਇਨ੍ਹਾਂ ਦੇ ਰਿਵਾਇਤੀ ਜਸ਼ਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਹੀਂ ਮਨਾਏ ਜਾ ਰਹੇ। ਕੋਰੋਨਾ ਮਹਾਮਾਰੀ ਕਾਰਨ ਦੁਨੀਆ ਦੇ ਬਹੁਤੇ ਮੁਲਕਾਂ ਅੰਦਰ ਲੌਕਡਾਊਨ ਚੱਲ ਰਿਹਾ ਹੈ ਅਤੇ ਭਾਰਤ ਤੇ ਪੰਜਾਬ 'ਚ ਲੱਗੇ ਲੌਕਡਾਊਨ ਦਾ ਸਿੱਧਾ ਅਸਰ ਇੱਥੇ ਦੇਖਣ ਨੂੰ ਮਿਲ ਰਿਹਾ ਹੈ।

ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸਿੱਖਾਂ ਦੇ ਕੇਂਦਰੀ ਅਧਿਆਤਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਅੱਜ ਹਰ ਪਾਸੇ ਸੁੰਨਸਾਨ ਦੇਖਣ ਨੂੰ ਮਿਲਿਆ, ਅਤੇ ਸ਼ਰਧਾਲੂਆਂ ਦੀ ਗਿਣਤੀ ਵੀ ਨਾਮਾਤਰ ਹੀ ਦਿਖਾਈ ਦਿੱਤੀ। ਜਦ ਕਿ, ਆਮ ਦਿਨ ਤੇ ਤਿਉਹਾਰ ਮੌਕੇ ਇੱਥੇ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਬਚਦੀ।

ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਅਜਿਹਾ ਵਾਪਰਿਆ ਹੈ। 'ਅੰਮ੍ਰਿਤ ਸਰੋਵਰ' ਜਾਂ ਅੰਮ੍ਰਿਤਸਰ ਦੀ ਸ਼ੁਰੂਆਤ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਅਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਹੇਠ ਇਸ ਦੀ ਖੁਦਾਈ ਕਰਵਾਈ। ਯੋਜਨਾਬੰਦੀ ਵਿੱਚ ਇੱਥੇ ਇੱਕ ਸੁੰਦਰ ਨਗਰ ਵਸਾਉਣਾ ਵੀ ਸ਼ਾਮਲ ਸੀ ਅਤੇ ਸੰਨ 1570 ਵਿੱਚ ਦੋਵਾਂ ਦੀ ਸ਼ੁਰੂਆਤ ਨਾਲੋ-ਨਾਲ ਹੋਈ ਅਤੇ ਇਹ ਕਾਰਜ 1577 ਵਿੱਚ ਮੁਕੰਮਲ ਕਰ ਲਏ ਗਏ। ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਸੰਨ 1588 ਵਿੱਚ ਰੱਖਿਆ ਗਿਆ ਅਤੇ ਮੁਕੰਮਲ ਕਰਕੇ ਸੰਨ 1604 ਵਿੱਚ ਪੰਚਮ ਪਾਤਸ਼ਾਹ ਜੀ ਦੀ ਅਗਵਾਈ ਹੇਠ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ।
1577 ਈ. ਵਿੱਚ ਮੁਕੰਮਲ ਹੋਣ ਤੋਂ ਅੱਜ ਤੱਕ ਦੇ 443 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦਾ ਇਕੱਠ ਨਾ ਹੋਇਆ ਹੋਵੇ। ਸੰਨ 1699 ਈ. ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਵਿਸ਼ਵ-ਵਿਆਪੀ ਮਹਾਮਾਰੀ ਬਣੇ ਕੋਰੋਨਾ ਵਾਇਰਸ ਨੇ ਸਭ ਨੂੰ ਆਪੋ–ਆਪਣੇ ਘਰੀਂ ਰਹਿਣ ਲਈ ਮਜਬੂਰ ਕਰ ਦਿੱਤਾ ਹੈ।

ਦੇਸ਼ਾਂ-ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਇੱਥੇ ਪੁੱਜਣ ਵਾਲੇ ਆਮ ਸ਼ਰਧਾਲੂਆਂ ਦੇ ਚੜ੍ਹਾਵੇ ਦੀ ਕੀਮਤ ਆਮ ਦਿਨਾਂ ’ਚ ਰੋਜ਼ਾਨਾ 25 ਲੱਖ ਤੱਕ ਤੇ ਕਈ ਵਾਰ ਉਸ ਤੋਂ ਵੀ ਵੱਧ ਹੋ ਜਾਂਦੀ ਹੈ, ਪਰ ਕੋਰੋਨਾ ਕਾਰਨ ਲੱਗੇ ਲੌਕਡਾਊਨ ਕਾਰਨ ਇਹ ਰਕਮ 5 ਤੋਂ 15 ਹਜ਼ਾਰ ਦੇ ਵਿਚਕਾਰ ਰਹਿ ਰਹੀ ਹੈ।

ਹਾਲਾਂਕਿ ਲੌਕਡਾਊਨ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਦਰ ਜਾਣ ਦੀ ਕਿਸੇ ਨੂੰ ਮਨਾਹੀ ਨਹੀਂ ਹੈ, ਪਰ ਕੋਰੋਨਾ ਲੌਕਡਾਊਨ ਤੇ ਕਰਫ਼ਿਊ ਕਾਰਨ ਪੰਜਾਬ ਦੇ ਸਾਰੇ ਰਸਤੇ ਬੰਦ ਹਨ। ਜ਼ਿਆਦਾਤਰ ਪਿੰਡਾਂ ਵੱਲੋਂ ਕੋਰੋਨਾ ਦੇ ਛੂਤ ਦੀ ਬਿਮਾਰੀ ਹੋਣ ਦੇ ਮੱਦੇਨਜ਼ਰ ਬਚਾਅ ਪੱਖ ਨੂੰ ਦੇਖਦੇ ਹੋਏ, ਬਾਹਰੀ ਲੋਕਾਂ ਦਾ ਪਿੰਡ ਵਿੱਚ ਆਉਣਾ-ਜਾਣਾ ਬੰਦ ਕਰਨ ਦੇ ਮੰਤਵ ਨਾਲ ਨਾਕੇ ਲਗਾਏ ਜਾ ਰਹੇ ਹਨ।

ਸਫ਼ਾਈ ਆਦਿ ਦੇ ਪੂਰੇ ਬੰਦੋਬਸਤ ਦੇ ਨਾਲ ਨਾਲ, ਸ਼ਰਧਾਲੂਆਂ ਲਈ ਸ੍ਰੀ ਹਰਿਮੰਦਰ ਸਾਹਿਬ ’ਚ ਮਾਸਕ ਤੇ ਸੈਨੀਟਾਈਜ਼ਰਾਂ ਦਾ ਵੀ ਪੂਰਾ ਇੰਤਜ਼ਾਮ ਰੱਖਿਆ ਜਾ ਰਿਹਾ ਹੈ। ਪਹੁੰਚਣ ਵਾਲੇ ਸ਼ਰਧਾਲੂ ਕੋਲ ਨਾ ਹੋਣ 'ਤੇ ਇਹ ਦੋਵੇਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ, ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨਾ ਹੋ ਸਕੇ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

adv-img
adv-img