ਸਕੂਲਾਂ ਵੱਲੋਂ ਭੇਜੇ ਫ਼ੀਸ ਜਮ੍ਹਾਂ ਕਰਵਾਉਣ ਦੇ ਸੁਨੇਹਿਆਂ ਨੇ ਵਧਾਈ ਮਾਪਿਆਂ ਦੀ ਚਿੰਤਾ

By Panesar Harinder - April 05, 2020 1:04 pm

ਲੁਧਿਆਣਾ - ਕੋਰੋਨਾ ਮਹਾਮਾਰੀ ਕਾਰਨ ਲਗਾਏ ਗਏ ਕਰਫ਼ਿਊ ਤੇ ਲਾਕਡਾਊਨ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਸਾਲਾਨਾ ਪ੍ਰੀਖਿਆਵਾਂ ਅਤੇ ਆਮ ਤੌਰ 'ਤੇ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਦਿਅਕ ਸੈਸ਼ਨ ਨੂੰ ਲੈ ਕੇ ਵੀ ਮਾਪੇ ਤੇ ਬੱਚੇ ਬੜੇ ਚਿੰਤਤ ਹਨ। ਬਹੁਤ ਸਾਰੇ ਸਕੂਲਾਂ ਨੇ ਫ਼ੋਨਾਂ ਰਾਹੀਂ ਸੰਪਰਕ ਬਣਾ ਕੇ ਅਤੇ ਆਨਲਾਈਨ ਸੰਚਾਰ ਸਾਧਨਾਂ ਦੀ ਮਦਦ ਨਾਲ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਹੈ, ਪਰ ਮਾਪਿਆਂ ਦੀ ਚਿੰਤਾ ਉਦੋਂ ਵਧੀ ਜਦੋਂ ਉਨ੍ਹਾਂ ਨੂੰ ਫ਼ੀਸ ਜਮ੍ਹਾਂ ਕਰਵਾਉਣ ਦੇ ਮੈਸੇਜ ਪ੍ਰਾਪਤ ਹੋਏ। ਹਾਲਾਂਕਿ ਸ਼ਹਿਰ ਦੇ ਜ਼ਿਆਦਾਤਰ ਸਕੂਲਾਂ ਵੱਲੋਂ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਅਧੀਨ ਫ਼ਿਲਹਾਲ ਅਧਿਕਾਰਤ ਤੌਰ 'ਤੇ ਕੋਈ ਮੈਸੇਜ ਨਹੀਂ ਭੇਜੇ ਗਏ, ਪਰ ਜਿਨ੍ਹਾਂ ਸਕੂਲਾਂ ਨੇ ਇਹ ਮੈਸੇਜ ਭੇਜੇ ਹਨ ਉਨ੍ਹਾਂ ਬਾਰੇ ਇਹ ਸੂਚਨਾ ਸਿੱਖਿਆ ਵਿਭਾਗ ਨੂੰ ਵੀ ਮਾਪਿਆਂ ਤੋਂ ਹੀ ਪ੍ਰਾਪਤ। ਹੋਈ ਹੈ। ਹੁਣ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਕਰਕੇ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਤੱਕ ਹਾਲਾਤ ਆਮ ਨਾ ਹੋਣ ਅਤੇ ਸਿੱਖਿਆ ਵਿਭਾਗ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਨਾ ਹੋਵੇ, ਮਾਪਿਆਂ ਤੋਂ ਫ਼ੀਸ ਦੀ ਮੰਗ ਨਾ ਕੀਤੀ ਜਾਵੇ।

ਮਿਲੀ ਜਾਣਕਾਰੀ ਮੁਤਾਬਿਕ ਡੀ.ਪੀ.ਆਈ. ਪੰਜਾਬ ਵੱਲੋਂ ਦੋ ਹਫ਼ਤੇ ਪਹਿਲਾਂ ਨਿੱਜੀ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਸੀ ਕਿ ਫ਼ਿਲਹਾਲ ਮਾਪਿਆਂ ਤੋਂ ਫ਼ੀਸ ਦੀ ਮੰਗ ਨਾ ਕੀਤੀ ਜਾਵੇ। ਅਜਿਹਾ ਹੀ ਇੱਕ ਹੁਕਮ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਵੀ ਜਾਰੀ ਕੀਤਾ ਗਿਆ ਸੀ ਕਿ ਹਾਲਾਤ ਆਮ ਹੋਣ ਤੱਕ ਸਕੂਲਾਂ ਨੂੰ ਆਪਣੇ ਫ਼ੀਸ ਜਮ੍ਹਾਂ ਕਰਵਾਉਣ ਦੇ ਕਾਰਜਕ੍ਰਮ ਨੂੰ ਅੱਗੇ ਪਾਉਣਾ ਪਵੇਗਾ। ਇਸ ਵਿੱਚ ਕਿਹਾ ਗਿਆ ਸੀ ਕਿ ਫ਼ੀਸ ਜਮ੍ਹਾਂ ਕਰਵਾਉਣ ਦੀ ਹੱਦ ਉਸ ਸਮੇਂ ਮੁਤਾਬਿਕ ਰੱਖੀ ਜਾਵੇਗੀ ਅਤੇ ਉਦੋਂ ਤੱਕ ਮਾਪਿਆਂ 'ਤੇ ਫ਼ੀਸ ਸੰਬੰਧੀ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ਜਾ ਸਕੇਗਾ। ਅਤੇ ਨਾਲ ਹੀ, ਹਾਲਾਤ ਆਮ ਹੋਣ 'ਤੇ ਮਾਪਿਆਂ ਨੂੰ ਫ਼ੀਸ ਜਮ੍ਹਾਂ ਕਰਵਾਉਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ ਤੇ ਉਨ੍ਹਾਂ ਤੋਂ ਕਿਸੇ ਕਿਸਮ ਦਾ ਕੋਈ ਜੁਰਮਾਨਾ ਨਹੀਂ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਵਿਸ਼ਵ-ਵਿਆਪੀ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਹੋਰਨਾਂ ਪੱਖਾਂ ਸਮੇਂ ਇਸ ਸਾਲ ਪੜ੍ਹਾਈ ਨੂੰ ਲੈ ਕੇ ਵਿਦਿਆਰਥੀ, ਮਾਪੇ ਅਤੇ ਅਧਿਆਪਕ ਸਾਰੇ ਹੀ ਫ਼ਿਕਰਮੰਦ ਹਨ। ਕਰਫ਼ਿਊ ਤੇ ਲਾਕਡਾਊਨ ਕਾਰਨ ਕੰਮਾਂ-ਕਾਰਾਂ ਨੂੰ ਵੱਜੀ ਸੱਟ, ਘਰਾਂ ਦੇ ਵਿੱਤੀ ਪ੍ਰਬੰਧਾਂ ਦਾ ਅਸੰਤੁਲਨ ਅਤੇ ਪੜ੍ਹਾਈ ਲਈ ਘਟਦਾ ਜਾ ਰਿਹਾ ਸਮਾਂ ਵੀ ਇਸ ਵਿੱਚ ਸ਼ਾਮਲ ਹੈ।

adv-img
adv-img