Thu, Apr 25, 2024
Whatsapp

ਕਿਹੋ ਜਿਹੀ ਹੋਵੇਗੀ ਕੋਰੋਨਾ ਮਹਾਮਾਰੀ ਤੋਂ ਬਾਅਦ ਦੀ ਦੁਨੀਆ ?

Written by  Panesar Harinder -- April 07th 2020 12:39 PM -- Updated: April 07th 2020 03:46 PM
ਕਿਹੋ ਜਿਹੀ ਹੋਵੇਗੀ ਕੋਰੋਨਾ ਮਹਾਮਾਰੀ ਤੋਂ ਬਾਅਦ ਦੀ ਦੁਨੀਆ ?

ਕਿਹੋ ਜਿਹੀ ਹੋਵੇਗੀ ਕੋਰੋਨਾ ਮਹਾਮਾਰੀ ਤੋਂ ਬਾਅਦ ਦੀ ਦੁਨੀਆ ?

ਜਾਣੋ ਦੇਸ਼-ਦੁਨੀਆ 'ਤੇ ਕੀ ਅਸਰ ਪੈਣਗੇ

3 ਮਹੀਨਿਆਂ ਦੇ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ, ਕੋਰੋਨਾ ਮਹਾਮਾਰੀ ਨੇ ਦੁਨੀਆ ਦਾ ਜਿਵੇਂ ਮੂੰਹ-ਮੁਹਾਂਦਰਾ, ਚਾਲ ਤੇ ਕਾਰਜ ਪ੍ਰਣਾਲੀ ਦੀ ਕਾਇਆ ਪਲਟ ਕੇ ਰੱਖ ਦਿੱਤੀ ਹੈ। ਦੁਨੀਆ ਭਰ ਦੇ ਦੇਸ਼ ਇਸ ਨਾਲ ਜੂਝ ਰਹੇ ਹਨ ਅਤੇ ਅੰਕੜਿਆਂ ਦੀ ਗੱਲ ਕਰੀਏ ਤਾਂ ਤਕਰੀਬਨ 13 ਲੱਖ ਲੋਕਾਂ ਨੂੰ ਲਾਗ ਲੱਗਣ ਅਤੇ ਲਗਭਗ 70,000 ਲੋਕਾਂ ਦੀ ਇਸ ਕਾਰਨ ਮੌਤ ਦੀ ਜਾਣਕਾਰੀ ਮਿਲਦੀ ਹੈ। ਆਖ਼ਿਰਕਾਰ ਜਦੋਂ ਇਸ ਮਹਾਮਾਰੀ 'ਤੇ ਕਾਬੂ ਪਾ ਲਿਆ ਗਿਆ, ( ਉਮੀਦ ਹੈ ਕਿ ਜਲਦੀ ਹੀ ! ) ਧਿਆਨ ਨਾਲ ਤੱਥਾਂ ਨੂੰ ਜਾਂਚੀਏ ਤਾਂ ਨਿਸ਼ਚਿਤ ਰੂਪ ਨਾਲ ਸਿਹਤ ਦੇ ਪੱਖ ਤੋਂ ਇਸ ਦੇ ਵਿਸ਼ਵਵਿਆਪੀ ਅਸਰ ਰਹਿਣਗੇ ਅਤੇ ਬਹੁਤ ਬਦਲਾਅ ਦੇਖਣ ਨੂੰ ਮਿਲਣਗੇ। ਇਸ ਦੇ ਸਕਾਰਾਤਮਕ ਪੱਖ ਵੀ ਉੱਭਰਨਗੇ ਤਾਂ ਜ਼ਾਹਿਰ ਹੈ ਨਾਕਾਰਾਤਮਕ ਵੀ ਨਾਲ ਰਹਿਣਗੇ।

ਸਕਾਰਾਤਮਕ ਨਤੀਜੇ

ਇਸ ਮਹਾਮਾਰੀ ਨੇ ਸਿਹਤ ਨੂੰ ਵਿਸ਼ਵਵਿਆਪੀ ਅਤੇ ਸੌਖਾ ਬਣਾ ਦਿੱਤਾ ਹੈ। ਸਾਨੂੰ ਇਹ ਗੱਲ ਸਮਝਾਉਣ ਦੀ ਲੋੜ ਨਹੀਂ ਕਿ ਸਾਰਾ ਸੰਸਾਰ ਸਾਰੇ ਦੇਸ਼ ਇੱਕ ਦੂਜੇ ਨਾਲ ਜੁੜੇ ਹੋਏ ਹਨ। ਅੱਜ ਇਕ ਸਕੂਲੀ ਬੱਚੇ ਨੂੰ ਵੀ ਸਮਝ ਹੈ ਕਿ ਵੁਹਾਨ ਵਿਖੇ ਵਾਪਰਨ ਵਾਲੀ ਕਿਸੇ ਘਟਨਾ ਦਾ ਨਿਊਯਾਰਕ ਤੱਕ ਦੀ ਸਿਹਤ 'ਤੇ ਬੜਾ ਡੂੰਘਾ ਪ੍ਰਭਾਵ ਪੈ ਸਕਦਾ ਹੈ। ਦੁਨੀਆ ਭਰ ਦੇ ਦੇਸ਼ਾਂ ਨੂੰ ਇਹ ਸਬਕ ਮਿਲਿਆ ਹੈ ਕਿ ਇੱਕ ਮਹਾਮਾਰੀ ਵਿਸ਼ਵਵਿਆਪੀ ਅਰਥਚਾਰੇ ਨੂੰ ਤਬਾਹ ਕਰ ਸਕਦੀ ਹੈ ਅਤੇ ਇਸ ਦੇ ਨਤੀਜਿਆਂ ਦੀ ਲਾਗਤ ਮੁਲਕਾਂ ਨੂੰ ਖ਼ਰਬਾਂ 'ਚ ਪੈਂਦੀ ਹੈ। ਸਿਹਤ ਵਿੱਚ ਕੀਤਾ ਨਿਵੇਸ਼ ਅਰਥਚਾਰੇ ਵਿੱਚ ਵੀ ਬਰਾਬਰ ਨਿਵੇਸ਼ ਹੀ ਹੈ। ਮਹਾਮਾਰੀ ਨੇ ਇਸ ਗੱਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਦੁਨੀਆ ਦੇ ਵੱਡੀ ਗਿਣਤੀ ਲੋਕਾਂ ਕੋਲ ਮਿਆਰੀ ਸਿਹਤ ਸੰਭਾਲ਼ ਨਹੀਂ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਮਹਾਮਾਰੀ ਤੋਂ ਬਾਅਦ ਦੁਨੀਆ ਦੀਆਂ ਸਿਹਤ ਸੰਬੰਧੀ ਗੁਣਵੱਤਾ ਅਤੇ ਵਿਸ਼ੇਸ਼ਤਾਵਾਂ ਬਿਹਤਰ ਹੋਣਗੀਆਂ। ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ ਹਾਲਾਂਕਿ ਪਹਿਲਾਂ ਤੋਂ ਸਮਝਦੇ ਹਨ, ਤੇ ਉਨ੍ਹਾਂ ਦੇ ਨਾਲ ਨਾਲ ਹੁਣ ਅਮਰੀਕੀ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਸਿਹਤ ਸੁਰੱਖਿਆ ਦਾ ਮਤਲਬ ਸਿਰਫ਼ ਸਿਹਤ ਸੰਭਾਲ਼ ਦੀਆਂ ਸੁਵਿਧਾਵਾਂ ਤੱਕ ਸੀਮਤ ਨਹੀਂ। ਸਾਰੀ ਦੁਨੀਆ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਸਿਹਤ ਸੁਰੱਖਿਆ ਵੀ ਇੱਕ ਅਜਿਹਾ ਵਿਸ਼ਾ ਹੈ ਕਿ ਜਿਸ ਲਈ ਵਿਸ਼ਵਵਿਆਪੀ ਏਕੇ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਹੈ। ਸਿਹਤ ਖੇਤਰ ਦੀ ਸਿੱਖਿਆ ਅਤੇ ਟ੍ਰੇਨਿੰਗ 'ਤੇ ਵੀ ਇਸ ਦਾ ਸਿੱਧਾ ਅਸਰ ਰਹੇਗਾ ਅਤੇ ਇਸ ਖੇਤਰ ਦੇ ਪੇਸ਼ੇਵਰਾਂ ਨੂੰ ਇੱਕ ਸੰਸਾਰ ਪੱਧਰੀ ਪੇਸ਼ੇਵਰ ਵਜੋਂ ਸਿਖਲਾਈ ਦੇਣ ਦੀ ਲੋੜ ਸਾਹਮਣੇ ਆਉਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਜੋ ਮੈਡੀਕਲ ਸਿੱਖਿਆ ਦੀ ਗੁਣਵੱਤਾ ਨੂੰ ਨਵੀਂ ਉਡਾਣ ਦੇਣ ਦੀ ਕਾਬਲੀਅਤ ਰੱਖਦੀਆਂ ਹਨ।

ਨਕਾਰਾਤਮਕ ਨਤੀਜੇ

ਇਹ ਗੱਲ ਚਿੰਤਾ ਕਰਨ ਵਾਲੀ ਹੈ ਕਿ Covid-19 ਦਾ ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ 'ਤੇ ਪੈ ਰਿਹਾ ਮੌਜੂਦਾ ਅਸਰ ਤੇ ਇਸ ਦੇ ਨਤੀਜੇ ਸਖ਼ਤ ਨਤੀਜਿਆਂ ਨੂੰ ਜਨਮ ਦੇ ਰਿਹਾ ਹੈ ਅਤੇ ਇਹ ਸਖ਼ਤਾਈ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ 'ਤੇ ਪੈਣ ਦੇ ਅੰਦਾਜ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੌਜੂਦਾ ਸਿਹਤ ਸੰਭਾਲ ਦੇ ਹਰ ਪੱਖ 'ਤੇ ਇਸ ਦਾ ਅਸਰ ਪੈ ਰਿਹਾ ਹੈ ਤੇ ਇੱਥੋਂ ਤੱਕ ਕਿ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਟੀਕਾਕਰਨ ਵਰਗੀਆਂ ਮੁਢਲੀਆਂ ਸੇਵਾਵਾਂ ਉੱਤੇ ਵੀ ਇਸ ਦਾ ਅਸਰ ਹੈ। ਇਸ ਤੋਂ ਖਸਰਾ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਦੇ ਮੁੜ ਉੱਭਰ ਆਉਣ ਦਾ ਡਰ ਪੈਦਾ ਹੋ ਰਿਹਾ ਹੈ। ਹਾਵੀ ਹੋਈ ਕੋਰੋਨਾ ਮਹਾਮਾਰੀ ਨੇ "ਬਿੱਗ ਥ੍ਰੀ" (Big Three) ਵਜੋਂ ਜਾਣੀਆਂ ਜਾਂਦੀਆਂ ਟੀ ਬੀ, ਏਡਜ਼ ਅਤੇ ਮਲੇਰੀਆ ਲਈ ਨਿਰਣਾਇਕ ਜੰਗ ਅਰੰਭਣ ਦੀਆਂ ਯੋਜਨਾਵਾਂ ਨੂੰ ਠੰਢੇ ਬਸਤੇ 'ਚ ਪਾ ਦਿੱਤਾ ਹੈ। ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਮਹਾਮਾਰੀ ਤੋਂ ਉਪਜਣ ਵਾਲੇ ਨਤੀਜਿਆਂ ਨਾਲ ਭੁਗਤਣ ਵਾਸਤੇ ਅਤੇ ਆਪਣੇ ਆਰਥਿਕ ਢਾਂਚੇ ਤੇ ਸਿਹਤ ਪ੍ਰਣਾਲੀਆਂ ਦੀ ਮੁੜ ਉਸਾਰੀ ਲਈ ਆਮ ਨਾਲੋਂ ਵਧੇਰੇ ਫੰਡਾਂ ਦੀ ਜ਼ਰੂਰਤ ਪਵੇਗੀ, ਅਤੇ ਇਨ੍ਹਾਂ ਦੇਸ਼ਾਂ ਦੀ ਨਿਰਭਰਤਾ ਅੰਤਰਰਾਸ਼ਟਰੀ ਸਹਾਇਤਾ 'ਤੇ ਪਹਿਲਾਂ ਨਾਲੋਂ ਵਧ ਜਾਵੇਗੀ। ਵੱਧ ਆਮਦਨ ਵਾਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਡਰ ਇਸ ਗੱਲ ਦਾ ਹੈ ਕਿ ਕਿਤੇ ਉਹ 'ਰਾਸ਼ਟਰੀ ਸੁਰੱਖਿਆ' ਦਾ ਬਹਾਨਾ ਬਣਾ ਕੇ ਸਿਹਤ ਸਮੇਤ ਹੋਰਨਾਂ ਖੇਤਰਾਂ ਵਿੱਚ ਵਿਕਾਸ ਲਈ ਹੋਣ ਵਾਲੇ ਨਿਵੇਸ਼ ਤੋਂ ਕਿਨਾਰਾ ਨਾ ਕਰ ਲੈਣ।

Top News view more...

Latest News view more...