Sat, Apr 20, 2024
Whatsapp

ਬਦਲੇ ਟਰੰਪ ਦੇ ਸੁਰ, ਲਿਆ 'ਯੂ-ਟਰਨ' COVID-19 ਨਾਲ ਜੁੜੀਆਂ ਦਵਾਈਆਂ 'ਤੇ ਪੂਰਿਆ ਭਾਰਤ ਦਾ ਪੱਖ

Written by  Panesar Harinder -- April 08th 2020 12:49 PM
ਬਦਲੇ ਟਰੰਪ ਦੇ ਸੁਰ, ਲਿਆ 'ਯੂ-ਟਰਨ' COVID-19 ਨਾਲ ਜੁੜੀਆਂ ਦਵਾਈਆਂ 'ਤੇ ਪੂਰਿਆ ਭਾਰਤ ਦਾ ਪੱਖ

ਬਦਲੇ ਟਰੰਪ ਦੇ ਸੁਰ, ਲਿਆ 'ਯੂ-ਟਰਨ' COVID-19 ਨਾਲ ਜੁੜੀਆਂ ਦਵਾਈਆਂ 'ਤੇ ਪੂਰਿਆ ਭਾਰਤ ਦਾ ਪੱਖ

ਨਵੀਂ ਦਿੱਲੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਵਿਰੁੱਧ ਬਦਲਾਖੋਰੀ ਦੀ ਭਾਵਨਾ ਤੋਂ "ਯੂ-ਟਰਨ" ਮਾਰਦੇ ਹੋਏ ਮੁੜ ਦਿੱਲੀ ਦੀ ਪ੍ਰਸ਼ੰਸਾ ਕੀਤੀ ਅਤੇ ਹਾਈਡਰੋਕਸੀਕਲੋਰੋਕੁਇਨ (HCQ) 'ਤੇ ਭਾਰਤ ਦੇ ਸਟੈਂਡ ਦੀ ਹਿਮਾਇਤ ਕਰਦਿਆਂ ਇਸ ਗੱਲ ਦਾ ਵਰਨਣ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੜੇ ਮਿਲਣਸਾਰ ਹਨ। ਮੰਗਲਵਾਰ ਨੂੰ ਭਾਰਤ ਨੇ COVID-19 ਦੇ ਮੁਕਾਬਲੇ ਵਾਸਤੇ ਮੁੱਖ ਦਵਾਈਆਂ ਦੇ ਨਿਰਯਾਤ ਨੂੰ ਸਿਆਸੀਕਰਨ ਤੋਂ ਮੁਕਤ ਰੱਖਣ ਦਾ ਸੱਦਾ ਦਿੱਤਾ ਸੀ ਅਤੇ ਇਹ ਸੱਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਤੋਂ ਬਾਅਦ ਦਿੱਤਾ ਗਿਆ ਸੀ ਜਿਸ 'ਚ ਟਰੰਪ ਨੇ ਕਿਹਾ ਸੀ ਕਿ ਜੇ ਸਪਲਾਈ ਰੋਕੀ ਗਈ ਤਾਂ ਕੋਰੋਨਾ ਨਾਲ ਜੂਝ ਰਹੇ ਬਹੁਤ ਮੁਲਕਾਂ ਨੂੰ ਪਹੁੰਚਣ ਵਾਲੇ ਮਾਲ 'ਤੇ ਵੀ ਇਸ ਦਾ ਅਸਰ ਪਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ COVID-19 ਮਹਾਮਾਰੀ ਦੇ ਵਿਸ਼ਵ-ਵਿਆਪੀ ਮਾਰ ਪਾਉਂਦੇ ਘੇਰੇ ਦੇ ਮੱਦੇਨਜ਼ਰ ਭਾਰਤ ਨੇ ਹਮੇਸ਼ਾਂ ਇਸ ਗੱਲ 'ਤੇ ਪਹਿਰਾ ਦਿੱਤਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਜ਼ਬੂਤ ​ਏਕੇ ਅਤੇ ਸਹਿਯੋਗ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਅਸੀਂ ਵੇਖ ਚੁੱਕੇ ਹਾਂ ਕਿ COVID-19 ਨਾਲ ਸੰਬੰਧਿਤ ਦਵਾਈਆਂ ਦੇ ਮੁੱਦੇ 'ਤੇ ਬੇਲੋੜਾ ਵਿਵਾਦ ਪੈਦਾ ਕਰਨ ਲਈ ਮੀਡੀਆ ਦੇ ਕੁਝ ਹਿੱਸਿਆਂ ਵੱਲੋਂ ਕੁਝ ਕੋਸ਼ਿਸ਼ਾਂ ਹੋਈਆਂ। ਇੱਕ ਜ਼ਿੰਮੇਵਾਰ ਸਰਕਾਰ ਵਜੋਂ, ਸਾਡੀ ਪਹਿਲੀ ਜ਼ਿੰਮੇਵਾਰੀ ਇਹ ਨਿਸ਼ਚਿਤ ਕਰਨਾ ਹੈ ਕਿ ਸਾਡੇ ਕੋਲ ਆਪਣੇ ਲੋਕਾਂ ਦੀ ਲੋੜ ਮੁਤਾਬਿਕ ਮਾਤਰਾ 'ਚ ਦਵਾਈਆਂ ਸਾਡੇ ਭੰਡਾਰਾਂ ਵਿੱਚ ਹੋਣ। ਉਤਪਾਦਾਂ ਦੇ ਨਿਰਯਾਤ ਨੂੰ ਸੀਮਤ ਕਰਨ ਦੇ ਕੁਝ ਸਥਾਈ ਕਦਮ ਇਸੇ ਗੱਲ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਜਿੱਥੇ ਤੱਕ ਪੈਰਾਸੀਟਾਮੋਲ ਅਤੇ ਹਾਈਡਰੋਕਸੀਕਲੋਰੋਕੁਇਨ (HCQ) ਦਾ ਮਾਮਲਾ ਹੈ, ਉਨ੍ਹਾਂ ਨੂੰ ਲਾਇਸੈਂਸਸ਼ੁਦਾ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਮੰਗ 'ਤੇ ਨਿਰੰਤਰ ਨਿਗਰਾਨੀ ਰੱਖੀ ਜਾਏਗੀ। ਹਾਲਾਂਕਿ, ਸਟਾਕ ਦੀ ਸਥਿਤੀ ਨੂੰ ਦੇਖਦੇ ਹੋਏ ਸਾਡੀ ਕੰਪਨੀਆਂ ਨੂੰ ਨਿਰਯਾਤ ਵਾਅਦੇ ਪੂਰੇ ਕਰਨ ਦੀ ਆਗਿਆ ਮਿਲ ਸਕਦੀ ਹੈ, ਜਿਨ੍ਹਾਂ ਨਾਲ ਵੀ ਉਨ੍ਹਾਂ ਨੇ ਇਕਰਾਰ ਕੀਤਾ ਹੋਵੇ। ਮਹਾਮਾਰੀ ਨਾਲ ਜੁੜੇ ਇਨਸਾਨੀਅਤ ਦੇ ਪੱਖ ਨੂੰ ਵਿਚਾਰਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਕਿ ਭਾਰਤ ਆਪਣੇ ਉਨ੍ਹਾਂ ਗੁਆਂਢੀ ਮੁਲਕਾਂ ਨੂੰ ਪੈਰਾਸੀਟਾਮੋਲ ਅਤੇ ਹਾਈਡਰੋਕਸੀਕਲੋਰੋਕੁਇਨ (HCQ) ਦੇਵੇਗਾ, ਜਿਹੜੇ ਇਸ ਵਾਸਤੇ ਭਾਰਤ 'ਤੇ ਨਿਰਭਰ ਹਨ। ਅਸੀਂ ਜ਼ਰੂਰੀ ਦਵਾਈਆਂ ਕੁਝ ਅਜਿਹੇ ਦੇਸ਼ਾਂ ਨੂੰ ਵੀ ਸਪਲਾਈ ਕੀਤੀ ਜਾਵੇਗੀ ਜੋ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਹੀ ਕਾਰਨ ਹੈ ਕਿ ਇਸ ਸੰਬੰਧ ਵਿੱਚ ਮਨਮਰਜ਼ੀ ਦੀਆਂ ਅਟਕਲਾਂ ਜਾਂ ਇਸ ਮਾਮਲੇ ਦੇ ਸਿਆਸੀਕਰਨ ਕਰਨ ਵਾਲੇ ਲੋਕਾਂ ਹੱਥ ਨਿਰਾਸ਼ਾ ਹੀ ਲੱਗੇਗੀ। ਸ਼੍ਰੀਵਾਸਤਵ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ।


Top News view more...

Latest News view more...