ਕੋਰੋਨਾ ਵਿਰੁੱਧ ਜੰਗ ‘ਚ ਨਹੀਂ ਆਵੇਗੀ ਪੈਸੇ ਦੀ ਦਿੱਕਤ ਵਿੱਤ ਮੰਤਰੀ ਪੰਜਾਬ ਨੇ ਦਿੱਤੀ ਵੱਡੀ ਰਕਮ ਜਾਰੀ ਕਰਨ ਦੀ ਜਾਣਕਾਰੀ

Coronavirus Protection Kits Punjab Government Issued Funds

ਚੰਡੀਗੜ੍ਹ – ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਪੰਜਾਬ ਸਰਕਾਰ ਵੱਲੋਂ 150 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਮੁਸ਼ਕਿਲ ਸਮੇਂ ‘ਚ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਕੋਰੋਨਾ ਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਜਾਣਗੇ ਅਤੇ ਇਨ੍ਹਾਂ ਕੰਮਾਂ ‘ਚ ਪੈਸੇ ਦੀ ਘਾਟ ਵਰਗੀ ਕੋਈ ਦਿੱਕਤ ਨਹੀਂ ਆਵੇਗੀ।
ਉਪਰੋਕਤ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਨੂੰ ਦਿੱਤੇ 150 ਕਰੋੜ ਤੋਂ ਅਲੱਗ, 50 ਕਰੋੜ ਰੁਪਏ ਡਾਕਟਰੀ ਉਪਕਰਨ ਅਤੇ ਮੈਡੀਕਲ ਖੇਤਰ ‘ਚ ਲੋੜੀਂਦਾ ਹੋਰ ਸਾਜ਼ੋ-ਸਮਾਨ ਖਰੀਦਣ ਲਈ ਵੀ ਦਿੱਤੇ ਗਏ ਹਨ। ਵਿੱਤ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਲੋੜੀਂਦੀਆਂ ਖਰੀਦਦਾਰੀਆਂ ਵਾਸਤੇ ਵਧੀਕ ਮੁੱਖ ਸਕੱਤਰ ਦੀ ਅਗਵਾਈ ਹੇਠ ਇੱਕ ਖਰੀਦ ਕਮੇਟੀ ਬਣਾ ਕੇ ਅਧਿਕਾਰ ਦਿੱਤੇ ਗਏ ਹਨ। ਲੋੜੀਂਦਾ ਸਾਜ਼ੋ-ਸਮਾਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਹਫ਼ਤੇ ਵਿੱਚ ਪਹੁੰਚਣ ਦੀ ਗੱਲ ਕਹਿੰਦੇ ਹੋਏ, ਸ. ਬਾਦਲ ਨੇ ਭਰੋਸਾ ਦਿੱਤਾ ਕਿ ਕਿਸੇ ਕਿਸਮ ਦੇ ਸਮਾਨ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ।

ਸੂਬੇ ਦੇ ਸਰਕਾਰੀ ਮੁਲਾਜ਼ਮਾਂ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਭਾਵੇਂ ਕੋਰੋਨਾ ਕਾਰਨ ਹਰ ਪੱਖ ਤੋਂ ਮੁਸ਼ਕਿਲਾਂ ਵਿੱਚ ਵੱਡਾ ਵਾਧਾ ਹੋਇਆ ਹੈ, ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਦੇਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਇੱਕ ਕੌਮੀ ਜੰਗ ਵਰਗਾ ਹੈ ਅਤੇ ਲੋੜ ਹੈ ਕਿ ਕੋਈ ਵੀ ਇਨ੍ਹਾਂ ਮੁੱਦਿਆਂ ਉੱਤੇ ਸਿਆਸਤ ਨਾ ਖੇਡੇ। ਮੁਸ਼ਕਿਲਾਂ ਨਾਲ ਜੂਝਦੇ ਲੋਕਾਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਹਰ ਰੋਜ਼ 25 ਹਜ਼ਾਰ ਲੋੜਵੰਦਾਂ ਤੱਕ ਤਿਆਰ ਭੋਜਨ ਪਹੁੰਚਾਇਆ ਜਾ ਰਿਹਾ ਹੈ। 7900 ਜਣਿਆਂ ਨੂੰ ਰਾਸ਼ਨ ਵੰਡਿਆ ਜਾ ਚੁੱਕਿਆ ਹੈ ਅਤੇ ਇਸ ਤੋਂ ਇਲਾਵਾ ਜਿਨ੍ਹਾਂ ਪਰਿਵਾਰਾਂ ਤੱਕ ਹਫ਼ਤਾ ਪਹਿਲਾਂ ਇੱਕ ਹਫ਼ਤੇ ਦਾ ਰਾਸ਼ਨ ਪਹੁੰਚਾਇਆ ਗਿਆ ਸੀ, ਉਨ੍ਹਾਂ ਨੂੰ ਅਗਲੇ ਹਫ਼ਤੇ ਲਈ ਮੁੜ ਰਾਸ਼ਨ ਵੰਡਿਆ ਜਾ ਰਿਹਾ ਹੈ।

ਆਉਂਦੇ ਦਿਨਾਂ ‘ਚ ਸ਼ੁਰੂ ਹੋਣ ਜਾ ਰਹੀ ਕਣਕ ਦੀ ਵਾਢੀ ਦੇ ਮੱਦੇਨਜ਼ਰ ਫ਼ਸਲ ਦੀ ਖ਼ਰੀਦ ਬਾਰੇ ਸ. ਬਾਦਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ 22 ਹਜ਼ਾਰ ਕਰੋੜ ਦੀ ਸੀ.ਸੀ. ਲਿਮਿਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਕਣਕ ਦੀ ਖ਼ਰੀਦ ਲਈ ਲੋੜੀਂਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਖਰੀਦ ਪ੍ਰੀਕਿਰਿਆ ਵਿੱਚ ਬਦਲਾਅ ਬਾਰੇ ਦੱਸਦੇ ਹੋਏ ਉਨ੍ਹਾਂ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਨੂੰ ਦੇਖਦੇ ਹੋਏ ਖਰੀਦ ਪ੍ਰੀਕਿਰਿਆ ਆਮ ਦੇ ਮੁਕਾਬਲੇ ਥੋੜ੍ਹੀ ਲੰਮੀ ਹੋਵੇਗੀ ਤਾਂ ਜੋ ਅਪਣਾਈ ਜਾ ਰਹੀ ਸੁਰੱਖਿਆਤਮਕ ਸਮਾਜਿਕ ਦੂਰੀ ਮੰਡੀਆਂ ਵਿੱਚ ਵੀ ਜਾਰੀ ਰਹੇ, ਅਤੇ ਕਿਸਾਨ ਆਪਣੀ ਫ਼ਸਲ ਦੀ ਵਿਕਰੀ ਕਰਦੇ ਹੋਏ ਸਿਹਤ ਪੱਖੋਂ ਵੀ ਸੁਰੱਖਿਅਤ ਰਹਿਣ। ਖਰੀਦ ਦੇ ਇੰਤਜ਼ਾਮ ਪੂਰੇ ਕਰ ਲਏ ਜਾਣ ਬਾਰੇ ਕਹਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਭੰਡਾਰਨ ਲਈ ਮੁਨਾਸਿਬ ਥਾਂ ਉਪਲਭਧ ਕਰਨ ਦੇ ਮੰਤਵ ਨਾਲ ਲੱਗਭੱਗ 30 ਮਾਲਗੱਡੀਆਂ ਰਾਹੀਂ ਰੋਜ਼ਾਨਾ ਹੋਰਨਾਂ ਸੂਬਿਆਂ ਨੂੰ ਭੇਜੀਆਂ ਜਾ ਰਹੀਆਂ ਹਨ ਜਿਸ ਦੇ ਨਤੀਜੇ ਵਜੋਂ ਸੂਬੇ ਦੇ ਗੋਦਾਮਾਂ ਅੰਦਰ ਫ਼ਸਲ ਦਾ ਭੰਡਾਰ ਕਰਨ ਲਈ ਥਾਂ ਦੀ ਕੋਈ ਦਿੱਕਤ ਨਹੀਂ ਆਵੇਗੀ।