'ਡੰਡਾ ਤੰਤਰ' ਦੀ ਥਾਂ 'ਠੰਡਾ ਤੰਤਰ', ਪੰਜਾਬ ਪੁਲਿਸ ਦਾ ਨਵਾਂ ਤਰੀਕਾ ਚਰਚਾ ਵਿੱਚ

By Panesar Harinder - May 02, 2020 3:05 pm

ਸੰਗਰੂਰ - ਵਿਸ਼ਵ-ਵਿਆਪੀ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ ਅਤੇ ਪੰਜਾਬ ਦਾ ਕਰਫ਼ਿਊ ਤੇ ਲੌਕਡਾਊਨ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਛੂਤ ਨਾਲ ਫ਼ੈਲਣ ਵਾਲੀ ਇਸ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਵੱਖੋ-ਵੱਖ ਸਾਧਨਾਂ ਰਾਹੀਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਫ਼ਿਰ ਵੀ ਬਹੁਤ ਕਈ ਲੋਕ ਬਿਨਾਂ ਕੰਮ ਤੋਂ ਘਰੋਂ ਬਾਹਰ ਨਿੱਕਲਣ ਤੋਂ ਬਾਜ਼ ਨਹੀਂ ਆ ਰਹੇ। ਆਪਣੀ ਅਤੇ ਹੋਰਨਾਂ ਦੀ ਸਿਹਤ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਅਜਿਹੇ ਲੋਕਾਂ ਨਾਲ ਨਜਿੱਠਣ ਲਈ ਪੁਲਿਸ ਨੇ ਅਨੋਖਾ ਤਰੀਕਾ ਅਪਣਾਇਆ ਹੈ। ਇਹ ਤਰੀਕਾ ਆਮ ਦੇਖਣ ਨੂੰ ਨਹੀਂ ਮਿਲਦਾ ਤੇ ਇਸੇ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਲਹਿਰਾਗਾਗਾ ਪੁਲਿਸ ਦੇ ਕਰਮਚਾਰੀ ਕਰਫ਼ਿਊ 'ਚ ਦਿੱਤੀ ਗਈ ਛੂਟ ਦੌਰਾਨ ਬਿਨਾਂ ਮਾਸਕ ਪਹਿਨੇ ਘੁੰਮ ਰਹੇ ਲੋਕਾਂ ਦੇ ਗਲੇ 'ਚ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਮਿੰਦਾ ਕਰ ਰਹੇ ਹਨ, ਤਾਂ ਜੋ ਉਹ ਥੋੜ੍ਹੀ ਸ਼ਰਮ ਮਹਿਸੂਸ ਕਰਨ ਤੇ ਆਪਣੀ ਗ਼ਲਤੀ ਦਾ ਅਹਿਸਾਸ ਕਰ ਕੇ ਸੁਧਰ ਜਾਣ।

ਅੱਜ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਰਫ਼ਿਊ 'ਚ ਛੂਟ ਦਿੱਤੀ ਗਈ ਪਰ ਹਾਲੀਆ ਦਿਨਾਂ 'ਚ ਕੋਰੋਨਾ ਪੀੜਤਾਂ ਦੇ ਵੱਡੀ ਗਿਣਤੀ 'ਚ ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਲੋਕ ਲਾਪਰਵਾਹੀ ਨਾਲ ਸ਼ਹਿਰ 'ਚ ਬਿਨਾਂ ਮਾਸਕ ਪਾਏ ਘੁੰਮਦੇ ਦਿਖਾਈ ਦਿੱਤੇ। ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਰੋਕ ਕੇ ਝਾੜ-ਝੰਬ ਕਰਨ ਦੀ ਬਜਾਏ ਇਸ ਵਾਰ ਉਨ੍ਹਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਗ਼ਲਤੀ ਦਾ ਅਹਿਸਾਸ ਕਰਵਾਇਆ।

ਇਸ ਬਾਰੇ ਦੱਸਦਿਆਂ ਪੁਲਿਸ ਕਰਮੀਆਂ ਨੇ ਕਿਹਾ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਲੋਕਾਂ ਨੂੰ ਸਮਝਾ ਸਮਝਾ ਕੇ ਥੱਕ ਚੁੱਕੇ ਹਨ, ਪਰ ਲੋਕ ਸਮਝ ਨਹੀਂ ਰਹੇ। ਇਸ ਲਈ ਉਨ੍ਹਾਂ ਨੇ ਇਹ ਤਰੀਕਾ ਅਪਣਾਇਆ ਕਿ ਜੋ ਲੋਕ ਕਰਫ਼ਿਊ ਦੌਰਾਨ ਕਿਸੇ ਵੀ ਢੰਗ ਨਾਲ ਕਾਨੂੰਨ ਦੀ ਉਲੰਘਣਾ ਕਰਦੇ ਮਿਲਣ, ਉਨ੍ਹਾਂ ਨੂੰ ਵਾਰ-ਵਾਰ ਬੋਲ ਕੇ ਸਮਝਾਉਣ ਦੀ ਥਾਂ ਹੁਣ ਗਲ 'ਚ ਹਾਰ ਪਾ ਕੇ ਸਨਮਾਨ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਖ਼ੁਦ ਸ਼ਰਮ ਮਹਿਸੂਸ ਹੋਵੇ ਅਤੇ ਇਨ੍ਹਾਂ ਤੋਂ ਸਿੱਖਿਆ ਲੈ ਕੇ ਹੋਰ ਲੋਕੀ ਚੇਤੰਨ ਹੋਣ ਅਤੇ ਘਰੋਂ ਮਾਸਕ ਪਾ ਕੇ ਹੀ ਬਾਹਰ ਨਿੱਕਲਣ।

ਪੁਲਿਸ ਮੁਲਾਜ਼ਮਾਂ ਨੇ ਅੱਗੇ ਕਿਹਾ ਦਾ ਕਹਿਣਾ ਕਿ ਉਨ੍ਹਾਂ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਏ ਰੱਖਣ ਲਈ ਹੀ ਹਨ, ਪਰ ਲੋਕ ਫਿਰ ਵੀ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਇਨ੍ਹਾਂ ਅਪੀਲਾਂ ਉੱਤੇ ਅਮਲ ਨਹੀਂ ਕਰ ਰਹੇ। ਇਸ ਕਰ ਕੇ ਮਜ਼ਬੂਰੀ 'ਚ ਉਨ੍ਹਾਂ ਨੂੰ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ, ਅਤੇ ਇਨ੍ਹਾਂ ਦਾ ਮਕਸਦ ਵੀ ਅੰਤ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੁਰੱਖਿਆ ਪ੍ਰਦਾਨ ਕਰਨਾ ਹੀ ਹੈ। ਪੁਲਿਸ ਦੀ ਇਸ ਹਾਰ ਪਾਉਣ ਵਾਲੀ ਯੋਜਨਾ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੇ ਹਨ।

adv-img
adv-img