Covid -19 ਲਈ ਜਾਂਚ ਕਿੱਟਾਂ, ਅਗਲੇ ਛੇ ਹਫ਼ਤਿਆਂ ਲਈ ਉਪਲਬਧ - (ICMR)

By Panesar Harinder - April 15, 2020 11:04 am

ਨਵੀਂ ਦਿੱਲੀ - ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਦੇਸ਼ ਵਿਆਪੀ ਲਾਕਡਾਊਨ ਦੀ ਸਥਿਤੀ ਨੂੰ ਲੈ ਕੇ ਮੰਗਲਵਾਰ ਨੂੰ ਸਿਹਤ ਅਤੇ ਗ੍ਰਹਿ ਮੰਤਰਾਲੇ ਨੇ ਸਾਂਝੀ ਕਾਨਫ਼ਰੰਸ ਕੀਤੀ। ਇਸ ਮੌਕੇ ਆਈ.ਸੀ.ਐੱਮ.ਆਰ. ਦੇ ਡਾ. ਰਤਨ ਗੰਗਾਖੇਡਕਰ ਨੇ ਕਿਹਾ ਕਿ ਦੇਸ਼ ਭਰ ਵਿੱਚ ਹੁਣ ਤੱਕ 2 ਲੱਖ 31 ਹਜ਼ਾਰ ਟੈਸਟ ਕੀਤੇ ਜਾ ਚੁੱਕੇ ਹਨ, ਅਤੇ ਕੱਲ੍ਹ 21,635 ਸੈਂਪਲ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾ ਵੀ ਦੱਸਿਆ ਸੀ ਕਿ ਸਾਡੇ ਕੋਲ ਕਾਫ਼ੀ ਗਿਣਤੀ 'ਚ ਕਿੱਟਾਂ ਉਪਲਬਧ ਹਨ ਜੋ 6 ਹਫ਼ਤਿਆਂ ਤੱਕ ਚੱਲ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਲਗਭਗ RT-PCR ਲਈ 33 ਲੱਖ ਕਿੱਟਾਂ ਦਾ ਆਰਡਰ ਜਾਰੀ ਕਰਨ ਦੇ ਨੇੜੇ ਹਾਂ, ਅਤੇ 37 ਲੱਖ ਰੈਪਿਡ ਕਿੱਟਾਂ ਕਿਸੇ ਵੀ ਸਮੇਂ ਪਹੁੰਚਣ ਦੀ ਉਮੀਦ ਹੈ।


ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਹੁਣ ਤਕ 1,036 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ, ਕੱਲ੍ਹ ਇੱਕ ਹੀ ਦਿਨ 'ਚ 179 ਲੋਕ ਠੀਕ ਹੋਏ ਹਨ। ਹੁਣ ਤੱਕ 10,363 ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਇੱਕ ਦਿਨ ਵਿੱਚ 1,211 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 339 ਹੋ ਚੁੱਕੀ ਹੈ।

ਪੂਰੀ ਦੁਨੀਆ ਇਸ ਵੇਲੇ Covid -19 ਮਹਾਮਾਰੀ ਨਾਲ ਜੂਝ ਰਹੀ ਹੈ ਅਤੇ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਾਂਗ ਭਾਰਤ 'ਚ ਵੀ ਇਸ ਵੇਲੇ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਛੂਤ ਰਾਹੀਂ ਫ਼ੈਲਣ ਵਾਲੀ ਮਹਾਮਾਰੀ ਦਾ ਫ਼ਿਲਹਾਲ ਸਹੀ ਜਾਂ ਅਸਲ ਇਲਾਜ ਹਾਲੇ ਤੱਕ ਦੁਨੀਆ ਦੇ ਸਿਹਤ ਵਿਗਿਆਨੀਆਂ ਦੀ ਪਹੁੰਚ ਤੋਂ ਬਾਹਰ ਹੈ। ਕੋਰੋਨਾ ਤੋਂ ਹੀ ਬਚਾਅ ਨੂੰ ਮੁੱਖ ਰੱਖਦੇ ਹੋਏ ਭਾਰਤ ਵਿੱਚ ਦੇਸ਼-ਵਿਆਪੀ ਲੌਕਡਾਊਨ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਰੋਜ਼ਾਨਾ ਇਸ ਦੇ ਸੰਕ੍ਰਮਿਤ ਨਵੇਂ ਲੋਕਾਂ ਦਾ ਪਾਇਆ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ।

adv-img
adv-img