ਕੋਰੋਨਾਵਾਇਰਸ ਤੋਂ ਬਚਾਅ ਲਈ ਜ਼ਰੂਰੀ ਹੈ ਹੱਥਾਂ ਨੂੰ ਧੋਣਾ, ਪਰ ਜਿਨ੍ਹਾਂ ਕਰੋੜਾਂ ਲੋਕਾਂ ਕੋਲ ਪਾਣੀ ਨਹੀਂ, ਉਹ ਕੀ ਕਰਨ ?

ਕੋਰੋਨਾਵਾਇਰਸ ਤੋਂ ਬਚਾਅ ਦੇ ਮੁਢਲੇ ਉਪਾਅ ਵਿੱਚ ਸ਼ਾਮਲ ਹੈ ਹੱਥ ਧੋਣਾ, ਪਰ ਇੱਕ ਬੜੀ ਵੱਡੀ ਤੇ ਲੁਕਵੀਂ ਦਿੱਕਤ ਇਹ ਹੈ ਕਿ ਦੁਨੀਆ ਦੇ ਲੱਖਾਂ ਹੀ ਲੋਕਾਂ ਤੱਕ ਪਾਣੀ ਦੀ ਸਹੀ ਪਹੁੰਚ ਹਲੇ ਤੱਕ ਨਹੀਂ ਹੈ।

ਹਾਰਵਰਡ ਕੈਨੇਡੀ ਸਕੂਲ ਦੀ ਸੀਨੀਅਰ ਅਹੁਦੇਦਾਰ, ਅਤੇ ‘ਹੈਂਡਵਾਸ਼ਿੰਗ’ ਵਿੱਚ ਡਾਕਟਰੇਟ ਕਰ ਚੁੱਕੀ ਮਰੀਅਮ ਸਿਦਾਈਬ ਨੇ ਇਸ ਵਿਸ਼ੇ ‘ਤੇ ਕਾਫ਼ੀ ਅਹਿਮ ਗੱਲਾਂ ‘ਤੇ ਚਾਨਣ ਪਾਇਆ ਹੈ। ਮਰੀਅਮ ਅਨੁਸਾਰ, ਘੱਟ ਗੰਦਾ ਪਾਣੀ ਉਦਾਹਰਨ ਵਜੋਂ ਕੱਪੜੇ ਧੋਣ ਲਈ ਵਰਤਿਆ ਜਾਂਦਾ ਪਾਣੀ ਵੀ ਕੋਰੋਨਾਵਾਇਰਸ ਵਿਰੁੱਧ ਕਾਫ਼ੀ ਹੱਦ ਤੱਕ ਪ੍ਰਭਾਵਸ਼ਾਲੀ ਹੈ, ਬਸ਼ਰਤੇ ਕਿ ਨਾਲ ਸਾਬਣ ਦੀ ਵਰਤੋਂ ਕੀਤੀ ਜਾਵੇ।

ਮਰੀਅਮ ਸਿਦਾਈਬ ਦਾ ਕਹਿਣਾ ਹੈ ਕਿ ਜਦੋਂ ਪਾਣੀ ਤੱਕ ਤੁਹਾਡੀ ਪਹੁੰਚ ਮੁਸ਼ਕਿਲ ਹੋਵੇ, ਤਾਂ ਸਾਫ਼-ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਰੱਖਣਾ ਬੜਾ ਮੁਸ਼ਕਿਲ ਹੁੰਦਾ ਹੈ, ਜਦ ਕਿ ਸਾਫ਼-ਸਫ਼ਾਈ ਚੰਗੀ ਸਿਹਤ ਦਾ ਮੂਲ ਆਧਾਰ ਹੈ। ਕਿਸੇ ਵੀ ਚੇਤੰਨ ਇਨਸਾਨ ਨੂੰ ਇਹ ਸਮਝਣ ਦੀ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਕਿ ਪਾਣੀ ਇੰਨਾ ਮਹੱਤਵਪੂਰਣ ਕਿਉਂ ਹੈ।

ਜਦੋਂ ਪਾਣੀ ਨਾਂਮਾਤਰ ਹੋਵੇ ਤਾਂ ਸੁਭਾਵਿਕ ਤੌਰ ‘ਤੇ ਹੱਥ ਧੋਣ ਤੋਂ ਇਲਾਵਾ ਹੋਰਨਾਂ ਕੰਮਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸੇ ਕਰਕੇ, ਜਨਤਕ ਅਤੇ ਸਿਹਤ ਦੋਵਾਂ ਪੱਖਾਂ ਤੋਂ ਦੇਖਦੇ ਹੋਏ, ਅਸੀਂ ਪਾਣੀ ਦੀ ਮਾਤਰਾ ਅਤੇ ਪਾਣੀ ਦੀ ਗੁਣਵਤਾ ਦੋਵਾਂ ਨੂੰ ਮਹੱਤਵਪੂਰਣ ਮੰਨਦੇ ਹਾਂ।

ਹਾਲਾਂਕਿ ਇੱਜ਼ਤ ਦੇ ਦ੍ਰਿਸ਼ਟੀਕੋਣ ਤੋਂ ਇਹ ਆਦਰਸ਼ ਨਹੀਂ ਹੈ, ਪਰ ਇਹ ਵੱਡਾ ਤੱਥ ਹੈ ਕਿ ਹੱਥ ਨਾ ਧੋਣ ਨਾਲੋਂ ਚੰਗਾ ਹੈ ਕਿ ਕੱਪੜੇ ਧੋਣ ਵਾਲੇ ਪਾਣੀ ਨਾਲ ਹੱਥ ਧੋ ਲਏ ਜਾਣ। ਇਹ ਜ਼ਰੂਰੀ ਨਹੀਂ ਕਿ ਹੱਥ ਧੋਣ ਲਈ ਤੁਹਾਡੇ ਕੋਲ ਬਿਲਕੁਲ ਸਾਫ਼ ਪਾਣੀ ਹੋਣਾ ਹੀ ਲਾਜ਼ਮੀ ਹੈ। ਜੇਕਰ ਤੁਸੀਂ ਸਾਬਣ ਦੀ ਵਰਤੋਂ ਕਰਦੇ ਹੋ, ਤਾਂ ਵੀ ਹੱਥ ਵਧੀਆ ਢੰਗ ਨਾਲ ਸਾਫ਼ ਕੀਤੇ ਜਾ ਸਕਦੇ ਹਨ।

ਦੱਸਣਯੋਗ ਹੈ ਕਿ ਮਰੀਅਮ ਸਿਦਾਈਬ ਏਸ਼ੀਆ, ਅਫਰੀਕਾ, ਮੱਧ ਪੂਰਬ ਅਤੇ ਅਮਰੀਕਾ ਵਿੱਚ ਨਾਮਵਰ ਕੰਪਨੀ ਯੂਨੀਲੀਵਰ ਦੁਆਰਾ ਚਲਾਈ ਗਈ ਹੱਥ ਧੋਣ ਲਈ ਉਤਸ਼ਾਹਤ ਕਰਨ ਦੀ ਮੁਹਿੰਮ ਦੀ ਵੀ ਅਗਵਾਈ ਕਰ ਚੁੱਕੀ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੁਨੀਆ ਦੇ 2.2 ਬਿਲੀਅਨ ਲੋਕ ਅਜਿਹੇ ਹਨ ਜਿਨ੍ਹਾਂ ਵਿੱਚੋਂ ਹਰ ਤਿੰਨ ਵਿੱਚੋਂ ਇੱਕ ਵਿਅਕਤੀ ਪੀਣ ਵਾਲੇ ਸਾਫ਼ ਪਾਣੀ ਤੋਂ ਬਗ਼ੈਰ ਜ਼ਿੰਦਗੀ ਕੱਢ ਰਿਹਾ ਹੈ, ਤੇ ਬਿਨਾਂ ਸ਼ੱਕ ਆਉਂਦੇ ਸਮੇਂ ‘ਚ ਇਹ ਮੁਸ਼ਕਿਲ ਹੋਰ ਖ਼ਤਰਨਾਕ ਰੂਪ ਧਾਰ ਲਵੇਗੀ। ਪਾਣੀ ਲਈ ਮੁਕਾਬਲਾ ਵਧਣ ਦੀਆਂ ਬਹੁਤ ਪ੍ਰਬਲ ਸੰਭਾਵਨਾਵਾਂ ਹਨ। ਯੂਨੈਸਕੋ ਦੇ ਅਨੁਮਾਨ ਅਨੁਸਾਰ ਸਾਲ 2050 ਤੱਕ, ਹਰ ਸਾਲ 5.7 ਅਰਬ ਲੋਕ ਘੱਟੋ ਘੱਟ ਇੱਕ ਮਹੀਨੇ ਲਈ ਪਾਣੀ ਲਈ ਸੰਘਰਸ਼ ਕਰਦੇ ਨਜ਼ਰ ਆ ਸਕਦੇ ਹਨ।

ਸੰਯੁਕਤ ਰਾਸ਼ਟਰ-ਅਧਾਰਤ ਸੰਸਥਾ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਕੋਲਾਬਰੇਟਿਵ ਕੌਂਸਲ (Water Supply and Sanitation Collaborative Council) ਅਨੁਸਾਰ ਕੋਰੋਨਵਾਇਰਸ ਮਹਾਂਮਾਰੀ ਇੱਕ “ਸਵੱਛਤਾ ਸੰਕਟ” ਹੈ, ਭਾਵ ਇਹ ਸਫ਼ਾਈ ਨਾਲ ਸਿੱਧੇ ਤੌਰ ‘ਤੇ ਜੁੜਿਆ ਹੈ, ਅਤੇ ਲੋਕਾਂ ਤੱਕ ਪਾਣੀ ਦੀ ਪਹੁੰਚ ਅਤੇ ਸਮਾਜ ਵਿੱਚ ਵਾਇਰਸ ਦੇ ਫੈਲਣ ਵਿਚਕਾਰ ਸਪੱਸ਼ਟ ਸੰਬੰਧ ਹੈ।

ਪੀਣ ਵਾਲੇ ਪਾਣੀ, ਸੈਨੀਟੇਸ਼ਨ ਅਤੇ ਸਫਾਈ ਬਾਰੇ ਪ੍ਰਗਤੀ ਰਿਪੋਰਟ 2000-2017 (Progress on drinking water, sanitation and hygiene: 2000-2017’ report) ‘ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ ਕਿ ਦੁਨੀਆ ਦੇ ਤਕਰੀਬਨ 3 ਬਿਲੀਅਨ ਲੋਕ ਘਰਾਂ ਵਿੱਚ ਸਾਬਣ ਤੇ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ, ਜਦੋਂ ਕਿ 900 ਮਿਲੀਅਨ ਸਕੂਲੀ ਬੱਚਿਆਂ ਕੋਲ ਸਿਹਤ ਸੰਭਾਲ ਦੀਆਂ ਛੇ ਸਹੂਲਤਾਂ ਵਿਚੋਂ ਇੱਕ ਮੰਨੀ ਜਾਂਦੀ, ਮੁਢਲੀ ਸਫ਼ਾਈ ਸੁਵਿਧਾ ਨਹੀਂ ਹੈ।
ਇਨ੍ਹਾਂ 3 ਬਿਲੀਅਨ ਲੋਕਾਂ ਵਿਚੋਂ ਜਿਹੜੇ ਲੋਕ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਵਿੱਚ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਅਪਾਹਜ, ਬਜ਼ੁਰਗ, ਔਰਤਾਂ ਤੇ ਕੁੜੀਆਂ, ਬੇਘਰ ਅਤੇ ਦੂਰ ਦੁਰਾਡੇ ਇਲਾਕਿਆਂ ਦੇ ਲੋਕ ਸ਼ਾਮਲ ਹਨ।

ਅਜਿਹੇ ਲੋਕਾਂ ਲਈ ਕੋਰੋਨਾਵਾਇਰਸ ਜਾਂ ਹੈਜ਼ਾ, ਇਬੋਲਾ ਆਦਿ ਵਰਗੀ ਮਹਾਂਮਾਰੀ ਵੇਲੇ ਆਪਣਾ ਬਚਾਅ ਕਰਨਾ ਬੇਹੱਦ ਮੁਸ਼ਕਿਲ ਭਰਿਆ ਤੇ ਸਖ਼ਤ ਸਮਾਂ ਹੈ।