ਕੋਰੋਨਾਵਾਇਰਸ ਕਲੀਨਿਕਾਂ, ਹਸਪਤਾਲਾਂ ਤੋਂ ਲੋਕ ਲੱਗੇ ਕਤਰਾਉਣ ‘ਆਨਲਾਈਨ ਡਾਕਟਰਾਂ’ ਕੋਲ ਵਧਣ ਲੱਗੀ ਭੀੜ

Online Consultation coronavirus. ਆਨਲਾਈਨ ਡਾਕਟਰੀ ਸਲਾਹ-ਮਸ਼ਵਰੇ

ਜਿਵੇਂ ਜਿਵੇਂ ਭਾਰਤ ‘ਚ ਕੋਵਿਡ -19 ਭਾਵ ਕੋਰੋਨਾਵਾਇਰਸ ਮਾਮਲਿਆਂ ਦੀ ਪੁਸ਼ਟੀ ਦੀ ਗਿਣਤੀ ਵਧ ਰਹੀ ਹੈ, ਆਪਣੀ ਸਿਹਤ ਜਾਂ ਇਸ ਮਹਾਂਮਾਰੀ ਨਾਲ ਜੁੜੇ ਲੱਛਣਾਂ ਨੂੰ ਲੈ ਕੇ ਲੋਕਾਂ ਦਾ ਰੁਝਾਨ ਟੈਲੀਮੈਡੀਸਿਨ ਜਾਂ ਆਨਲਾਈਨ ਸਲਾਹ-ਮਸ਼ਵਰੇ ਵੱਲ੍ਹ ਵਧ ਰਿਹਾ ਹੈ। ਮੈਡੀਕਲ ਵਪਾਰ ਖੇਤਰ ਨਾਲ ਜੁੜੀਆਂ ਕੰਪਨੀਆਂ ਜਿਵੇਂ ਪ੍ਰੈਕਟੋ, 1ਐੱਮਜੀ, ਐੱਮਫਾਈਨ, ਮੈਡਲਾਇਫ਼ ਆਦਿ ਵੱਲੋਂ ਛੂਤ ਦੇ ਰੋਗ, ਫ਼ਲੂ ਜਾਂ ਬੁਖਾਰ ਨਾਲ ਸਬੰਧਤ ਬਿਮਾਰੀਆਂ ਲਈ ਆਨਲਾਈਨ ਸਲਾਹ-ਮਸ਼ਵਰੇ ਵਾਲੇ ਮਰੀਜ਼ਾਂ ਵਿੱਚ ਕਈ ਗੁਣਾ ਵਾਧਾ ਦਰਜ ਕੀਤਾ ਦੱਸਿਆ ਜਾ ਰਿਹਾ ਹੈ।

ਛੂਤ ਦੇ ਰੋਗਾਂ ਅਤੇ ਕੋਰੋਨਾਵਾਇਰਸ ਕਾਰਨ ਫ਼ੈਲੇ ਡਰ ਕਰਕੇ ਹਰ ਕੋਈ ਚੰਗੇ ਡਾਕਟਰਾਂ ਦੀ ਭਾਲ਼ ਵਿੱਚ ਹੈ, ਪਰ ਹਸਪਤਾਲ ਵਰਗੀਆਂ ਥਾਵਾਂ ‘ਤੇ ਭੀੜ ਅਤੇ ਸੰਕ੍ਰਮਿਤ ਲੋਕਾਂ ਦੇ ਸੰਪਰਕ ‘ਚ ਆਉਣ ਦੇ ਡਰ ਕਾਰਨ ਲੋਕ ਆਨਲਾਈਨ ਸਲਾਹ-ਮਸ਼ਵਰੇ ਅਤੇ ਡਾਕਟਰਾਂ ਨੂੰ ਸੁਰੱਖਿਅਤ ਸਮਝਣ ਲੱਗੇ ਹਨ। ਅਤੇ ਇਸ ਰੁਝਾਨ ‘ਚ ਸਿਰਫ਼ ਭਾਰਤ ਹੀ ਨਹੀਂ, ਲਗਭਗ ਸਾਰੀ ਦੁਨੀਆ ‘ਚ ਇਹ ਵਰਤਾਰਾ ਆਮ ਹੋ ਰਿਹਾ ਹੈ। ‘ਬਚਾਅ ਵਿੱਚ ਹੀ ਇਲਾਜ ਹੈ’ ਨੂੰ ਕੇਂਦਰਿਤ ਹੋਏ ਦੁਨੀਆ ਭਰ ਦੇ ਲੋਕ ਟੈਲੀਮੈਡੀਸਿਨ ਨੂੰ ਪਹਿਲ ਦੇ ਰਹੇ ਹਨ।

1ਐੱਮਜੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਪ੍ਰਸ਼ਾਂਤ ਟੰਡਨ ਦਾ ਕਹਿਣਾ ਹੈ ਕਿ ਇਹ ਰੁਝਾਨ ਬੜਾ ਸਪੱਸ਼ਟ ਹੈ, ਅਤੇ ਸੰਕ੍ਰਮਣ ਤੋਂ ਡਰਦੇ ਲੋਕ ਹਸਪਤਾਲ, ਕਲੀਨਿਕਾਂ, ਲੈਬਾਂ, ਆਦਿ ਵਰਗੀਆਂ ਭੀੜ-ਭੜੱਕੇ ਵਾਲੀਆਂ ਵੱਲ੍ਹ ਵੀ ਜਾਣ ਤੋਂ ਕਤਰਾ ਰਹੇ ਹਨ। ਜਿਹੜੇ ਲੋਕ ਆਮ ਤੌਰ ‘ਤੇ ਥੋੜ੍ਹੇ-ਬਹੁਤ ਬੁਖਾਰ ਲਈ ਵੀ ਡਾਕਟਰ ਕੋਲ ਨਹੀਂ ਜਾਂਦੇ, ਹੁਣ ਉਹ ਵੀ ਇਸ ਬਾਰੇ ਦ੍ਰਿੜ੍ਹ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਡਾਕਟਰੀ ਨਾਲ ਜੁੜੀ ਹਰ ਸਲਾਹ ਇੱਕ ਚੰਗੇ ਪੇਸ਼ੇਵਰ ਤੋਂ ਮਿਲੇ।

ਮਾਰਚ ਦੀ ਸ਼ੁਰੂਆਤ ਤੋਂ, 1ਐੱਮਜੀ ਨੇ ਫਲੂ, ਬੁਖਾਰ ਅਤੇ ਅਜਿਹੇ ਹੋਰਨਾਂ ਰੋਗਾਂ ਲਈ ਆਨਲਾਈਨ ਸਲਾਹ-ਮਸ਼ਵਰੇ ਵਿੱਚ 300% ਦਾ ਵਾਧਾ ਵੇਖਿਆ ਹੈ। ਅਤੇ ਜਾਣਕਾਰੀਆਂ ਸਿਰਫ਼ ਵੱਡੇ ਸ਼ਹਿਰਾਂ ਤੋਂ ਹੀ ਨਹੀਂ, ਬਲਕਿ ਦੇਸ਼ ਭਰ ਦੇ ਤਕਰੀਬਨ 600 ਸ਼ਹਿਰਾਂ ਅਤੇ ਕਸਬਿਆਂ ਵਿੱਚ ਵਸਦੇ ਲੋਕਾਂ ਵੱਲੋਂ ਮੰਗੀਆਂ ਗਈਆਂ ਹਨ। ਇਹ ਸਾਫ਼ ਸੰਕੇਤ ਹਨ ਕਿ ਲੋਕਾਂ ਦੀ ਟੇਕ ਆਨਲਾਈਨ ਸਲਾਹ ਮਸ਼ਵਰੇ ਅਤੇ ਟੈਲੀਮੈਡੀਸਿਨ ‘ਤੇ ਵਧ ਗਈ ਹੈ।

ਆਨਲਾਈਨ ਡਾਕਟਰੀ ਸਲਾਹ-ਮਸ਼ਵਰੇ ਨਾਲ ਜੁੜਿਆ ਇੱਕ ਹੋਰ ਵੱਡਾ ਨਾਂਅ ਹੈ ਪ੍ਰੈਕਟੋ। ਪ੍ਰੈਕਟੋ ਨੇ ਵੀ ਹਾਮੀ ਭਰੀ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਣ ਤੋਂ ਹੀ, ਟੈਲੀਮੀਡੀਸਿਨ ਦੀਆਂ ਕਾਲਾਂ ਵਿੱਚ ਅਚਾਨਕ ਵਾਧਾ ਹੋਇਆ ਹੈ।