ਵਫ਼ਾਦਾਰ ਕੁੱਤੇ ਕਾਰਨ ਚੀਨ ਦਾ ਸ਼ਹਿਰ ਵੁਹਾਨ ਮੁੜ ਚਰਚਾ ਵਿੱਚ

Coronavirus Wuhan China

ਪੇਇਚਿੰਗ – ਕੁੱਤਿਆਂ ਦੀ ਵਫ਼ਾਦਾਰੀ ਦੀ ਅਕਸਰ ਮਿਸਾਲ ਦਿੱਤੀ ਜਾਂਦੀ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਗੁਆਂਢੀ ਮੁਲਕ ਚੀਨ ਨੂੰ ਵੱਖੋ-ਵੱਖ ਕਾਰਨਾਂ ਕਰਕੇ ਅਕਸਰ ਨਿੰਦਿਆ ਜਾਂਦਾ ਹੈ, ਚੀਨ ਤੋਂ ਇੱਕ ਕੁੱਤੇ ਦੀ ਵਫ਼ਾਦਾਰੀ ਦੀ ਆਈ ਖ਼ਬਰ ਨੇ ਸਭ ਦਾ ਧਿਆਨ ਆਪਣੇ ਵੱਲ੍ਹ ਖਿੱਚਿਆ ਹੈ।

ਖ਼ਬਰ ਚੀਨ ਦੇ ਸ਼ਹਿਰ ਵੁਹਾਨ ਤੋਂ ਹੈ ਜਿਥੇ 7 ਸਾਲਾ ਕੁੱਤਾ ਸ਼ਿਆਓ ਬਾਓ (Xiao Bao) ਦੇ ਆਪਣੇ ਮਾਲਿਕ ਦਾ ਉਸੇ ਹਸਪਤਾਲ ਵਿੱਚ 3 ਮਹੀਨੇ ਤੱਕ ਇੰਤਜ਼ਾਰ ਕਰਦਾ ਰਿਹਾ, ਜਿੱਥੇ ਉਸ ਦੇ ਮਾਲਕ ਦਾ ਕੋਰੋਨਾ ਤੋਂ ਸੰਕ੍ਰਮਿਤ ਹੋਣ ਕਾਰਨ ਇਲਾਜ ਚੱਲ ਰਿਹਾ ਸੀ। ਸ਼ਿਆਓ ਬਾਓ ਦੇ ਮਾਲਕ ਦਾ ਇਲਾਜ ਵੁਹਾਨ ਹਸਪਤਾਲ ਵਿਖੇ ਚੱਲ ਰਿਹਾ ਸੀ, ਪਰ ਦਾਖਲ ਹੋਣ ਤੋਂ ਪੰਜ ਦਿਨਾਂ ਬਾਅਦ ਹੀ ਉਸ ਦੀ ਕੋਰੋਨਾ ਸੰਕ੍ਰਮਣ ਕਾਰਨ ਮੌਤ ਹੋ ਗਈ। ਇਸ ਤੋਂ ਅਣਜਾਣ ਬੇਜ਼ੁਬਾਨ ਸ਼ਿਆਓ ਬਾਓ, ਆਪਣੇ ਮਾਲਕ ਦੀ ਵੁਹਾਨ ਹਸਪਤਾਲ ਦੀ ਲਾਬੀ ‘ਚ ਤਿੰਨ ਮਹੀਨੇ ਤੱਕ ਉਡੀਕ ਕਰਦਾ ਰਿਹਾ।

ਸ਼ਿਆਓ ਬਾਓ ਬਾਰੇ ਜਾਣਕਾਰੀ ਦਿੰਦੇ ਹੋਏ, ਹਸਪਤਾਲ ਵਿੱਚ ਕੰਮ ਕਰਨ ਵਾਲੇ 65 ਸਾਲਾ ਸਫ਼ਾਈ ਕਰਮਚਾਰੀ ਨੇ ਦੱਸਿਆ ਕਿ ਸ਼ਿਆਓ ਦਾ ਮਾਲਕ ਹੁਬੇਬੀ ਪ੍ਰਾਂਤ ਦਾ ਰਹਿਣ ਵਾਲਾ ਸੀ ਅਤੇ ਫਰਵਰੀ ਦੇ ਮਹੀਨੇ ਦੌਰਾਨ ਉਹ ਕੋਰੋਨਾ ਦਾ ਸ਼ਿਕਾਰ ਹੋਇਆ ਸੀ। ਇਲਾਜ ਲਈ ਉਸ ਨੂੰ ਵੁਹਾਨ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਤੇ 5 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।

ਸ਼ਿਆਓ ਬਾਓ 3 ਮਹੀਨੇ ਹਸਪਤਾਲ ‘ਚ ਬੈਠਾ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ, ਤੇ ਉਸ ਦੀ ਇਸ ਉਡੀਕ ਦੌਰਾਨ ਹਸਪਤਾਲ ਸਟਾਫ ਨੇ ਉਸ ਨੂੰ ਖਾਣਾ ਖੁਆਉਣ ਦਾ ਫ਼ਰਜ਼ ਨਿਭਾਇਆ। 13 ਅਪ੍ਰੈਲ ਨੂੰ ਜਦੋਂ ਵੁਹਾਨ ਵਿੱਚ ਲੱਗੇ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਅਤੇ ਮਾਰਕੀਟ ਖੁੱਲ੍ਹ ਗਈ ਤਾਂ ਇੱਕ ਦੁਕਾਨਦਾਰ ਨੇ ਸ਼ਿਆਓ ਬਾਓ ਨੂੰ ਅਪਣਾ ਲਿਆ।

ਦੁਕਾਨਦਾਰ ਵੂ ਕੁਇਫੇਨ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਦੂਜੇ ਹਫ਼ਤੇ ਦੌਰਾਨ ਜਦੋਂ ਮੈਂ ਇੱਕ ਦਿਨ ਹਸਪਤਾਲ ਤੋਂ ਬਾਹਰ ਜਾ ਰਿਹਾ ਸੀ, ਤਾਂ ਮੈਂ ਉਦੋਂ ਇਸ ਨੂੰ ਵੇਖਿਆ। ਮੈਂ ਇਸ ਨੂੰ ਸ਼ਿਆਓ ਬਾਓ ਕਹਿ ਕੇ ਪੁਕਾਰਿਆ ਤੇ ਹੁਣ ਇਸ ਦਾ ਇਹੀ ਨਾਂਅ ਪੈ ਚੁੱਕਿਆ ਹੈ। ਵੂ ਨੇ ਕਿਹਾ ਕਿ ਹਸਪਤਾਲ ਦੇ ਲੋਕਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸ਼ਿਆਓ ਦਾ ਬੌਸ ਇੱਕ ਬਜ਼ੁਰਗ ਪੈਨਸ਼ਨਰ ਸੀ, ਜਿਸ ਦੀ ਕੋਰੋਨਾ ਨਾਲ ਸੰਕ੍ਰਮਿਤ ਹੋਣ ਕਾਰਨ ਮੌਤ ਹੋ ਗਈ ਸੀ।