ਚਚੇਰੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ 2 ਭੈਣਾਂ ਦਾ ਕੀਤਾ ਕਤਲ, ਮਗਰੋਂ ਹਾਦਸੇ 'ਚ ਖੁਦ ਦੀ ਵੀ ਹੋਈ ਮੌਤ

By Shanker Badra - May 23, 2020 7:05 pm

ਚਚੇਰੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ 2 ਭੈਣਾਂ ਦਾ ਕੀਤਾ ਕਤਲ, ਮਗਰੋਂ ਹਾਦਸੇ 'ਚ ਖੁਦ ਦੀ ਵੀ ਹੋਈ ਮੌਤ:ਤਰਨਤਾਰਨ : ਪੱਟੀ ਦੇ ਖਾਰਾ ਲਿੰਕ ਸੜਕ 'ਤੇ ਪਿੰਡ ਕੋਟ ਦਾਤਾ ਵਿਖੇ ਅੱਜ ਦੁਪਹਿਰ ਬਾਅਦ ਇਕ ਨੌਜਵਾਨ ਨੇ ਆਪਣੇ ਸਾਥੀ ਨਾਲ ਮਿਲ ਕੇ 2 ਚਚੇਰੀਆਂ ਭੈਣਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ ,ਜਦਕਿ ਇਕ ਹੋਰ ਕੁੜੀ ਘਟਨਾ ਦੌਰਾਨ ਵਾਲ-ਵਾਲ ਬਚ ਗਈ ਹੈ। ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਸਮੇਂ ਕਾਤਲ ਵੀ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਚਲਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਰਮਨਦੀਪ ਕੌਰ, ਅਮਨਦੀਪ ਕੌਰ ਤੇ ਸਿਮਰਦੀਪ ਕੌਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੱਟੀ ਤੋਂ ਪਿੰਡ ਕੋਟ ਦਾਤਾ ਆ ਰਹੀਆਂ ਸਨ। ਇਸੇ ਦੌਰਾਨ ਜੋਬਨਜੀਤ ਸਿੰਘ ਨੇ ਆਪਣੇ ਇਕ ਹੋਰ ਰਿਸ਼ਤੇਦਾਰ ਸਮੇਤ ਤਿੰਨਾਂ ਕੁੜੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੇ ਚੱਲਦਿਆਂ ਰਮਨਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ,ਜਦਕਿ ਅਮਨਦੀਪ ਕੌਰ ਨੇ ਕੁਝ ਦੇਰ ਬਾਅਦ ਦਮ ਤੋੜ ਦਿੱਤਾ। ਹਾਲਾਂਕਿ ਇਸ ਹਮਲੇ ਦੌਰਾਨ ਸਿਮਰਦੀਪ ਕੌਰ ਵਾਲ-ਵਾਲ ਬਚ ਗਈ।

ਇਸ ਮੌਕੇ 'ਤੇ ਪੁੱਜੇ ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਸਰਾਂ ਨੇ ਦੱਸਿਆ ਕਿ ਜੋਬਨ ਸਿੰਘ ਕੁੜੀਆਂ ਦੇ ਚਰਿੱਤਰ 'ਤੇ ਸ਼ੱਕ ਕਰਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਭੱਜਣ ਸਮੇਂ ਜੋਬਨਜੀਤ ਸਿੰਘ ਦਾ ਮੋਟਰਸਾਈਕਲ ਟਰੈਕਟਰ ਨਾਲ ਜਾ ਟਕਰਾਇਆ। ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

adv-img
adv-img