ਜਜ਼ਬੇ ਤੇ ਹਮਦਰਦੀ ਦੀ ਮਿਸਾਲ – ਵਿਆਹ ਮੁਲਤਵੀ ਕਰਕੇ ਵਿਆਹ ਵਾਲੇ ਪੈਸਿਆਂ ਨਾਲ ਲੋੜਵੰਦਾਂ ਨੂੰ ਭੋਜਨ ਖੁਆ ਰਿਹਾ ਆਟੋ ਚਾਲਕ

COVID -19 Auto-driver helps others

ਪੁਣੇ – ਇਨਸਾਨੀਅਤ ਤੇ ਮਦਦ ਦਾ ਜਜ਼ਬਾ ਆਰਥਿਕ ਸਮਰੱਥਾ ਤੋਂ ਪਹਿਲਾਂ ਹੌਸਲਾ ਤੇ ਜਜ਼ਬਾ ਮੰਗਦਾ ਹੈ ਅਤੇ ਇਨ੍ਹਾਂ ਦੋਵਾਂ ਤੱਤਾਂ ਨਾਲ ਲੋਕ ਸੇਵਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ ਮਹਾਰਾਸ਼ਟਰਾ ਦੇ ਪੁਣੇ ‘ਚ ਰਹਿਣ ਵਾਲੇ ਇੱਕ ਆਟੋ ਡਰਾਈਵਰ ਨੇ। ਇਹ ਆਟੋ ਡਰਾਈਵਰ ਆਪਣੇ ਵਿਆਹ ਲਈ ਜਮ੍ਹਾਂ ਕੀਤੀ ਪੂੰਜੀ ਦੀ ਵਰਤੋਂ ਪ੍ਰਵਾਸੀ ਮਜ਼ਦੂਰਾਂ ਤੇ ਲੋੜਵੰਦਾਂ ਨੂੰ ਭੋਜਨ ਕਰਾਉਣ ਅਤੇ ਮੁਸੀਬਤ ‘ਚ ਫ਼ਸੇ ਲੋਕਾਂ ਦੀ ਮਦਦ ‘ਚ ਕਰ ਰਿਹਾ ਹੈ। ਇਹ ਆਟੋ ਡਰਾਈਵਰ ਹੈ 30 ਸਾਲਾ ਅਕਸ਼ੈ ਕੋਠਾਵਲੇ, ਜਿਸ ਨੇ ਆਪਣੇ ਵਿਆਹ ਲਈ 2 ਲੱਖ ਰੁਪਏ ਇਕੱਠੇ ਕੀਤੇ ਸਨ ਪਰ ਲਾਕਡਾਊਨ ਕਾਰਨ ਉਸ ਨੂੰ ਵਿਆਹ ਮੁਲਤਵੀ ਕਰਨਾ ਪਿਆ। ਹੁਣ ਉਹ ਆਪਣੇ ਪੈਸਿਆਂ ਦਾ ਇਸਤੇਮਾਲ ਭੁੱਖੇ ਲੋਕਾਂ ਦੀ ਮਦਦ ਲਈ ਕਰ ਰਿਹਾ ਹੈ। ਇਸ ਦੇ ਨਾਲ ਹੀ, ਉਹ ਬਜ਼ੁਰਗ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਮੁਫ਼ਤ ਮੈਡੀਕਲ ਸਹੂਲਤ ਤੱਕ ਵੀ ਪਹੁੰਚਾਉਂਦਾ ਹੈ, ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਅਪਨਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਵੀ ਕਰਦਾ ਹੈ।

ਅਕਸ਼ੈ ਦਾ ਕਹਿਣਾ ਹੈ ਕਿ ਮੈਂ ਆਪਣੇ ਵਿਆਹ ਵਾਸਤੇ 2 ਲੱਖ ਰੁਪਏ ਇਕੱਠੇ ਕੀਤੇ ਸੀ, ਜੋ 25 ਮਈ ਨੂੰ ਹੋਣਾ ਨੀਯਤ ਸੀ, ਪਰ ਲਾਕਡਾਊਨ ਕਾਰਨ ਮੈਂ ਅਤੇ ਮੇਰੀ ਮੰਗੇਤਰ ਨੇ ਵਿਆਹ ਮੁਲਤਵੀ ਕਰਨ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਮੈਂ ਸੜਕਾਂ ‘ਤੇ ਅਜਿਹੇ ਲੋਕ ਦੇਖੇ ਹਨ, ਜਿਨ੍ਹਾਂ ਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਅਤੇ ਉਹ ਜਿਊਂਦੇ ਰਹਿਣ ਲਈ ਬਹੁਤ ਦਰਦਨਾਕ ਸੰਘਰਸ਼ ਕਰ ਰਹੇ ਸਨ। ਇਸ ਤੋਂ ਬਾਅਦ ਮੈਂ ਅਤੇ ਮੇਰੇ ਕੁਝ ਦੋਸਤਾਂ ਨੇ ਇਨ੍ਹਾਂ ਲੋਕਾਂ ਦੀ ਮਦਦ ਲਈ ਕੁਝ ਕਰਨ ਦੀ ਠਾਣੀ।

ਠਾਣੇ ਦੇ ਟਿੰਬਰ ਬਜ਼ਾਰ ਇਲਾਕੇ ‘ਚ ਰਹਿਣ ਵਾਲੇ ਅਕਸ਼ੈ ਨੇ ਕਿਹਾ ਕਿ ਮੈਂ ਵਿਆਹ ਲਈ ਬਚਾ ਕੇ ਰੱਖੀ ਰਕਮ ਦਾ ਇਸਤੇਮਾਲ ਕਰਨ ਦਾ ਪੱਕਾ ਇਰਾਦਾ ਕੀਤਾ ਅਤੇ ਕੁਝ ਦੋਸਤਾਂ ਨੇ ਵੀ ਇਸ ਨੇਕ ਕੰਮ ਵਿੱਚ ਮਦਦ ਕੀਤੀ। ਇਨ੍ਹਾਂ ਪੈਸਿਆਂ ਤੋਂ ਉਨ੍ਹਾਂ ਨੇ ਸਬਜ਼ੀ-ਰੋਟੀ ਬਣਾਉਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਇਸ ਭੋਜਨ ਨੂੰ ਉਨ੍ਹਾਂ ਨੇ ਅਜਿਹੀਆਂ ਥਾਵਾਂ ‘ਤੇ ਵੰਡਣਾ ਸ਼ੁਰੂ ਕੀਤਾ, ਜਿੱਥੇ ਪ੍ਰਵਾਸੀ ਮਜ਼ਦੂਰ ਅਤੇ ਲੋੜਵੰਦ ਭੁੱਖੇ ਲੋਕ ਇਕੱਠੇ ਹੁੰਦੇ ਹਨ। ਉਸ ਨੇ ਦੱਸਿਆ ਕਿ ਹੁਣ ਹੌਲੀ-ਹੌਲੀ ਪੈਸੇ ਖਤਮ ਹੋ ਰਹੇ ਹਨ, ਤਾਂ ਉਹ ਤੇ ਉਸ ਦੇ ਦੋਸਤ ਯੋਜਨਾ ਬਣਾ ਰਹੇ ਹਨ ਕਿ ਰੋਟੀ-ਸਬਜ਼ੀ ਦੀ ਥਾਂ ਪੁਲਾਓ, ਮਸਾਲਾ ਚਾਵਲ ਅਤੇ ਸਾਂਭਰ ਚਾਵਲ ਦੀ ਵੰਡ ਸ਼ੁਰੂ ਕੀਤੀ ਜਾਵੇ। ਪਰ ਉਨ੍ਹਾਂ ਦਾ ਇਹ ਦ੍ਰਿੜ੍ਹ ਨਿਸ਼ਚਾ ਹੈ ਕਿ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦਾ ਕਾਰਜ ਲਗਾਤਾਰ ਜਾਰੀ ਰਹੇ।

ਅਕਸ਼ੈ ਤੇ ਉਸ ਦੇ ਦੋਸਤ ਪਹਿਲਾਂ ਸੜਕਾਂ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਮੁਫ਼ਤ ਮਾਸਕ ਤੇ ਸੈਨਿਟਾਇਜ਼ਰ ਵੀ ਵੰਡ ਚੁੱਕੇ ਹਨ। ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਇਸ ਟੋਲੀ ਨੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਤੱਕ ਵੀ ਖਾਣ-ਪੀਣ ਦਾ ਸਮਾਨ ਪਹੁੰਚਾਉਣ ਦੀ ਸੇਵਾ ਵੀ ਨਿਭਾਈ ਸੀ।