Fri, Apr 19, 2024
Whatsapp

ਲੌਕਡਾਊਨ ਦੌਰਾਨ 'ਸੁਪਰ ਹੀਰੋ' ਵਜੋਂ ਉੱਭਰਿਆ ਅੰਨਦਾਤਾ ਕਿਸਾਨ

Written by  Panesar Harinder -- April 27th 2020 01:34 PM -- Updated: April 27th 2020 01:49 PM
ਲੌਕਡਾਊਨ ਦੌਰਾਨ 'ਸੁਪਰ ਹੀਰੋ' ਵਜੋਂ ਉੱਭਰਿਆ ਅੰਨਦਾਤਾ ਕਿਸਾਨ

ਲੌਕਡਾਊਨ ਦੌਰਾਨ 'ਸੁਪਰ ਹੀਰੋ' ਵਜੋਂ ਉੱਭਰਿਆ ਅੰਨਦਾਤਾ ਕਿਸਾਨ

ਚੰਡੀਗੜ੍ਹ - ਇਹ ਗੱਲ ਕਾਫ਼ੀ ਸੰਤੋਖਜਨਕ ਜਾਪਦੀ ਹੈ ਕਿ ਬਹੁਤ ਸਾਰੇ 'ਵਿਕਸਿਤ' ਦੇਸ਼ਾਂ ਦੇ ਮੁਕਾਬਲੇ ਭਾਰਤ ਕੋਰੋਨਾਵਾਇਰਸ ਉੱਤੇ ਕਾਬੂ ਰੱਖਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਰਿਹਾ ਹੈ, ਪਰ ਇਸ ਕਾਬੂ ਦੇ ਬਾਵਜੂਦ ਦੇਸ਼ ਨੂੰ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਿੱਥੇ ਦੇਸ਼ਵਿਆਪੀ ਤਾਲ਼ਾਬੰਦੀ ਭਾਰਤ ਦੀ ਰਾਸ਼ਟਰੀ ਆਰਥਿਕਤਾ 'ਤੇ ਭਾਰੂ ਪੈਂਦੀ ਦਿਖਾਈ ਦੇ ਰਹੀ ਹੈ, ਉੱਥੇ ਹੀ ਦੇਸ਼ ਭਰ ਦੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਹਰ ਲੰਘਦੇ ਦਿਨ ਨਾਲ ਮੁਸ਼ਕਿਲਾਂ ਨਾਲ ਭਰਦੀ ਜਾ ਰਹੀ ਹੈ। ਤਾਲ਼ਾਬੰਦੀ ਦੇ ਸੰਨਾਟੇ 'ਚੋਂ ਜਿਹੜੀ ਇੱਕ ਸਕਾਰਾਤਮਕ ਧੁਨੀ ਉੱਭਰ ਕੇ ਆਈ ਹੈ, ਉਹ ਹੈ ਇੱਕ ''ਪਰਉਪਕਾਰੀ'' ਜਾਂ ''ਦੇਣ ਵਾਲੇ'' ਵਜੋਂ ਭਾਰਤੀ ਕਿਸਾਨਾਂ ਦੀ ਮਹੱਤਤਾ। ਇਹ ਗੱਲ ਅੱਜ ਭਾਰਤ ਦੇ ਹਰ ਨਾਗਰਿਕ ਦੀ ਸਮਝ ਵਿੱਚ ਆ ਗਈ ਹੈ ਕਿ ਤਾਲ਼ਾਬੰਦੀ ਦੌਰਾਨ ਸਾਡੇ ਘਰਾਂ ਤੱਕ ਕਣਕ, ਦੁੱਧ, ਫ਼ਲ਼ ਅਤੇ ਸਬਜ਼ੀਆਂ ਆਮ ਕੀਮਤਾਂ 'ਤੇ ਪਹੁੰਚਦੀਆਂ ਰੱਖਣ ਲਈ ਜੁਟਿਆ ਲੱਗਿਆ ਦੇਸ਼ ਦਾ ਕਿਸਾਨ, ਕਿਸੇ 'ਸੁਪਰ ਹੀਰੋ' ਤੋਂ ਘੱਟ ਨਹੀਂ ਹੈ। ਅਮੀਰ ਵਪਾਰੀਆਂ ਤੋਂ ਲੈ ਕੇ ਆਮ ਇਨਸਾਨ ਤੱਕ, ਹਰ ਕੋਈ ਸਮਝ ਗਿਆ ਹੈ ਕਿ ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਜ਼ਿੰਦਗੀ ਭਰ ਜੋ ਵੀ ਇਕੱਠਾ ਕੀਤਾ ਤੇ ਜਿਸ ਨੂੰ ਉਹ ਬਹੁਤ ਕੀਮਤੀ ਸਮਝਦੇ ਸਨ, ਸਾਡੇ ਭੋਜਨ, ਸਾਡੀ ਖੁਰਾਕ ਸਾਡੇ ਭੋਜਨ ਅੱਗੇ ਉਹ ਸਭ ਛੋਟਾ ਹੈ। ਮੌਜੂਦਾ ਦੌਰ 'ਚ ਦੋ ਵਕਤ ਦੀ ਰੋਟੀ, ਦੁੱਧ, ਸਬਜ਼ੀਆਂ ਆਦਿ ਸਾਡੀ ਸਭ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਏ ਹਨ, ਤੇ ਇਹ ਜ਼ਰੂਰਤਾਂ ਦੇਸ਼ ਦਾ ਕਿਸਾਨ ਹੀ ਸੰਭਵ ਬਣਾ ਰਿਹਾ ਹੈ, ਜਿਸ ਨੂੰ ਮਹੱਤਵ ਜਾਂ ਸਤਿਕਾਰ ਦਿੱਤਾ ਹੀ ਨਹੀਂ ਜਾਂਦਾ। ਬਾਹਰ ਘੁੰਮਣਾ-ਫ਼ਿਰਨਾ, ਮਹਿੰਗੇ ਜਾਂ 'ਬਰੈਂਡਿਡ' ਖਾਣੇ ਖਾਣਾ, ਮਹਿੰਗੇ ਕੱਪੜੇ, ਮਹਿੰਗੇ ਮੋਬਾਈਲ ਫ਼ੋਨ, ਮਹਿੰਗੀਆਂ ਕਾਰਾਂ ਅਤੇ ਮਕਾਨਾਂ ਦੇ ਮਾਲਕ ਬਣਨ ਦੀ ਮਹੱਤਤਾ ਅੱਜ ਦੇਸ਼ ਦੇ ਕਿਸਾਨ ਦੀ ਉਗਾਈ ਗਈ ਮੁੱਠੀ ਭਰ ਕਣਕ ਦੇ ਸਾਹਮਣੇ 'ਤੁੱਛ' ਜਿਹੀ ਹੁੰਦੀ ਜਾਪਦੀ ਹੈ। ਅਸੀਂ ਸੁਖ-ਸਾਧਨਾਂ ਤੋਂ ਬਗ਼ੈਰ ਜੀ ਸਕਦੇ ਹਾਂ, ਪਰ ਖਾਣੇ ਤੋਂ ਬਿਨਾਂ ਨਹੀਂ। ਅਤੇ ਇਹ ਖਾਣ ਵਾਲੀਆਂ ਵਸਤਾਂ ਖੂਨ-ਪਸੀਨਾ ਇੱਕ ਕਰਕੇ ਸਾਡੇ ਕਿਸਾਨ ਭਰਾ ਹੀ ਉਗਾਉਂਦੇ ਹਨ। ਭਾਰਤ ਮੁੱਖ ਤੌਰ 'ਤੇ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਇਸ ਦੀ 70 ਪ੍ਰਤੀਸ਼ਤ ਆਬਾਦੀ ਕਿਸਾਨਾਂ ਦੀ ਹੈ। ਇਸ ਦੇ ਬਾਵਜੂਦ, ਦੇਸ਼ ਦਾ ਕਿਸਾਨ ਨਾ ਤਾਂ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੈ ਅਤੇ ਨਾ ਹੀ ਆਪਣੇ ਪਰਿਵਾਰ ਦੀਆਂ। ਇਸ ਸਥਿਤੀ ਦੇ ਮੁੱਖ ਕਾਰਨਾਂ ਵਿੱਚੋਂ ਮੋਹਰੀ ਕਾਰਨ ਹੈ ਖੇਤੀ ਅਤੇ ਕਿਸਾਨਾਂ ਨੂੰ ਦੂਜੇ ਪੇਸ਼ਿਆਂ ਅਤੇ ਪੇਸ਼ੇਵਰਾਂ ਨਾਲੋਂ ਘੱਟ ਮਹੱਤਵਪੂਰਨ ਮੰਨਿਆ ਜਾਣਾ। ਆਜ਼ਾਦੀ ਤੋਂ ਹੀ ਕਿਸਾਨਾਂ ਦੀ ਭਲਾਈ ਲਈ ਯੋਜਨਾਵਾਂ ਬਣਦੀਆਂ ਆ ਰਹੀਆਂ ਹਨ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਨ੍ਹਾਂ ਯੋਜਨਾਵਾਂ ਦਾ ਕਿਸਾਨਾਂ ਨੂੰ ਸੱਚਮੁੱਚ ਫ਼ਾਇਦਾ ਹੋਇਆ ? ਹਾਲਤ ਇਹ ਹੈ ਕਿ ਆਪਣੇ ਦੇਸ਼ ਵਾਸੀਆਂ ਲਈ ਖਾਣਾ ਯਕੀਨੀ ਬਣਾਉਣ ਵਾਲਾ ਆਪਣੇ ਪਰਿਵਾਰ ਦੇ ਦੋ ਵਕਤ ਦੇ ਖਾਣੇ ਨੂੰ ਯਕੀਨੀ ਬਣਾਉਣ 'ਚ ਸਮਰੱਥ ਨਹੀਂ। ਜੇ ਆਜ਼ਾਦੀ ਤੋਂ ਹੀ ਖੇਤੀਬਾੜੀ ਅਤੇ ਪਸ਼ੂ ਪਾਲਣ ਨੂੰ ਮਜ਼ਬੂਤ ​​ਕਰਨ 'ਤੇ ਸੱਚਮੁੱਚ ਜ਼ੋਰ ਦਿੱਤਾ ਜਾਂਦਾ, ਤਾਂ ਦੇਸ਼ ਦੀ ਸਥਿਤੀ ਬਿਲਕੁਲ ਵੱਖਰੀ ਹੁੰਦੀ। ਕਿਸਾਨ ਆਪਣੇ ਪਿੰਡ ਦੀ ਖੇਤੀ ਛੱਡ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ 'ਚ ਰੋਜ਼ੀ-ਰੋਟੀ ਦੇ ਹੋਰ ਸਾਧਨਾਂ ਦੀ ਭਾਲ ਕਰਨ ਲਈ ਮਜਬੂਰ ਨਾ ਹੋਣਾ ਪੈਂਦਾ। ਇਸ ਪ੍ਰਤੱਖ ਤੱਥ ਦੇ ਬਾਵਜੂਦ ਕਿ ਭਾਰਤ ਮੁਢਲੇ ਤੌਰ 'ਤੇ ਖੇਤੀਬਾੜੀ ਪ੍ਰਧਾਨ ਦੇਸ਼ ਹੈ, ਸਿੱਖਿਆ ਤੇ ਖੇਤੀ ਨੂੰ ਸਿੱਧਾ ਜੋੜਨਾਂ ਕਦੇ ਮਹੱਤਵਪੂਰਨ ਸਮਝਿਆ ਹੀ ਨਹੀਂ ਗਿਆ ਅਤੇ ਇਸੇ ਦਾ ਨਤੀਜਾ ਹੈ ਕਿ ਅੱਜ ਕੱਲ੍ਹ ਕੋਈ ਵੀ ਪੜ੍ਹਿਆ-ਲਿਖਿਆ ਵਿਅਕਤੀ ਖੇਤੀ ਨੂੰ ਮੁਖ ਪੇਸ਼ੇ ਵਜੋਂ ਅਪਨਾਉਣ ਲਈ ਤਿਆਰ ਨਹੀਂ। ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਬਣਾਉਣ ਵਿੱਚ ਅਨੇਕਾਂ ਹੋਰ ਵੀ ਕਾਰਨ ਸ਼ਾਮਲ ਰਹੇ, ਜਿਨ੍ਹਾਂ ਵਿੱਚ ਕੁਦਰਤੀ ਆਫ਼ਤਾਂ, ਸਿੰਚਾਈ ਲਈ ਪਾਣੀ ਦੀ ਘਾਟ, ਖੇਤੀਬਾੜੀ ਸ੍ਰੋਤਾਂ ਦੀ ਘਾਟ, ਅਨਪੜ੍ਹਤਾ, ਵੱਧ ਝਾੜ ਦੇਣ ਵਾਲੀਆਂ ਫਸਲਾਂ ਬਾਰੇ ਜਾਣਕਾਰੀ ਦੀ ਘਾਟ, ਘੱਟ ਲਾਗਤ ਨਾਲ ਵੱਧ ਕਮਾਈ ਕਰਨ ਤਰੀਕਿਆਂ ਬਾਰੇ ਜਾਣਕਾਰੀ ਦੀ ਘਾਟ ਆਦਿ ਸ਼ਾਮਲ ਹਨ। ਜੇ ਅਸੀਂ ਦੇਸ਼ ਅੰਦਰ ਕਿਸਾਨੀ ਨੂੰ ਖੁਸ਼ਹਾਲ ਬਣਾਉਣਾ ਹੈ, ਤਾਂ ਸਾਨੂੰ ਖੇਤੀਬਾੜੀ ਸੈਕਟਰ ਦੀਆਂ ਵੱਖ ਵੱਖ ਸਮੱਸਿਆਵਾਂ ਦੇ ਸਥਾਈ ਹੱਲ ਲੱਭਣੇ ਪੈਣਗੇ। ਭਾਰਤ ਨੂੰ ਖੇਤੀਬਾੜੀ ਦੇ ਖੇਤਰ 'ਚ ਵਿਸ਼ਵ ਪੱਧਰ 'ਤੇ ਮੋਹਰੀ ਬਣਾਉਣ ਵਾਸਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਅੱਗੇ ਆ ਕੇ ਖੇਤੀ ਨੂੰ ਪੇਸ਼ੇ ਵਜੋਂ ਅਪਣਾਉਣਾ ਪਏਗਾ। ਵਧੇਰੇ ਝਾੜ ਵਾਲੀਆਂ ਫਸਲਾਂ, ਉਤਪਾਦਕ ਮਿੱਟੀ, ਉੱਚ ਗੁਣਵੱਤਾ ਵਾਲੇ ਬੀਜਾਂ ਦੇ ਉਤਪਾਦਨ, ਫਸਲਾਂ ਦੇ ਭੰਡਾਰਨ ਅਤੇ ਆਵਾਜਾਈ ਦੇ ਵਿਗਿਆਨਕ ਢੰਗ, ਘੱਟੋ ਸਿੰਚਾਈ ਨਾਲ ਵੱਧ ਝਾੜ ਦੇਣ ਵਾਲੀਆਂ ਚੰਗੀਆਂ ਫਸਲਾਂ ਆਦਿ ਬਾਰੇ ਕਿਸਾਨਾਂ ਨੂੰ ਜਾਗਰੂਕ ਹੋਣਾ ਪਏਗਾ। ਇਨ੍ਹਾਂ ਕਦਮਾਂ ਨਾਲ ਦੇਸ਼ ਅੰਦਰ ਬੇਰੁਜ਼ਗਾਰੀ ਦਾ ਹੱਲ ਤਾਂ ਹੋਵੇਗਾ ਹੀ, ਨਾਲ ਹੀ ਸਵੈ-ਨਿਰਭਰ ਤੇ ਖੁਸ਼ਹਾਲ ਕਿਸਾਨੀ ਭਾਰਤ ਦੀ ਆਰਥਿਕਤਾ ਨੂੰ ਵੀ ਵੱਡਾ ਲਾਭ ਯਕੀਨੀ ਦੇਵੇਗੀ।


  • Tags

Top News view more...

Latest News view more...