ਅਗਲੇ ਛੇ ਮਹੀਨੇ ਹਰ ਦਿਨ 6000 ਬੱਚਿਆਂ ਦੀ ਹੋ ਸਕਦੀ ਹੈ ਮੌਤ

Covid -19 UNICEF warned 6000 children death everyday

ਨਿਊ ਯਾਰਕ – ਯੂਨਾਈਟਿਡ ਨੇਸ਼ਨਜ਼ ਚਿਲਡਰਨਜ਼ ਫ਼ੰਡ {United Nations Children’s Fund (UNICEF)} ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਵਾਇਰਸ ਮਹਾਮਾਰੀ ਕਾਰਨ ਅਗਲੇ ਛੇ ਮਹੀਨਿਆਂ ਦੌਰਾਨ, ਇਲਾਜ ਹੋ ਸਕਣ ਵਾਲੀਆਂ ਬਿਮਾਰੀਆਂ ਕਾਰਨ ਲਗਭਗ 6,000 ਛੋਟੇ ਬੱਚਿਆਂ ਦੀ ਹਰ ਰੋਜ਼ ਮੌਤ ਹੋ ਸਕਦੀ ਹੈ। ਇਨ੍ਹਾਂ ਮੌਤਾਂ ਦਾ ਕੇਂਦਰ ਵੱਡੀ ਪੱਧਰ ‘ਤੇ ਘੱਟ ਤੇ ਮੱਧ-ਆਮਦਨੀ ਵਾਲੇ ਦੇਸ਼ ਬਣ ਸਕਦੇ ਹਨ ਜਿਨ੍ਹਾਂ ਅੰਦਰ ਸਿਹਤ ਪ੍ਰਣਾਲੀਆਂ ਪਹਿਲਾਂ ਹੀ ਕਮਜ਼ੋਰ ਹਨ ਅਤੇ ਮਹਾਮਾਰੀ ਦੇ ਦਬਾਅ ਹੇਠ ਆ ਸਕਦੀਆਂ ਹਨ।

ਯੂਨੀਸੈਫ ਦੇ ਕਾਰਜਕਾਰੀ ਡਾਇਰੈਕਟਰ ਹੈਨਰੀਟਾ ਫ਼ੋਰ ਨੇ ਇੱਕ ਬਿਆਨ ਵਿੱਚ ਕਿਹਾ, “ਜੇਕਰ ਹਾਲਾਤ ਸੱਚਮੁੱਚ ਬੇਕਾਬੂ ਹੋ ਜਾਣ, ਤਾਂ ਪੰਜਵੇਂ ਜਨਮਦਿਨ ਤੋਂ ਪਹਿਲਾਂ ਮਰਨ ਵਾਲੇ ਵਿਸ਼ਵਵਿਆਪੀ ਬੱਚਿਆਂ ਦੀ ਗਿਣਤੀ ਦਹਾਕਿਆਂ ਵਿੱਚ ਪਹਿਲੀ ਵਾਰ ਵਧ ਸਕਦੀ ਹੈ।” “ਕੋਰੋਨਾ ਵਾਇਰਸ ਵਿਰੁੱਧ ਲੜਾਈ ‘ਚ ਹੋਣ ਵਾਲੇ ਨੁਕਸਾਨ ਦਾ ਸ਼ਿਕਾਰ ਸਾਨੂੰ ਮਾਵਾਂ ਅਤੇ ਬੱਚਿਆਂ ਨੂੰ ਨਹੀਂ ਹੋਣ ਦੇਣਾ ਚਾਹੀਦਾ। ਅਤੇ ਦਹਾਕਿਆਂ ‘ਚ ਕਮਾਈ ਬੱਚਿਆਂ ਅਤੇ ਮਾਂ ਦੀ ਮੌਤ ਤੋਂ ਬਚਾਅ ਦੀ ਪ੍ਰਾਪਤੀ ਅਸੀਂ ਇੰਝ ਗੁਆ ਨਹੀਂ ਸਕਦੇ।”

ਇਹ ਚਿਤਾਵਨੀ ਜਾਨਜ਼ ਹੌਪਕਿਨਜ਼ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਦੇ ਵਿਸ਼ਲੇਸ਼ਣ ‘ਤੇ ਅਧਾਰਿਤ ਹੈ, ਜੋ ਲੈਂਸੈਟ ਗਲੋਬਲ ਹੈਲਥ ਜਰਨਲ ਵਿੱਚ ਪ੍ਰਕਾਸ਼ਤ ਹੋਈ ਸੀ। ਬਿੱਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਤੇ ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਪ੍ਰਾਯੋਜਿਤ ਕੀਤੇ ਗਏ ਇਸ ਅਧਿਐਨ ਵਿੱਚ ਤਿੰਨ ਵੱਖ-ਵੱਖ ਮਾਡਲਾਂ ‘ਤੇ ਪੜਤਾਲ ਕੀਤੀ ਗਈ, ਕਿ ਜੇ ਮਹਾਮਾਰੀ ਕਾਰਨ ਸਿਹਤ ਸੰਭਾਲ਼ ਅਤੇ ਖੁਰਾਕ ਪਦਾਰਥਾਂ ਦੀ ਸਪਲਾਈ ਘਟ ਜਾਂਦੀ ਹੈ ਤਾਂ 118 ਦੇਸ਼ਾਂ ਵਿੱਚ ਬੱਚਿਆਂ ਅਤੇ ਮਾਵਾਂ ਨਾਲ ਕੀ ਵਾਪਰ ਸਕਦਾ ਹੈ।

ਅਧਿਐਨ ਵਿੱਚ ਸਾਹਮਣੇ ਆਇਆ ਕਿ ਸਭ ਤੋਂ ਮਾੜੇ ਹਾਲਾਤਾਂ ਵਿੱਚ, ਛੇ ਮਹੀਨਿਆਂ ਵਿੱਚ 1.15 ਮਿਲੀਅਨ ਬੱਚਿਆਂ ਦੇ ਨਾਲ, 56,700 ਵਾਧੂ ਮਾਵਾਂ ਦੀ ਮੌਤ ਹੋ ਸਕਦੀ ਹੈ। ਖੋਜਕਰਤਾਵਾਂ ਨੇ ਇਹ ਵੀ ਕਿਹਾ ਕਿ ਹਾਲਾਤ ਠੀਕ ਵੀ ਰਹਿਣ ਤਾਂ ਵੀ 253,500 ਵਾਧੂ ਬੱਚਿਆਂ ਤੇ 12,200 ਮਾਵਾਂ ਦੀਆਂ ਮੌਤਾਂ ਹੋ ਸਕਦੀਆਂ ਹਨ।

ਬੱਚਿਆਂ ਦੀਆਂ ਮੌਤਾਂ ਦੇ ਕਾਰਨਾਂ ਵਿੱਚ ਸਹੀ ਪੋਸ਼ਣ ਦੀ ਘਾਟ, ਐਂਟੀਬਾਇਓਟਿਕ ਦਵਾਈਆਂ ਅਤੇ ਓਰਲ ਰੀਹਾਈਡਰੇਸ਼ਨ ਘੋਲ਼ ਤੱਕ ਪਹੁੰਚ ਨਾ ਹੋਣਾ ਬੜੇ ਅਹਿਮ ਹਨ। ਜਣੇਪੇ ਅਤੇ ਜਨਮ ਸਮੇਂ ਸਾਫ਼ ਵਾਤਾਵਰਣ ਤੇ ਡਾਕਟਰੀ ਦੇਖਭਾਲ ਵਿੱਚ ਕਮੀ ਵੀ ਬਹੁਤ ਜਾਨਾਂ ਜਾਣ ਦਾ ਕਾਰਨ ਬਣਦੀ ਹੈ।

ਖੋਜਕਰਤਾਵਾਂ ਨੇ ਖ਼ਦਸ਼ਾ ਜਤਾਇਆ ਕਿ ਸਿਹਤ ਪ੍ਰਣਾਲੀਆਂ ਦੇ ‘ਖੜੋਤੇ’ ਰਹਿਣ ਕਾਰਨ ਜਾਂ “ਸਾਰਾ ਧਿਆਨ ਮਹਾਮਾਰੀ ਦੀ ਰੋਕਥਾਮ ਵੱਲ੍ਹ” ਹੋਣ ਕਾਰਨ ਅਤੇ ਜਾਣ ਬੁੱਝ ਕੇ ਵਰਤੀ ਢਿੱਲ ਵੀ ਬਹੁਤ ਵੱਡੇ ਨੁਕਸਾਨ ਕਰ ਸਕਦੀ ਹੈ।

“ਸਾਡੇ ਅਧਿਐਨ ਦੇ ਨਤੀਜੇ ਦਰਸਾਉਂਦੇ ਹਨ ਕਿ ਮਹਾਮਾਰੀ ਦੇ ਅਸਿੱਧੇ ਪ੍ਰਭਾਵ, ਸਿਰਫ਼ ਆਰਥਿਕ ਹੀ ਨਹੀਂ ਹੁੰਦੇ,” ਅਧਿਐਨ ਕਹਿੰਦਾ ਹੈ। “ਜੇ ਸਿਹਤ ਸੰਭਾਲ਼ ਸਹੀ ਢੰਗ ਨਾਲ ਪਹੁੰਚ ਵਿੱਚ ਨਾ ਰਹੀ, ਤਾਂ ਬਹੁਤ ਔਰਤਾਂ ਤੇ ਬੱਚਿਆਂ ਦੀ ਜਾਨ ਜਾ ਸਕਦੀ ਹੈ।

ਇਸ ਤੋਂ ਇਲਾਵਾ, ਇਹ ਇਹ ਚਿਤਾਵਨੀ ਵੀ ਦਿੰਦਾ ਹੈ, “ਜਿੰਨੀ ਨਾਗਰਿਕਾਂ ਦੀ ਸਿਹਤ ਸੰਭਾਲ਼ ਤੋਂ ਦੂਰੀ ਵਧੇਗੀ, ਓਨੀਆਂ ਵੱਧ ਜਾਨਾਂ ਜਾਣਗੀਆਂ। ”

ਅਧਿਐਨ ਦੌਰਾਨ ਜਿਨ੍ਹਾਂ 10 ਦੇਸ਼ਾਂ ਅੰਦਰ ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ ਬਾਰੇ ਖ਼ਦਸ਼ਾ ਪ੍ਰਗਟਾਇਆ ਗਿਆ ਹੈ, ਉਨ੍ਹਾਂ ਵਿੱਚ ਬੰਗਲਾਦੇਸ਼, ਬ੍ਰਾਜ਼ੀਲ, ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ, ਈਥੋਪੀਆ, ਭਾਰਤ, ਇੰਡੋਨੇਸ਼ੀਆ, ਨਾਈਜੀਰੀਆ, ਪਾਕਿਸਤਾਨ, ਯੂਗਾਂਡਾ ਅਤੇ ਤਨਜ਼ਾਨੀਆ ਦੇ ਨਾਂਅ ਹਨ।

ਯੂਨੀਸੈਫ ਨੇ ਘੋਸ਼ਣਾ ਕੀਤੀ ਹੈ ਕਿ ਮਹਾਮਾਰੀ ਦੌਰਾਨ ਕਮਜ਼ੋਰ ਬੱਚਿਆਂ ਦੀ ਮਦਦ ਵਾਸਤੇ ਪੈਸਾ ਇਕੱਠਾ ਕਰਨ ਲਈ ਉਹ ਵਿਸ਼ ਪੱਧਰ ‘ਤੇ ਆਪਣੀ #Reimagine ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ।