ਮਾਨਸਾ ਦੇ ਬੁਢਲਾਡਾ 'ਚ ਇੱਕੋ ਪਰਿਵਾਰ ਦੇ 4 ਜੀਆਂ ਸਮੇਤ 6 ਹੋਰਨਾਂ ਦੀਆਂ ਰਿਪੋਰਟਾਂ ਪਾਜ਼ੀਟਿਵ
ਮਾਨਸਾ ਦੇ ਬੁਢਲਾਡਾ 'ਚ ਇੱਕੋ ਪਰਿਵਾਰ ਦੇ 4 ਜੀਆਂ ਸਮੇਤ 6 ਹੋਰਨਾਂ ਦੀਆਂ ਰਿਪੋਰਟਾਂ ਪਾਜ਼ੀਟਿਵ:ਮਾਨਸਾ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿੱਚ 6 ਹੋਰ ਵਿਅਕਤੀ ਕੋਰੋਨਾ ਨਾਲ ਪਾਜ਼ੀਟਿਵ ਪਾਏ ਗਏ ਹਨ,ਜਿਨ੍ਹਾਂ ਦੀ ਸਿਹਤ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ। ਸਿਹਤ ਵਿਭਾਗ ਨੇ ਬੁਢਲਾਡਾ ਕਸਬੇ ਦੇ ਉਸ ਖੇਤਰ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਕਸਬੇ ਵਿੱਚ 5 ਜਮਾਤੀ ਕੋਰੋਨਾ ਨਾਲ ਪਾਜ਼ੀਟਿਵ ਪਾਏ ਗਏ ਸਨ। ਹੁਣ ਉਨ੍ਹਾਂ ਦੇ ਸੰਪਰਕ ਵਿੱਚ ਆਏ 6 ਹੋਰ ਵਿਅਕਤੀ ਸਕਾਰਾਤਮਕ ਪਾਏ ਗਏ ਹਨ, ਜਿਸ ਤੋਂ ਬਾਅਦ ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 11 ਹੋ ਗਈ ਹੈ। ਮਾਨਸਾ ਦੇ ਬੁਢਲਾਡਾ ਸ਼ਹਿਰ ਦੀ ਮਸਜਿਦ 'ਚ ਠਹਿਰੇ ਛੱਤੀਸਗੜ੍ਹ ਦੇ 10 ਮਰਦ ਔਰਤਾਂ 'ਚੋਂ 5 ਦੇ ਪਿਛਲੇ ਦਿਨੀਂ ਆਏ ਪਾਜ਼ੀਟਿਵ ਨਤੀਜਿਆਂ ਤੋਂ ਬਾਅਦ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਸਥਾਨਕ ਸ਼ਹਿਰ ਦੇ ਇੱਕੋ ਪਰਿਵਾਰ ਦੇ 4 ਜੀਆਂ ਸਮੇਤ 6 ਹੋਰਨਾਂ ਦੀਆਂ ਰਿਪੋਰਟਾਂ ਵੀ ਪਾਜ਼ੀਟਿਵ ਆਉਣ ਨਾਲ ਹੁਣ ਤੱਕ ਜ਼ਿਲ੍ਹਾ ਮਾਨਸਾ 'ਚ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਦੀ ਗਿਣਤੀ 11 ਹੋ ਗਈ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 130 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 37 , ਨਵਾਂਸ਼ਹਿਰ - 19 , ਅੰਮ੍ਰਿਤਸਰ - 11 , ਜਲੰਧਰ - 11 , ਮਾਨਸਾ - 11 , ਲੁਧਿਆਣਾ – 10, ਹੁਸ਼ਿਆਰਪੁਰ - 7 , ਪਠਾਨਕੋਟ - 7 , ਮੋਗਾ - 4 , ਰੋਪੜ - 3 , ਫਤਿਹਗੜ੍ਹ ਸਾਹਿਬ - 2 , ਫਰੀਦਕੋਟ - 2 , ਬਰਨਾਲਾ - 2, ਪਟਿਆਲਾ - 1 , ਕਪੂਰਥਲਾ - 1 , ਸ੍ਰੀ ਮੁਕਤਸਰ ਸਾਹਿਬ - 1, ਸੰਗਰੂਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 11 ਮੌਤਾਂ ਹੋ ਚੁੱਕੀਆਂ ਹਨ ਅਤੇ 18 ਮਰੀਜ਼ ਠੀਕ ਹੋ ਚੁੱਕੇ ਹਨ। -PTCNews