ਪੰਜਾਬ

ਡੀ.ਏ.ਪੀ. ਦੀ ਸਪਲਾਈ 'ਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਅਨੁਸ਼ਾਸ਼ਨੀ ਕਾਰਵਾਈ: ਖੇਤੀਬਾੜੀ ਮੰਤਰੀ

By Riya Bawa -- November 13, 2021 7:11 pm -- Updated:Feb 15, 2021

ਚੰਡੀਗੜ੍ਹ: ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਡੀ.ਏ.ਪੀ. ਦੀ ਸਪਲਾਈ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਨਾਭਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹਾ ਪਟਿਆਲਾ ਦੇ ਐਗਰੀਕਲਚਰ ਅਫ਼ਸਰ (ਏ.ਓ.) ਅਤੇ ਬਲਾਕ ਅਫ਼ਸਰ (ਬੀ.ਓ.) ਵਿਰੁੱਧ ਡਿਊਟੀ ਵਿੱਚ ਕੁਤਾਹੀ ਵਰਤਣ ਲਈ ਅਨੁਸ਼ਾਸ਼ਨੀ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਡੀਲਰ ਜਾਂ ਵਿਭਾਗ ਦਾ ਕੋਈ ਵੀ ਅਧਿਕਾਰੀ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਅਣਗਹਿਲੀ ਵਰਤੇਗਾ ਜਾਂ ਕਿਸਾਨਾਂ ਨੂੰ ਖਾਦ ਦੀ ਸਪਲਾਈ ਨਾਲ ਕੋਈ ਟੈਗਿੰਗ ਕਰੇਗਾ ਤਾਂ ਵਿਭਾਗ ਵੱਲੋਂ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨਾਭਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਿੱਚ ਮਾੜੇ ਅਨਸਰਾਂ ਵਿਰੁੱਧ ਪਹਿਲਾਂ ਹੀ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤ ਗਏ ਸਨ, ਜਿਸ ਦੇ ਸਿੱਟੇ ਵੱਜੋਂ ਕੁੱਝ ਜਿ਼ਲ੍ਹਿਆਂ ਵਿੱਚ ਕੇਸ ਵੀ ਦਰਜ ਕਰਵਾਏ ਗਏ ਹਨ। ਉਨ੍ਹਾ ਦੱਸਿਆ ਕਿ ਇਸੇ ਤਹਿਤ ਫਾਜਿ਼ਲਕਾ ਜਿ਼ਲ੍ਹੇ ਦੇ ਜਲਾਲਾਬਾਦ ਬਲਾਕ ਵਿੱਚ ਖਾਦ ਦਾ ਅਣ-ਅਧਿਕਾਰਤ ਸਟਾਕ ਵੀ ਸਾਹਮਣੇ ਆਇਆ ਹੈ, ਜਿਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

MLA Kaka Randeep

ਨਾਭਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ 'ਚ ਹਾੜੀ ਦੀਆਂ ਫਸਲਾਂ ਦੀ ਅਕਤੂਬਰ ਮਹੀਨੇ ਤੋਂ ਸ਼ੁਰੂ ਹੁੰਦੀ ਬਿਜਾਈ ਲਈ 5.50 ਲੱਖ ਮੀਟਰਿਕ ਟਨ ਡੀ.ਏ.ਪੀ. ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਖਾਦ ਦੀ ਮਹੀਨਾ ਵਾਰ ਅਲਾਟਮੈਂਟ ਵੀ ਭਾਰਤ ਸਰਕਾਰ ਵਲੋਂ ਕੀਤੀ ਜਾਂਦੀ ਹੈ ਜਿਸ ਤਹਿਤ ਇਹ ਖਾਦ ਸੂਬੇ ਵਿਚ ਰੇਲਵੇ ਰਾਹੀ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮਹੀਨਾ ਅਕਤੂਬਰ ਦੀ ਡੀ.ਏ.ਪੀ. 2.0 ਲੱਖ ਟਨ ਦੀ ਮੰਗ ਵਿਰੁੱਧ ਸਿਰਫ 1.51 ਲੱਖ ਟਨ ਡੀ.ਏ.ਪੀ. ਸੂਬੇ ਨੂੰ ਸਪਲਾਈ ਕੀਤੀ ਗਈ ਅਤੇ ਇਸਦੀ ਪਹੁੰਚ ਵੀ ਬਹੁਤ ਹੀ ਮੱਠੀ ਰਫਤਾਰ ਨਾਲ ਹੋਈ ਅਤੇ ਇਸੇ ਤਰਾਂ 13 ਨਵੰਬਰ ਤੱਕ 2.56 ਲੱਖ ਟਨ ਦੇ ਵਿਰੁੱਧ ਕੇਵਲ 74000 ਮੀਟਰਿਕ ਟਨ ਖਾਦ ਹੀ ਪ੍ਰਾਪਤ ਹੋਈ ਹੈ।

-PTC News