ਪੰਜਾਬ

ਨਜਾਇਜ਼ ਮਾਈਨਿੰਗ ਮਾਮਲੇ 'ਚ ਫੜੇ ਗਏ ਦਬੰਗ ਸਾਬਕਾ ਵਿਧਾਇਕ 2 ਦਿਨਾਂ ਦੀ ਪੁਲਿਸ ਰਿਮਾਂਡ 'ਤੇ

By Jasmeet Singh -- June 18, 2022 6:33 pm

ਪਠਾਨਕੋਟ, 18 ਜੂਨ: ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਆਪਣੀ ਪਿਛਲੀ ਕਾਂਗਰਸ ਸਰਕਾਰ ਵੇਲੇ ਅਕਸਰ ਸੁਰਖੀਆਂ 'ਚ ਰਹਿੰਦੇ ਸਨ, ਚਾਹੇ ਉਹ ਛੋਟੇ ਬੱਚੇ ਦੇ ਥੱਪੜ ਮਾਰਨ ਦਾ ਮਾਮਲਾ ਹੋਵੇ ਜਾਂ ਫਿਰ ਕਿਸੇ ਅਧਿਕਾਰੀ ਤੇ ਕਰਮਚਾਰੀ ਨਾਲ ਬਦਸਲੂਕੀ ਦਾ ਮਾਮਲਾ ਹੋਵੇ।

ਇਹ ਵੀ ਪੜ੍ਹੋ: ਰੱਖਿਆ ਮੰਤਰਾਲੇ ਦਾ ਵੱਡਾ ਫੈਸਲਾ, ਅਗਨੀਵੀਰਾਂ ਨੂੰ ਰੱਖਿਆ ਮੰਤਰਾਲੇ ਦੀਆਂ ਨੌਕਰੀਆਂ 'ਚ ਮਿਲੇਗਾ 10% ਰਾਖਵਾਂਕਰਨ


ਸਾਬਕਾ ਵਿਧਾਇਕ ਹੁਣ ਨਜਾਇਜ਼ ਮਾਈਨਿੰਗ ਦੇ ਸ਼ਿਕੰਜੇ 'ਚ ਆ ਚੁਕੇ ਹਨ। ਕੁਝ ਦਿਨ ਪਹਿਲਾਂ ਮਾਈਨਿੰਗ ਵਿਭਾਗ ਵੱਲੋਂ ਪਿੰਡ ਮੇਨੜਾ ਕਲਾਂ ਦੇ ਕ੍ਰਿਸ਼ਨਾ ਸਟੋਨ ਕਰੱਸ਼ਰ ਦੇ ਇੱਕ ਟਰੈਕਟਰ ਟਰਾਲੀ, ਇੱਕ ਟਰੱਕ ਅਤੇ ਇੱਕ ਜੇ.ਸੀ.ਬੀ. ਨੂੰ ਕਾਬੂ ਕੀਤਾ ਗਿਆ ਸੀ, ਜਿਸ ਸਬੰਧੀ ਪੁਲਿਸ ਨੇ 5 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੇ ਹੁਣ ਇਸ ਮਾਮਲੇ ਦੇ ਸੰਬੰਧ ਵਿਚ ਸਾਬਕਾ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਕ੍ਰਿਸ਼ਨਾ ਸਟੋਨ ਕਰੱਸ਼ਰ ਜੋਗਿੰਦਰ ਪਾਲ ਦੇ ਪਰਿਵਾਰ ਦੀ ਮਲਕੀਅਤ ਹੈ। ਬੀਤੀ ਸ਼ਾਮ ਪੁਲਿਸ ਵੱਲੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ 2 ਦਿਨ ਦੇ ਰਿਮਾਂਡ 'ਤੇ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਹਲਕਾ ਭੋਆ ਤੋਂ ਕਾਂਗਰਸ ਵਿੱਚ 5 ਸਾਲਾਂ ਤੋਂ ਆਪਣਾ ਦਬਦਬਾ ਦਿਖਾਉਣ ਵਾਲੇ ਵਿਧਾਇਕ ਖ਼ਿਲਾਫ਼ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਜੋਗਿੰਦਰ ਪਾਲ, ਉਸਦੀ ਪਤਨੀ, ਪੁੱਤਰ ਅਤੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਤਾਰਾਗੜ੍ਹ ਦੀ ਪੁਲਿਸ ਵੱਲੋਂ ਗ੍ਰਿਫਤਾਰੀ ਮਗਰੋਂ ਅੱਜ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿਥੇ ਮਾਣਯੋਗ ਅਦਾਲਤ ਨੇ ਉਸ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਪੁਣੇ ਸਥਿਤ ਸ਼ਾਰਪਸ਼ੂਟਰ ਦਾ ਮੂਸੇਵਾਲਾ ਕਤਲਕਾਂਡ 'ਚ ਸ਼ਮੂਲੀਅਤ ਤੋਂ ਇਨਕਾਰ


ਫਿਲਹਾਲ ਪੁਲਿਸ ਇਸ ਮਾਮਲੇ 'ਚ ਕੁਝ ਵੀ ਖੁਲਾਸਾ ਨਹੀਂ ਕਰ ਰਹੀ ਪਰ ਜਦੋਂ ਦਬੰਗ ਕਹੇ ਜਾਣ ਵਾਲੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜੋ ਮਾਮਲਾ ਉਨ੍ਹਾਂ ਖਿਲਾਫ ਦਰਜ ਕੀਤਾ ਗਿਆ ਹੈ, ਇਹ ਰਾਜਨੀਤੀ ਤੋਂ ਪ੍ਰੇਰਿਤ ਹੈ।

-PTC News

  • Share