20 ਸਾਲ ਲੰਮੀ ਵੀਅਤਨਾਮ ਜੰਗ ਨਾਲੋਂ ਵੱਧ ਅਮਰੀਕਨਾਂ ਦੀਆਂ ਮੌਤਾਂ ਕੋਰੋਨਾ ਨਾਲ

Deaths from coronavirus USA as Johns Hopkins University on Covid -19.

ਵਾਸ਼ਿੰਗਟਨ – ਅਮਰੀਕਾ ਵਿੱਚ ਮੰਗਲਵਾਰ ਨੂੰ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਇੱਕ ਵਾਰ ਫਿਰ ਤੋਂ ਅਚਾਨਕ ਵਾਧਾ ਦਰਜ ਕੀਤਾ ਗਿਆ। ਦਿਖਾਏ ਅੰਕੜਿਆਂ ਅਨੁਸਾਰ, ਜੌਨਜ਼ ਹੌਪਕਿਨਜ਼ ਯੂਨੀਵਰਸਿਟੀ ਵੱਲੋਂ ਇਹ ਪ੍ਰਗਟਾਵਾ ਕੀਤਾ ਗਿਆ ਕਿ ਅਮਰੀਕਨ ਲੋਕਾਂ ਦੀਆਂ ਕੋਰੋਨਾ ਨਾਲ ਹੋਈਆਂ ਮੌਤਾਂ, ਵੀਅਤਨਾਮ ਯੁੱਧ ‘ਚ ਹੋਈਆਂ ਅਮਰੀਕਣ ਦੀਆਂ ਮੌਤਾਂ ਦੇ ਅੰਕੜੇ ਨਾਲੋਂ ਵਧ ਗਈਆਂ ਹਨ।

ਯੂਨੀਵਰਸਿਟੀ ਨੇ ਕਿਹਾ ਕਿ 29 ਅਪ੍ਰੈਲ 2020 ਨੂੰ ਸ਼ਾਮ 8:30 ਮਿੰਟ ‘ਤੇ 24 ਘੰਟਿਆਂ ਦੇ ਅੰਕੜੇ ਬਾਰੇ ਦੱਸਦੇ ਹੋਏ 2,207 ਮੌਤਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਗਈ। ਹਾਲਾਂਕਿ ਐਤਵਾਰ ਅਤੇ ਸੋਮਵਾਰ ਨੂੰ ਰੋਜ਼ਾਨਾ ਦੀ ਗਿਣਤੀ ਘਟ ਕੇ 1,300 ਤੱਕ ਘਟਣ ਬਾਰੇ ਕਿਹਾ ਗਿਆ ਸੀ।

ਕੋਰੋਨਾ ਮਹਾਮਾਰੀ ਨਾਲ ਹੋਈਆਂ ਅਮਰੀਕੀ ਮੌਤਾਂ ਦੀ ਕੁੱਲ ਸੰਖਿਆ 58,351 ਤੱਕ ਪਹੁੰਚ ਜਾਣ ਦੀ ਗੱਲ ਕਹੀ ਗਈ ਹੈ। ਅਮਰੀਕਾ ਦੇ ਨੈਸ਼ਨਲ ਆਰਕਾਈਵਜ਼ ਰਿਕਾਰਡਜ਼ ਵਿੱਚ ਲਗਭਗ 20 ਸਾਲ ਚੱਲੀ ਵੀਅਤਨਾਮ ਜੰਗ ‘ਚ ‘ਚ ਵੱਖੋ-ਵੱਖ ਕਾਰਨਾਂ ਤੋਂ ਹੋਈਆਂ ਅਮਰੀਕਨਾਂ ਦੀਆਂ ਮੌਤਾਂ ਦੀ ਗਿਣਤੀ 58,220 ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਮੰਗਲਵਾਰ ਨੂੰ, ਜੌਨਸ ਹੌਪਕਿਨਜ਼ ਦੇ ਅੰਕੜਿਆਂ ਅਨੁਸਾਰ ਸੰਯੁਕਤ ਰਾਜ ਅਮਰੀਕਾ ਨੇ ਕੋਰੋਨਾ ਮਹਾਮਾਰੀ ਪੀੜਤ ਦਾ 1 ਮਿਲੀਅਨ ਵਾਂ (10 ਲੱਖ ਵਾਂ) ਮਾਮਲਾ ਦਰਜ ਕੀਤਾ, ਜੋ ਕਿ ਪੂਰੀ ਦੁਨੀਆ ਦੇ ਕੁੱਲ ਮਾਮਲਿਆਂ ਦਾ ਤੀਜਾ ਹਿੱਸਾ ਹੈ।

ਜਿੱਥੇ ਤੱਕ ਵੀਅਤਨਾਮ ਜੰਗ ਦੀ ਗੱਲ ਹੈ ਇਸ ਨੂੰ ਦੂਸਰੀ ਭਾਰਤ-ਚੀਨ ਜਾਂ ਇੰਡੋ-ਚਾਈਨਾ ਜੰਗ ਵਜੋਂ ਵੀ ਜਾਣਿਆ ਜਾਂਦਾ ਹੈ। 1 ਨਵੰਬਰ 1955 ਤੋਂ ਸ਼ੁਰੂ ਹੋ ਕੇ ਇਹ 30 ਅਪ੍ਰੈਲ 1975 ਤੱਕ ਚੱਲੀ ਸੀ, ਜਿਸ ਦਾ ਕੁੱਲ ਸਮਾਂ 19 ਸਾਲ, 5 ਮਹੀਨੇ, 4 ਹਫ਼ਤੇ ਅਤੇ 1 ਦਿਨ ਦੱਸਿਆ ਜਾਂਦਾ ਹੈ।

ਨਾਲ ਹੀ, ਅਮਰੀਕਾ ‘ਤੇ ਭਾਰੀ ਸੱਟ ਮਾਰ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਵੱਲ੍ਹ ਸਖ਼ਤ ਰੁਖ਼ ਅਪਣਾਉਂਦੇ ਹੋਏ ਇਹ ਪ੍ਰਗਟਾਵਾ ਕੀਤਾ ਹੈ ਕਿ ਵਿਸ਼ਵ-ਵਿਆਪੀ ਕੋਰੋਨਾਵਾਇਰਸ ਮਹਾਂਮਾਰੀ ਵਿੱਚ ਚੀਨ ਦੀ ਭੂਮਿਕਾ ਬਾਰੇ ਉਨ੍ਹਾਂ ਦਾ ਪ੍ਰਸ਼ਾਸਨ “ਬਹੁਤ ਗੰਭੀਰ” ਅਤੇ “ਬਹੁਤ ਮਜ਼ਬੂਤ” ਜਾਂਚ ਕਰ ਰਿਹਾ ਹੈ। ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਬੀਜਿੰਗ ਖ਼ਿਲਾਫ਼ ਸਖ਼ਤ ਵਿੱਤੀ ਕਦਮ ਚੁੱਕਣ ‘ਤੇ ਵਿਚਾਰ ਕਰ ਰਿਹਾ ਹੈ ਜਿਸ ਨਾਲ ਹਰਜਾਨੇ ਦੇ ਰੂਪ ‘ਚ ਸੈਂਕੜੇ ਬਿਲੀਅਨ ਡਾਲਰ ਵਰਗੇ ਨਤੀਜੇ ਨਿੱਕਲਣ ਦੀ ਸੰਭਾਵਨਾ ਵੀ ਹੋ ਸਕਦੀ ਹੈ।

ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਖ਼ਬਰ ਲਿਖੇ ਜਾਣ ਤੱਕ, ਅਮਰੀਕਾ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1,035,765, ਠੀਕ ਹੋਏ ਮਰੀਜ਼ਾਂ ਦੀ ਗਿਣਤੀ 142,238, ਅਤੇ ਮੌਤਾਂ ਦੀ ਗਿਣਤੀ 59,266 ਦੱਸੀ ਗਈ ਸੀ।