ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਮੋਗਾ : ਮੋਗਾ ਜ਼ਿਲ੍ਹੇ ਦੇ ਪਿੰਡ ਮੰਗੇਵਾਲਾ ਦੇ ਕਿਸਾਨ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਮੋਨੋਸੈਲ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਆਖਿਆ ਕਿ ਅਵਤਾਰ ਸਿੰਘ ਦੋ ਏਕੜ ਜ਼ਮੀਨ ਦਾ ਮਾਲਕ ਸੀ। ਅਵਤਾਰ ਸਿੰਘ ਨੇ ਬੈਂਕ ਆਫ ਇੰਡੀਆ ਤੋਂ ਤਿੰਨ ਲੱਖ ਦਾ ਕਰਜ਼ ਲਿਆ ਹੋਇਆ ਸੀ ਜਿਸ ਨੂੰ ਮੋੜਨ ਤੋਂ ਅਸਮਰੱਥ ਸੀ। ਪੀੜਤ ਕਿਸਾਨ ਦਾ ਇਕ ਲੜਕਾ ਤੇ ਇਕ ਲੜਕੀ ਹੈ। ਲੜਕੀ ਦਾ ਵਿਆਹ ਤਾਂ ਕਿਵੇਂ ਨਾ ਕਿਵੇਂ ਕਰ ਦਿੱਤਾ ਪਰ ਪੁੱਤਰ ਕੋਲ ਕੋਈ ਰੁਜ਼ਗਾਰ ਨਾ ਹੋਣ ਤੇ ਜ਼ਮੀਨ ਥੋੜ੍ਹੀ ਹੋਣ ਕਾਰਨ ਅਜੇ ਵਿਆਹ ਨਹੀਂ ਹੋਇਆ ਸੀ। ਇਨ੍ਹਾਂ ਕਾਰਨਾਂ ਕਰ ਕੇ ਅਵਤਾਰ ਸਿੰਘ ਮਾਨਸਿਕ ਤੌਰ ਉਤੇ ਬਹੁਤ ਪਰੇਸ਼ਾਨ ਸੀ। ਪਰੇਸ਼ਾਨੀ ਦੀ ਹਾਲਤ ਨਾ ਝੱਲਦੇ ਹੋਏ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਜਨਰਲ ਸਕੱਤਰ ਨੇ ਆਖਿਆ ਕਿ ਕਰਜ਼ੇ ਮਾਰੀ ਕਿਸਾਨੀ ਦਿਨੋ ਦਿਨ ਟੁੱਟ ਰਹੀ ਹੈ। ਅਵਤਾਰ ਸਿੰਘ ਦੇ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੈ। ਅਵਤਾਰ ਸਿੰਘ ਪਰਿਵਾਰ ਪਾਲਣ ਦੇ ਨਾਲ-ਨਾਲ ਕਿਸਾਨੀ ਮੋਰਚੇ ਉਤੇ ਵੀ ਲਗਾਤਾਰ ਡਟਿਆ ਰਿਹਾ। ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਅਵਤਾਰ ਸਿੰਘ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ ਅਤੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਅਵਤਾਰ ਸਿੰਘ ਦੇ ਪੁੱਤਰ ਨੂੰ ਉਸ ਦੀ ਯੋਗਤਾ ਦੇ ਹਿਸਾਬ ਨਾਲ ਨੌਕਰੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਕਿਸਾਨ ਖੇਤੀ ਵਿੱਚ ਘਾਟੇ ਕਾਰਨ ਕਾਫੀ ਪਰੇਸ਼ਾਨੀ ਦੇ ਦੌਰ ਵਿੱਚ ਹੈ। ਸਰਕਾਰ ਨੂੰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਢੁੱਕਵੇਂ ਕਦਮ ਚੁੱਕਣੇ ਪੈਣਗੇ। ਇਹ ਵੀ ਪੜ੍ਹੋ : ਸ਼ਰਾਬ ਦੇ ਸ਼ੌਂਕੀਨਾਂ ਲਈ ਖ਼ੁਸ਼ਖ਼ਬਰੀ, ਚੰਡੀਗੜ੍ਹ 'ਚ 3 ਵਜੇ ਤੱਕ ਖੁੱਲ੍ਹਣਗੇ ਨਾਇਟ ਕਲੱਬ ਤੇ ਬੀਅਰ ਬਾਰ