ਪੰਜਾਬ

7 ਸਾਲਾ ਬੱਚੀ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੇਹਰਾਦੂਨ ਪੁਲਿਸ, ਮਾਪਿਆਂ ਦੀ ਭਾਲ ਜਾਰੀ

By Jasmeet Singh -- August 22, 2022 5:40 pm

ਅੰਮ੍ਰਿਤਸਰ, 22 ਅਗਸਤ: ਪੰਜਾਬ 'ਚ ਬੱਚਿਆਂ ਨਾਲ ਵਾਪਰ ਰਹੀਆਂ ਅਣਸੁਖਾਵੀਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਇਸ ਕੜੀ ਵਿਚ ਅੱਜ ਗੁਆਂਢੀ ਸੂਬੇ ਦੀ ਪੁਲਿਸ ਇੱਕ ਬਾਲੜੀ ਨੂੰ ਲੈਕੇ ਪੰਜਾਬ ਦੇ ਅੰਮ੍ਰਿਤਸਰ ਪਹੁੰਚੀ ਹੈ। ਬੱਚੀ ਦੇ ਦੱਸਣ ਮੁਤਾਬਕ ਪਹਿਲਾਂ ਦੇਹਰਾਦੂਨ ਪੁਲਿਸ ਅੰਮ੍ਰਿਤਸਰ ਪਹੁੰਚੀ ਤੇ ਫਿਰ ਪਿੰਡ ਮੂਲੇਚੱਕ ਅਤੇ ਉੱਥੇ ਪੁਲਿਸ ਥਾਣੇ ਪਹੁੰਚ ਥਾਣੇਦਾਰ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ।


ਬੱਚੀ ਨੂੰ ਲੈਕੇ ਅੰਮ੍ਰਿਤਸਰ ਪਹੁੰਚੀਆਂ ਦੇਹਰਾਦੂਨ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਸ ਬੱਚੀ ਦੇ ਮੁਤਾਬਿਕ ਇਸਨੂੰ ਇਸ ਦੀ ਭੈਣ ਹੀ ਰੇਲਵੇ ਸਟੇਸ਼ਨ 'ਤੇ ਛੱਡ ਕੇ ਚਲੀ ਗਈ ਸੀ। ਜਿਸਤੋਂ ਬਾਅਦ ਦੇਹਰਾਦੂਨ ਪੁਲਿਸ ਵੱਲੋਂ ਬੱਚੀ ਕਾਊਂਸਲਿੰਗ ਕੀਤੀ ਗਈ ਜਿਸਨੇ ਅੱਗੇ ਜਾਣਕਾਰੀ ਦਿੱਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਨੇੜੇ ਰਹਿੰਦੀ ਹੈ। ਅਗਲੇਰੀ ਕਾਰਵਾਈ ਕਰਦਿਆਂ ਦੇਹਰਾਦੂਨ ਪੁਲਿਸ ਵੱਲੋਂ ਮਹਿਲਾ ਮੁਲਾਜ਼ਮਾਂ ਨਾਲ ਜ਼ੋਇਆ ਨਾਮਕ ਇਸ ਬੱਚੀ ਨੂੰ ਅੰਮ੍ਰਿਤਸਰ ਦੇ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵੱਲੋਂ ਹੁਣ ਬੱਚੀ ਦੀ ਤਸਵੀਰ ਜਨਤਕ ਕਰਕੇ ਪਰਿਵਾਰ ਨੂੰ ਲੱਭਣ ਦੀ ਪ੍ਰਕ੍ਰਿਆ ਨੂੰ ਸ਼ੁਰੂ ਕਰ ਦਿੱਤੀ ਗਿਆ ਹੈ।

ਜਦੋਂ ਬੱਚੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦਾ ਨਾਂਅ ਜ਼ੋਇਆ, ਉਹ ਅੰਮ੍ਰਤਿਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਰਹਿੰਦੀ ਹੈ ਅਤੇ ਉਸਦੇ ਪਿਤਾ ਕਬਾੜ ਦਾ ਕੰਮ ਕਰਦੇ ਹਨ। ਬੱਚੀ ਨੇ ਦੱਸਿਆ ਕਿ ਉਸਦੇ ਪਿਤਾ ਦਾ ਨਾਂਅ ਸੋਨੂ ਤੇ ਮਾਤਾ ਦਾ ਨਾਂਅ ਤੁਲਸੀ ਹੈ। ਬੱਚੀ ਦਾ ਕਹਿਣਾ ਕਿ ਉਹ ਅਕਸਰ ਸ੍ਰੀ ਦਰਬਾਰ ਸਾਹਿਬ ਪਰਿਵਾਰ ਨਾਲ ਲੰਗਰ ਛੱਕਣ ਜਾਉਂਦੀ ਸੀ ਅਤੇ ਉਸਨੂੰ ਆਪਣੇ ਮਾਤਾ ਪਿਤਾ ਦੀ ਬਹੁਤ ਯਾਦ ਆਉਂਦੀ ਹੈ ਅਤੇ ਉਸਨੂੰ ਉਸਦੇ ਮਾਤਾ ਪਿਤਾ ਕੋਲ ਪਹੁੰਚਾ ਦਿੱਤਾ ਜਾਵੇ।

ਬਾਲ ਭਲਾਈ ਕਮੇਟੀ ਦੇ ਨੁਮਾਇੰਦਿਆਂ ਦਾ ਕਹਿਣਾ ਕਿ ਬੱਚੀ ਨੂੰ ਉਸਦੀ ਭੈਣ ਵੱਲੋਂ ਦੇਹਰਾਦੂਨ ਦੇ ਰੇਲਵੇ ਸਟੇਸ਼ਨ 'ਤੇ ਇਕੱਲਾ ਛੱਡ ਦਿੱਤਾ ਗਿਆ ਸੀ ਜਿਸਤੋਂ ਬਾਅਦ ਉਸਨੂੰ ਦੇਹਰਾਦੂਨ ਪੁਲਿਸ ਵਾਲਿਆਂ ਨੇ ਵੇਖਿਆ ਅਤੇ ਪੁਛਗਿੱਛ ਮਗਰੋਂ ਇੱਥੇ ਲੈ ਆਏ। ਕਮੇਟੀ ਦਾ ਕਹਿਣਾ ਕਿ ਜਲਦ ਤੋਂ ਜਲਦ ਬੱਚੀ ਦੇ ਮਾਪਿਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਬਣਦੀ ਕਾਰਵਾਈ ਮਗਰੋਂ ਉਨ੍ਹਾਂ ਦੀ ਪੁੱਤਰੀ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! UPI ਸੇਵਾਵਾਂ ਲਈ ਨਹੀਂ ਲੱਗੇਗਾ ਕੋਈ ਚਾਰਜ: ਕੇਂਦਰ ਸਰਕਾਰ ਨੇ ਕੀਤਾ ਸਪੱਸ਼ਟ


-PTC News

  • Share