ਲਾਕਡਾਊਨ 4.0 : ਦਿੱਲੀ 'ਚ ਆਟੋ, ਬੱਸ ਅਤੇ ਟੈਕਸੀ ਸੇਵਾ ਸ਼ੁਰੂ, ਆਡ-ਈਵਨ ਦੇ ਹਿਸਾਬ ਨਾਲ ਖੁੱਲ੍ਹਣਗੀਆਂ ਦੁਕਾਨਾਂ

By Shanker Badra - May 18, 2020 7:05 pm

ਲਾਕਡਾਊਨ 4.0 : ਦਿੱਲੀ 'ਚ ਆਟੋ, ਬੱਸ ਅਤੇ ਟੈਕਸੀ ਸੇਵਾ ਸ਼ੁਰੂ, ਆਡ-ਈਵਨ ਦੇ ਹਿਸਾਬ ਨਾਲ ਖੁੱਲ੍ਹਣਗੀਆਂ ਦੁਕਾਨਾਂ:ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ-4 ਨੂੰ ਲੈ ਕੇ ਦਿੱਲੀ ਵਾਸੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਟੋ ਰਿਕਸ਼ਾ, ਟੈਕਸੀ ਅਤੇ ਕੈਬ ਦੋ ਯਾਤਰੀਆਂ ਨਾਲ ਚੱਲਣ ਦੀ ਆਗਿਆ ਹੋਵੇਗੀ। ਇਕ ਯਾਤਰੀ ਨਾਲ ਆਟੋ-ਰਿਕਸ਼ਾ, ਈ-ਰਿਕਸ਼ਾ, ਸਾਈਕਲ ਰਿਕਸ਼ਾ ਦੀ ਆਗਿਆ ਹੋਵੇਗੀ। ਦਿੱਲੀ 'ਚ ਬੱਸ ਸੇਵਾ ਸ਼ੁਰੂ ਹੋਵੇਗੀ ਪਰ 20 ਯਾਤਰੀ ਹੀ ਬੈਠ ਸਕਣਗੇ।

ਉਨ੍ਹਾਂ ਕਿਹਾ ਬਾਜ਼ਾਰ ਖੁੱਲ੍ਹ ਸਕਦੇ ਹਨ ਪਰ ਦੁਕਾਨਾਂ ਆਡ-ਈਵਨ ਤਹਿਤ ਹੀ ਖੁੱਲ੍ਹਣਗੀਆਂ। ਰੈਸਟੋਰੈਂਟ ਖੁੱਲ੍ਹ ਸਕਦੇ ਹਨ ਪਰ ਸਿਰਫ ਹੋਮ ਡਿਲਿਵਰੀ ਲਈ।ਇਸ ਦੌਰਾਨ ਸ਼ਾਪਿੰਗ ਕੰਪਲੈਕਸ ਵਿੱਚ ਦੁਕਾਨਾਂ ਆਡ-ਈਵਨ ਦੇ ਅਨੁਸਾਰ ਖੁੱਲ੍ਹਣਗੀਆਂ। ਇਸ ਸਮੇਂ ਸਮਾਜਿਕ ਦੂਰੀਆਂ ਹਰੇਕ ਦੁਕਾਨ 'ਤੇ ਲਾਗੂ ਹੋਣਗੀਆਂ। ਉਦਯੋਗ ਖੁੱਲ੍ਹੇਗਾ ਅਤੇ ਵੱਖੋ ਵੱਖਰੇ ਸਮੇਂ ਹੋਣਗੇ। ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਵਿੱਚ 50 ਲੋਕ ਅਤੇ ਅੰਤਿਮ ਸਸਕਾਰ ਸਮੇਂ ਸਿਰਫ 20 ਲੋਕ ਸ਼ਾਮਿਲ ਹੋਣਗੇ।

ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਵੀ ਪੂਰੀ ਤਰ੍ਹਾਂ ਨਾਲ ਖੁੱਲ੍ਹ ਸਕਦੇ ਹਨ ਪਰ “ਉਨ੍ਹਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਿਆਦਾਤਰ ਸਟਾਫ ਘਰੋਂ ਕੰਮ ਕਰੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਦਰਸ਼ਕਾਂ ਦੇ ਖੇਡ ਕੰਪਲੈਕਸ ਅਤੇ ਸਟੇਡੀਅਮ ਖੁੱਲ੍ਹ ਸਕਦੇ ਹਨ। ਹੁਣ ਰਾਸ਼ਟਰੀ ਰਾਜਧਾਨੀ ਵਿੱਚ ਨਿਰਮਾਣ ਕਾਰਜਾਂ ਦੀ ਆਗਿਆ ਹੈ ਪਰ ਸਿਰਫ ਉਨ੍ਹਾਂ ਮਜ਼ਦੂਰਾਂ ਨਾਲ ਜੋ ਦਿੱਲੀ ਦੇ ਹੀ ਵਰਕਰ ਹਨ।

ਇਸ ਦੌਰਾਨ ਸੈਲੂਨ, ਸਪਾ , ਮੈਟਰੋ ਰੇਲ ਸੇਵਾਵਾਂ,ਹੋਟਲ, ਸਿਨੇਮਾਘਰ, ਸ਼ਾਪਿੰਗ ਮਾਲ, ਜਿਮ ਸਵੀਮਿੰਗ ਪੂਲ, ਮਨੋਰੰਜਨ ਪਾਰਕ, ਬਾਰ, ਅਸੈਂਬਲੀ ਹਾਲ ਸਕੂਲ ਅਤੇ ਕਾਲਜ 31 ਮਈ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਨ, ਸਿੱਖਿਅਕ, ਸੱਭਿਆਚਾਰਕ ਅਤੇ ਧਾਰਮਿਕ ਸਮਾਰੋਹਾਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਕਰਫਿਊ ਰਹੇਗਾ, ਹੋਰ ਸਮੇਂ ਵਿਚ ਸਿਰਫ ਜ਼ਰੂਰੀ ਸੇਵਾਵਾਂ ਦੀ ਆਗਿਆ ਹੋਵੇਗੀ।
-PTCNews

adv-img
adv-img