New Update
#Delhiviolence: ਦਿੱਲੀ ਹਿੰਸਾ ਅਤੇ IB ਕਰਮਚਾਰੀ ਦੇ ਕਤਲ ਮਾਮਲੇ ਵਿੱਚ ਘਿਰੇ AAP ਕੌਂਸਲਰ, ਘਰ ਦੀ ਛੱਤ ਤੋਂ ਮਿਲੇ ਪੱਥਰ ਅਤੇ ਪੈਟਰੋਲ ਬੰਬ:ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (ਸੀਏਏ) ਤੋਂ ਬਾਅਦ ਦਿੱਲੀ ਵਿੱਚ ਭੜਕੀ ਹਿੰਸਾ ਅਤੇ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਮਾਮਲੇ ਵਿੱਚ ਨਹਿਰੂ ਵਿਹਾਰ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰਤਾਹਿਰ ਹੁਸੈਨ ਬੁਰੀ ਤਰ੍ਹਾਂ ਫ਼ਸਦੇ ਦਿਖਾਈ ਦੇ ਰਹੇ ਹਨ। ਇਹ ਸਾਰਾ ਦੋਸ਼ ਆਪ ਕੌਂਸਲਰਤਾਹਿਰ ਹੁਸੈਨ ਅਤੇ ਉਸ ਦੇ ਸਮਰਥਕਾਂ ‘ਤੇ ਲੱਗ ਰਿਹਾ ਹੈ।
ਦੱਸਣਯੋਗ ਹੈ ਕਿ ਆਈਬੀ ਕਰਮਚਾਰੀ ਅੰਕਿਤ ਸ਼ਰਮਾ (26) ਦੇ ਪਰਿਵਾਰ ਨੇ ਆਪ ਕੌਂਸਲਰਤਾਹਿਰ ਹੁਸੈਨ ਉੱਤੇ ਕਤਲ ਦਾ ਇਲਜ਼ਾਮ ਲਗਾਇਆ ਹੈ। ਬੁੱਧਵਾਰ ਨੂੰ ਉਸ ਦੀ ਲਾਸ਼ ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਤ ਚੰਦ ਬਾਗ ਇਲਾਕੇ ਵਿਚ ਉਸ ਦੇ ਘਰ ਨੇੜੇ ਇਕ ਨਾਲੇ 'ਚੋ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਜਿੱਥੋਂ ਹੋਈ ਪੱਥਰਬਾਜ਼ੀ ਵਿੱਚ ਅੰਕਿਤ ਸ਼ਰਮਾ ਦੀ ਮੌਤ ਹੋਈ ਹੈ ,‘ਆਪ’ ਦੇ ਕੌਂਸਲਰ ਦੇ ਘਰ ਦੀ ਛੱਤ ਤੋਂ ਪੱਥਰ ਅਤੇ ਪੈਟਰੋਲ ਬੰਬ ਮਿਲੇ ਹਨ।
ਸ਼ਰਮਾ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਕਤਲ ਦੇ ਪਿੱਛੇ ਸਥਾਨਕ ਕੌਂਸਲਰ ਅਤੇ ਉਸਦੇ ਸਾਥੀ ਸਨ। ਦੂਜੇ ਪਾਸੇ ਹੁਸੈਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸਨੇ ਕਿਹਾ, "ਮੈਨੂੰ ਇਸ ਖ਼ਬਰ ਤੋਂ ਪਤਾ ਚੱਲਿਆ ਕਿ ਮੇਰੇ ਉੱਤੇ ਇੱਕ ਵਿਅਕਤੀ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਹ ਝੂਠੇ ਅਤੇ ਬੇਬੁਨਿਆਦ ਦੋਸ਼ ਹਨ। ਸੁਰੱਖਿਆ ਦੇ ਮਾਮਲੇ ਵਿਚ ਮੈਂ ਅਤੇ ਮੇਰਾ ਪਰਿਵਾਰ ਸੋਮਵਾਰ ਨੂੰ ਪੁਲਿਸ ਦੀ ਮੌਜੂਦਗੀ ਵਿਚ ਹੀ ਆਪਣਾ ਘਰ ਛੱਡ ਕੇ ਚਲੇ ਗਏ ਸੀ।
ਕੌਂਸਲਰਤਾਹਿਰ ਹੁਸੈਨ ਨੇ ਕਿਹਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਸਨੇ ਕਿਹਾ, "ਮੈਨੂੰ ਨਿਸ਼ਾਨਾ ਬਣਾਉਣਾ ਗਲਤ ਹੈ।" ਇਸਦਾ ਮੇਰਾ ਅਤੇ ਮੇਰੇ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹੁਸੈਨ ਨੇ ਇਹ ਟਿੱਪਣੀਆਂ ‘ਆਪ’ ਦੇ ਸੋਸ਼ਲ ਮੀਡੀਆ ਮੁਖੀ ਅੰਕਿਤ ਲਾਲ ਦੁਆਰਾ ਸਾਂਝੇ ਕੀਤੇ ਇੱਕ ਵੀਡੀਓ ਵਿੱਚ ਕੀਤੀ। ‘ਆਪ’ ਆਗੂ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦਾ ਸਟੈਂਡ ਸਪਸ਼ਟ ਹੈ ਕਿ ਹਿੰਸਾ ਫੈਲਾਉਣ ‘ਚ ਸ਼ਾਮਲ ਹਰੇਕ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਦੱਸ ਦੇਈਏ ਕਿ ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਜਿਨ੍ਹਾਂ 'ਚੋਂ ਇੱਕ ਵੀਡੀਓ ਆਪ ਕੌਂਸਲਰ ਤਾਹਿਰ ਹੁਸੈਨ ਦੇ ਘਰ ਦੀ ਵੀ ਹੈ। ਇਸ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਦੰਗਾਕਾਰੀ ਤਾਹਿਰ ਦੇ ਘਰ ਦੀ ਛੱਤ ਤੋਂ ਪੱਥਰਬਾਜ਼ੀ ਕਰ ਰਹੇ ਹਨ। ਪੈਟਰੋਲ ਬੰਬ ਸੁੱਟ ਰਹੇ ਹਨ। ਹਿੰਸਾ ਵਿੱਚ ਮਾਰੇ ਗਏ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ‘ਆਪ’ ਦੇ ਸਥਾਨਕ ਕੌਂਸਲਰ ਤਾਹਿਰ ਦੀ ਇਮਾਰਤ ਵਿੱਚ ਲਿਜਾ ਕੇ ਉਸਦੀ ਕੁੱਟ -ਕੁੱਟ ਕੇ ਹੱਤਿਆ ਕਰ ਦਿੱਤੀ ਬਾਅਦ ਵਿੱਚ ਲਾਸ਼ ਇੱਕ ਨਾਲੇ ਵਿੱਚ ਸੁੱਟ ਦਿੱਤੀ ਗਈ ਹੈ।
ਦੱਸ ਦੇਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਿੰਨ ਦਿਨਾਂ ਤੋਂ ਹੋ ਰਹੀ ਹਿੰਸਾ ਭਾਵੇਂ ਰੁੱਕ ਗਈ ਹੈ ਪਰ ਡਰ ਦਾ ਮਾਹੌਲ ਅਜੇ ਵੀ ਹੈ। ਵੀਰਵਾਰ ਨੂੰ ਦਿੱਲੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ ਅਤੇ ਹੁਣ ਤੱਕ ਗਿਣਤੀ 34 ਹੋ ਗਈ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਲਗਤਾਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ। ਦਿੱਲੀ ਪੁਲਿਸ ਵੱਲੋਂ ਆਪ ਕੌਂਸਲਰਤਾਹਿਰ ਹੁਸੈਨ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ।
-PTCNews-