ਡੀਐਸਪੀ ਦਲਜੀਤ ਢਿੱਲੋਂ ਵੱਲੋਂ ਸੀ.ਬੀ.ਆਈ. ਜਾਂਚ ਦੀ ਮੰਗ ,ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

By Shanker Badra - August 31, 2018 11:08 am

ਡੀਐਸਪੀ ਦਲਜੀਤ ਢਿੱਲੋਂ ਵੱਲੋਂ ਸੀ.ਬੀ.ਆਈ. ਜਾਂਚ ਦੀ ਮੰਗ ,ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ:ਪੰਜਾਬ ਦੇ ਸਾਬਕਾ ਡੀਐਸਪੀ ਦਲਜੀਤ ਸਿੰਘ ਢਿੱਲੋਂ ਦੁਆਰਾ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇੱਕ ਪਟੀਸ਼ਨ ਦਾਖ਼ਲ ਕੀਤੀ ਗਈ ਸੀ,ਜਿਸ ਵਿੱਚ ਉਸਨੇ ਆਪਣੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।ਹਾਈ ਕੋਰਟ ਨੇ ਇਸ ਪਟੀਸ਼ਨ `ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ, ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਹਰਵਿੰਦਰ ਕੌਰ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਅਨੀਤਾ ਪੁੰਜ ਨੂੰ 28 ਸਤੰਬਰ ਲਈ ਨੋਟਿਸ ਜਾਰੀ ਕੀਤਾ ਹੈ।

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਸਾਬਕਾ ਡੀਐਸਪੀ ਦਲਜੀਤ ਸਿੰਘ ਢਿੱਲੋਂ ਉੱਪਰ ਇੱਕ ਮਹਿਲਾ ਹਰਵਿੰਦਰ ਕੌਰ ਨੇ ਨਸ਼ਿਆਂ 'ਚ ਧੱਕਣ ਅਤੇ ਜਿਨਸ਼ੀ ਸ਼ੋਸ਼ਣ ਦੇ ਦੋਸ਼ ਲਗਾਏ ਸਨ।ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਡਾਇਰੈਕਰ ਅਨੀਤਾ ਪੁੰਜ ਨੂੰ ਸੌਂਪ ਦਿੱਤੀ ਗਈ ਸੀ।ਜਾਂਚ ਤੋਂ ਬਾਅਦ ਢਿੱਲੋਂ `ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਬਰਖ਼ਾਸਤ ਕਰਕੇ ਰੂਪਨਗਰ ਜੇਲ ਭੇਜ ਦਿੱਤਾ ਗਿਆ।ਹੁਣ ਢਿੱਲੋਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਜਿੱਥੇ ਉਨ੍ਹਾਂ ਨੇ ਪੰਜਾਬ ਦੇ ਵਿਧਾਇਕ ਰਾਣਾ ਗੁਰਜੀਤ ਅਤੇ ਪੁਲਿਸ ਅਧਿਕਾਰੀਆਂ `ਤੇ ਦੋਸ਼ ਲਗਾਏ ਹਨ।ਢਿੱਲੋਂ ਦੀ ਵਕੀਲ ਜੇ.ਕੇ. ਮਾਨ ਨੇ ਕਿਹਾ ਕਿ ਪੰਜਾਬ ਦੇ ਵਿਧਾਇਕ ਰਾਣਾ ਗੁਰਜੀਤ, ਢਿੱਲੋਂ ਨੂੰ ਫ਼ਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ 2016 `ਚ ਉਨ੍ਹਾਂ ਨੇ ਰਾਣਾ ਗੁਰਜੀਤ ਵਿਰੁੱਧ ਇੱਕ ਮਾਮਲੇ `ਚ ਡੇਲੀ ਡਾਇਰੀ ਰਿਪੋਰਟ (ਡੀਡੀਆਰ) ਦਰਜ ਕੀਤੀ ਸੀ।

ਦਲਜੀਤ ਸਿੰਘ ਢਿੱਲੋਂ 'ਤੇ ਦੋਸ਼ ਲਗਾਉਣ ਵਾਲੀ ਮਹਿਲਾ ਹਰਵਿੰਦਰ ਕੌਰ ਦੀ ਪਹਿਲਾਂ ਵਾਲੀ ਵੀਡੀਓ ਵੀ ਪਟੀਸ਼ਨ ਦੇ ਨਾਲ ਲਗਾਈ ਗਈ ਹੈ,ਜਿਸ ਵਿੱਚ ਦੱਸਿਆ ਗਿਆ ਹੈ ਕਿ ਉਸ ਨੂੰ ਨਸ਼ੇ ਦੀ ਲਤ ਲਗਾਉਣ ਵਾਲਾ ਕੋਈ ਹੋਰ ਨਹੀਂ ਬਲਕਿ, ਉਸ ਦਾ ਹੀ ਪਤੀ ਹੈ।ਵਕੀਲ ਜੀ.ਕੇ. ਮਾਨ ਨੇ ਕਿਹਾ ਕਿ ਹਰਵਿੰਦਰ ਕੌਰ ਬਾਰੇ ਜਾਂਚ ਪੂਰੀ ਕੀਤੇ ਬਿਨਾ ਹੀ ਰਿਪੋਰਟ ਦੇ ਦਿੱਤੀ ਗਈ।ਇਸ ਪਟੀਸ਼ਨ `ਚ ਪੰਜਾਬ ਪੁਲਿਸ ਅਕੈਡਮੀ ਫ਼ਿਲੌਰ ਦੀ ਡਾਇਰੈਕਟਰ ਅਨੀਤਾ ਪੁੰਜ ਦੀ ਜਾਂਚ `ਤੇ ਸਵਾਲ ਚੁੱਕੇ ਗਏ ਹਨ।

ਢਿੱਲੋਂ ਮੁਤਾਬਕ ਨਸ਼ਿਆਂ ਨੇ ਮਾਮਲੇ `ਚ ਜਦੋਂ ਡੀਜੀਪੀ ਰੈਂਕ ਦੇ ਅਫ਼ਸਰਾਂ ਦੇ ਨਾਮ ਸਾਹਮਣੇ ਆਏ ਤਾਂ ਉਸ ਤੋਂ ਧਿਆਨ ਹਟਾਉਣ ਲਈ ਇਸ ਮਹਿਲਾ ਨੂੰ ਸਾਹਮਣੇ ਲਿਆਂਦਾ ਗਿਆ।ਸ਼ਿਕਾਇਤ ਕਰਤਾ ਨੇ ਚਲਾਨ ਪੇਸ਼ ਕਰਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ।
-PTCNews

adv-img
adv-img