ਮੁੱਖ ਖਬਰਾਂ

ਟੈਂਡਰ ਘੁਟਾਲਾ ਮਾਮਲੇ 'ਚ ਈਡੀ ਹੁਣ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਕਰੇਗੀ ਪੁੱਛਗਿੱਛ

By Pardeep Singh -- August 30, 2022 9:32 am -- Updated:August 30, 2022 12:48 pm

ਚੰਡੀਗੜ੍ਹ:ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘਪਲੇ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਦੋ ਫਾਈਲਾਂ ਹੁਣ ਈਡੀ ਕੋਲ ਪਹੁੰਚ ਗਈਆ ਹਨ। ਸੂਤਰਾਂ ਦੇ ਹਵਾਾਲੇ ਤੋਂ ਇਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਹੁਣ ਈਡੀ ਪੁੱਛਗਿੱਛ ਕਰੇਗੀ। ਈਡੀ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫੂਡ ਸਪਲਾਈ ਵਿਭਾਗ ਵਿੱਚ ਹੋਏ ਘੁਟਾਲੇ ਦੇ ਪੈਸਿਆ ਨੂੰ ਵਿਦੇਸ਼ ਵਿੱਚ ਪ੍ਰਾਪਰਟੀ ਖਰੀਦਣ ਲਈ ਵਰਤਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਈਡੀ ਦੀ ਜਾਂਚ ਵਿੱਚ ਕਈ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ।

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਦੀਆਂ ਦੋ ਫਾਈਲਾਂ ਗਾਇਬ ਹੋ ਗਈਆਂ ਹਨ। ਇਕ ਫਾਈਲ ਦਾਗੀ ਅਧਿਕਾਰੀ ਰਾਕੇਸ਼ ਸਿੰਗਲਾ ਨੂੰ ਕੇਂਦਰੀ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਹੈ। ਦੂਜੀ ਫਾਈਲ ਸਿੰਗਲਾ ਨੂੰ ਟੈਂਡਰ ਅਲਾਟਮੈਂਟ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਹੈ। ਸਿੰਗਲਾ ਵੀ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਦਾ ਮੁਲਜ਼ਮ ਹੈ। ਹਾਲਾਂਕਿ ਘੁਟਾਲੇ ਦੀ ਜਾਂਚ ਦਾ ਪਤਾ ਲੱਗਦਿਆਂ ਹੀ ਉਹ ਵਿਦੇਸ਼ ਭੱਜ ਗਿਆ। ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਿੰਗਲਾ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਸਿੰਗਲਾ ਨੇ ਨੌਕਰੀ ਦੌਰਾਨ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ।ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਇਹ ਦੋਵੇਂ ਫਾਈਲਾਂ ਮੰਗੀਆਂ ਸਨ। ਇਸ ਤੋਂ ਬਾਅਦ ਕਰੀਬ ਇੱਕ ਹਫ਼ਤੇ ਤੱਕ ਫਾਈਲਾਂ ਦੀ ਤਲਾਸ਼ ਕੀਤੀ ਗਈ। ਫਿਰ ਵੀ ਫਾਈਲਾਂ ਨਹੀਂ ਮਿਲੀਆਂ।

ਕਾਬਿਲੇਗੌਰ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘਪਲੇ ਦੇ ਮਾਮਲੇ ਵਿਚ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਜੂਨ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਸੀ।

ਦੱਸ ਦੇਈਏ ਕਿ ਵਿਜੀਲੈਂਸ ਟੀਮਾਂ ਨੇ ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਤੇ ਅਨਾਜ ਟਰਾਂਸਪੋਰਟ ਘੁਟਾਲੇ ਵਿੱਚ ਨਾਮਜ਼ਦ ਮੀਨੂੰ ਮਲਹੋਤਰਾ ਦੇ ਘਰ ਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਜਵਾਹਰ ਨਗਰ ਕੈਂਪ ਵਿੱਚ ਇੱਕ ਪ੍ਰਾਪਰਟੀ ਡੀਲਰ, ਮੀਨੂੰ ਦੇ ਰਿਸ਼ਤੇਦਾਰਾਂ ਤੇ ਉਸਦੇ ਘਰ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਵਿਜੀਲੈਂਸ ਨੇ ਥਾਂ-ਥਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਸੀ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਤੋਂ ਮੀਨੂੰ ਮਲਹੋਤਰਾ ਦੀਆਂ ਅੱਠ ਇਮਾਰਤਾਂ ਦੇ ਦਸਤਾਵੇਜ਼ ਲਏ ਸਨ ਅਤੇ ਫਿਰ ਉਨ੍ਹਾਂ ਦੀ ਜਾਂਚ ਕੀਤੀ ਸੀ।

ਇਹ ਵੀ ਪੜ੍ਹੋ:ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਵੱਡਾ ਐਲਾਨ, ਪੈਟਰੋਲ ਪੰਪ ਬੰਦ ਰੱਖਣ ਦਾ ਪ੍ਰੋਗਰਾਮ ਮੁਲਤਵੀ

-PTC News

  • Share