New Update
ਰਾਜ ਸਭਾ ਦੀਆਂ 18 ਸੀਟਾਂ ਲਈ 19 ਜੂਨ ਨੂੰ ਹੋਣਗੀਆਂ ਚੋਣਾਂ, ਚੋਣ ਕਮਿਸ਼ਨ ਨੇ ਕੀਤਾ ਐਲਾਨ:ਨਵੀਂ ਦਿੱਲੀ : ਰਾਜ ਸਭਾ ਦੀਆਂ 18 ਸੀਟਾਂ ਲਈ ਇਸ ਮਹੀਨੇ ਦੀ 19 ਜੂਨ ਨੂੰ ਚੋਣਾਂ ਹੋਣੀਆਂ ਹਨ। ਇਸ ਸਬੰਧੀ ਚੋਣ ਕਮਿਸ਼ਨ ਦੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿਚ ਆਂਧਰਾ ਪ੍ਰਦੇਸ਼ ਵਿਚ ਚਾਰ, ਝਾਰਖੰਡ ਵਿਚ ਦੋ, ਮੱਧ ਪ੍ਰਦੇਸ਼ ਵਿਚ ਤਿੰਨ, ਮਣੀਪੁਰ ਵਿਚ ਇਕ, ਰਾਜਸਥਾਨ ਵਿਚ ਤਿੰਨ, ਗੁਜਰਾਤ ਵਿਚ ਚਾਰ ਅਤੇ ਮੇਘਾਲਿਆ ਵਿਚ ਇਕ ਸੀਟ ਸ਼ਾਮਲ ਹਨ।
ਦੱਸ ਦੇਈਏ ਕਿ ਇਨ੍ਹਾਂ ਸਾਰੀਆਂ ਸੀਟਾਂ ਦੇ ਆਖ਼ਰੀ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਕੋਰੋਨਾ ਸੰਕਟ ਕਾਰਨ ਚੋਣ ਕਮਿਸ਼ਨ ਨੇ ਪਹਿਲਾਂ 26 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਸੀ ਪਰ ਹੁਣ ਖ਼ਾਲੀ 18 ਸੀਟਾਂ ਭਰਨ ਲਈ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਕੀਤੀ ਜਾਵੇਗੀ ਅਤੇ ਨਤੀਜੇ ਐਲਾਨੇ ਜਾਣਗੇ।
ਕਮਿਸ਼ਨ ਨੇ ਇਹ ਫੈਸਲਾ ਵੀ ਲਿਆ ਹੈ ਕਿ ਮੁੱਖ ਸਕੱਤਰ, ਹਰੇਕ ਰਾਜ ਤੋਂ ਇੱਕ ਸੀਨੀਅਰ ਅਧਿਕਾਰੀ ਦੀ ਨਿਯੁਕਤੀ ਕਰਨਗੇ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣਾਂ ਕਰਾਉਣ ਦੇ ਪ੍ਰਬੰਧਾਂ ਦੌਰਾਨ ਕੋਵਿਡ -19 ਦੇ ਨਿਯੰਤਰਣ ਉਪਾਵਾਂ ਦੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਸਾਲ ਦੇ ਸ਼ੁਰੂ ਵਿੱਚ ਸੰਸਦ ਦੇ ਉਪਰਲੇ ਸਦਨ 'ਚ 55 ਸੀਟਾਂ ਖ਼ਾਲੀ ਹੋ ਗਈਆਂ ਸਨ ਅਤੇ 37 ਮੈਂਬਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਨ੍ਹਾਂ 37 ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਵੀ ਅਜੇ ਹੋਣਾ ਹੈ।
-PTCNews-