ਮੁੱਖ ਖਬਰਾਂ

ਚੰਡੀਗੜ੍ਹ 'ਚ MLA ਹੋਸਟਲ ਦੇ ਸਾਹਮਣੇ ਟਾਵਰ 'ਤੇ ਚੜ੍ਹਿਆ ਬੇਰੁਜ਼ਗਾਰ ਅਧਿਆਪਕ

By Riya Bawa -- November 27, 2021 12:29 pm -- Updated:November 27, 2021 12:41 pm

ਚੰਡੀਗੜ੍ਹ: ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਇਸ ਵਿਚਾਲੇ ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਦੇ ਸੈਕਟਰ 4 ਵਿੱਚ ਇੱਕ ਈਟੀਟੀ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਟੀਵੀ ਟਾਵਰ ਉੱਤੇ ਚੜ੍ਹ ਗਿਆ।

ਸੂਚਨਾ ਮਿਲਦੇ ਹੀ ਪੁਲਸ 'ਚ ਹੜਕੰਪ ਮਚ ਗਿਆ। ਅਧਿਆਪਕ ਕੋਲ ਪੈਟਰੋਲ ਦੀ ਬੋਤਲ ਵੀ ਹੈ। ਅਧਿਆਪਕ ਦਾ ਨਾਂ ਸੋਹਣ ਸਿੰਘ ਦੱਸਿਆ ਜਾ ਰਿਹਾ ਹੈ। ਇਹ ਟਾਵਰ ਐਮ.ਐਲ.ਏ ਹੋਸਟਲ ਦੇ ਨਜ਼ਦੀਕ ਹੈ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ।

ਇਸ ਦੌਰਾਨ ਟਾਵਰ 'ਤੇ ਚੜੇ ਕੱਚੇ ਅਧਿਆਪਕਾਂ ਵਲੋਂ ਮੰਗ ਅਤੇ ਸ਼ਿਕਾਇਤ ਪੱਤਰ ਸੁੱਟਿਆ ਗਿਆ। ਉਸ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਹੋਵੇਗਾ।

ਇਸ ਦੌਰਾਨ ਅਧਿਆਪਕ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ 'ਤੇ ਪੈਟਰੋਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਵੇਗਾ। ਉਹ ਖੁਦ 'ਤੇ ਪੈਟਰੋਲ ਛਿੜਕ ਰਿਹਾ ਹੈ।

ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਅਧਿਆਪਕ ਨੂੰ ਸਮਝਾ ਕੇ ਹੇਠਾਂ ਉਤਾਰਨ ਦੇ ਯਤਨ ਕੀਤੇ ਜਾ ਰਹੇ ਹਨ। ਮੌਕੇ 'ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਮੌਕੇ ’ਤੇ ਅਧਿਆਪਕ ਮਿੱਤਰ ਵੀ ਪੁੱਜਣੇ ਸ਼ੁਰੂ ਹੋ ਗਏ ਹਨ। ਇਹ ਅਧਿਆਪਕ ਲਗਾਤਾਰ ਪੰਜਾਬ ਸਰਕਾਰ ਤੋਂ ਉਨ੍ਹਾਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਹੁਣ ਇਹ ਤਰੀਕਾ ਅਪਣਾਇਆ ਹੈ।

-PTC News

  • Share