
ਦਿੱਲੀ ਵਿਖੇ ਕਿਸਾਨਾਂ ਦੇ ਧਰਨੇ ‘ਚ ਮਾਨਸਾ ਜ਼ਿਲ੍ਹੇ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ:ਮਾਨਸਾ : ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ‘ਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਦੇ ਕਿਸਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਹਾਦਰਗੜ੍ਹ ਨੇੜੇ ਧਰਨੇ ‘ਚ ਸ਼ਾਮਿਲ ਗੁਰਜੰਟ ਸਿੰਘ (60) ਪੁੱਤਰ ਰਾਮ ਸਿੰਘ ਬੀਤੇ ਕੱਲ੍ਹ ਅਚਾਨਕ ਬਿਮਾਰ ਹੋ ਗਿਆ ਸੀ ,ਜਿਸ ਤੋਂ ਬਾਅਦ ਉਸ ਨੂੰ ਬਹਾਦਰਗੜ੍ਹ ਹਸਪਤਾਲ ‘ਚੋਂ ਅੱਜ ਪੀ.ਜੀ.ਆਈ. ਰੋਹਤਕ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਕਿ ਉਸ ਦੀ ਮੌਤ ਹੋ ਗਈ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, 1 ਮੈਂਬਰ ਨੂੰ ਨੌਕਰੀ ਅਤੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਤੋਂ ਬਾਅਦ ਹੀ ਉਸ ਦਾ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਦੇ ਘਰ ‘ਚ ਹੁਣ ਉਸਦੀ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਬੇਟੀ ਰਹਿ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ 29 ਨਵੰਬਰ ਨੂੰ ਦਿੱਲੀ ਵਿਖੇ ਹੀ ਕਾਰ ਨੂੰ ਅੱਗ ਲੱਗਣ ਕਾਰਨ ਅੰਦਰ ਹੀ ਸੜੇ ਧਨੌਲਾ ਦੇ ਟਰੈਕਟਰ ਮਕੈਨਿਕ ਜਨਕ ਰਾਜ ਦਾ ਅੱਜ ਪੋਸਟਮਾਰਟਮ ਹੋ ਗਿਆ, ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਨਕ ਰਾਜ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ,ਮ੍ਰਿਤਕ ਜਨਕ ਰਾਜ ਦਾ ਭਲਕੇ ਧਨੌਲਾ ਵਿਖੇ ਸਸਕਾਰ ਕੀਤਾ ਜਾਵੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ ਤੋਂ ਵਾਪਸ ਆ ਰਹੇ ਪਿੰਡ ਝੱਮਟ ਦੇ 35 ਸਾਲਾ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਗੋਲੂ ਪੁੱਤਰ ਸਵ. ਜਗਤਾਰ ਸਿੰਘ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਝੱਮਟ ,ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
-PTCNews