ਖੇਤੀਬਾੜੀ

ਕੱਬਡੀ ਖਿਡਾਰੀਆਂ ਦਾ ਕਿਸਾਨਾਂ ਨੂੰ ਅਨੌਖਾ ਯੋਗਦਾਨ, ਨਿਭਾਅ ਰਹੇ ਹਨ ਕੱਪੜੇ ਧੌਣ ਦੀ ਸੇਵਾ

By Jagroop Kaur -- December 09, 2020 8:12 pm -- Updated:Feb 15, 2021
ਖੇਤੀ ਬਿੱਲਾਂ ਖਿਲਾਫ ਵਿਢੇ ਗਏ ਸੰਘਰਸ਼ 'ਚ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਲੋਕ ਵੱਖ-ਵੱਖ ਢੰਗ ਨਾਲ ਆਪਣਾ ਸਹਿਯੋਗ ਦੇ ਰਹੇ ਹਨ। ਪੰਜਾਬ ਤੋਂ ਕਿਸਾਨ ਅੰਦੋਲਨ 'ਚ ਹਿੱਸਾ ਲੈਣ ਜਾ ਰਹੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉਥੇ ਹੀ ਸਿੰਘੂ ਸਰਹੱਦ 'ਤੇ ਪਿੱਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਕੱਪੜੇ ਧੋਣ ਦੀ ਸਮੱਸਿਆ ਆ ਰਹੀ ਸੀ, ਜਿਸ ਤੋਂ ਬਾਅਦ ਕਬੱਡੀ ਖਿਡਾਰੀਆਂ ਨੇ ਇਨ੍ਹਾਂ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਸੰਭਾਲ ਲਈ।

ਇਹ ਸੇਵਾ ਪੰਜਾਬ ਅਤੇ ਹਰਿਆਣਾ ਦੇ ਕਬੱਡੀ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਉਥੇ ਹੀ ਕੱਬਡੀ ਰਾਈਟਰ ਬੀਬੀ ਮਨਜੋਤ ਮਾਨ ਬੀਬੀਆਂ ਦੇ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਖਿਡਾਰੀ ਚੱਪਲਾਂ, ਮੋਬਾਇਲ ਚਾਰਜਰ, ਕੋਲਗੇਟ, ਬਰੱਸ਼, ਜੁਰਾਬਾ, ਟੋਪੀਆ, ਤੌਲੀਏ , ਲੋਈਆਂ ਸਮੇਤ ਆਦਿ ਚੀਜ਼ਾਂ ਦੀ ਸੇਵਾ ਵੀ ਨਿਭਾਅ ਰਹੇ ਹਨ |ਉਥੇ ਹੀ ਸਿੰਘੂ ਸਰਹੱਦ ਦੇ ਨੇੜੇ ਹੀ ਇਕ ਬਿਲਡਿੰਗ ਵਿਚ ਇਹ ਨੌਜਵਾਨ ਰਹਿ ਰਹੇ ਹਨ ਅਤੇ ਉਸ ਬਿਲਡਿੰਗ ਦੇ ਮਾਲਕ ਨੇ ਇਨ੍ਹਾਂ ਨੂੰ ਮੁਫ਼ਤ ਬਿਜਲੀ-ਪਾਣੀ ਦੀ ਸਹੂਲਤ ਦਿੱਤੀ ਹੋਈ ਹੈ। ਦੱਸਣਯੋਗ ਹੈ ਕਿ ਇੰਗਲੈਂਡ ਦੇ 2 ਕਬੱਡੀ ਪ੍ਰਮੋਟਰਾਂ ਨੇ ਇਨ੍ਹਾਂ ਨੂੰ ਕੱਪੜੇ ਧੋਣ ਵਾਲੀਆਂ 2 ਮਸ਼ੀਨਾਂ ਵੀ ਉਪਲੱਬਧ ਕਰਾਈਆਂ ਹਨ।ਇਸ ਮੌਕੇ ਉਥੇ ਕਬੱਡੀ ਕੋਚ ਹਰਨੇਕ ਸਿੰਘ ਸਮੇਤ ਕਬੱਡੀ ਖਿਡਾਰੀ ਮਨਜਿੰਦਰ ਸਿੰਘ ਸੀਚੇਵਾਲ, ਬਿੰਦੂ ਅਤੇ ਟੋਨੀ ਰੁੜਕਾ ਕਲਾਂ, ਰਾਜਪੁਰੇ ਤੋਂ ਨਿਸ਼ਾਨ, ਬਹੱਤਰ ਸਿੰਘ, ਪਰੱਭਜੀਤ ਸਿੰਘ, ਅਮ੍ਰਿਤ, ਸੋਨੂੰ ਜਾਫਰਵਾਲ ਸਮੇਤ ਆਦਿ ਖਿਡਾਰੀ ਕੱਪੜੇ ਧੋਣ ਅਤੇ ਲੰਗਰ ਦੀ ਸੇਵਾ ਕਰ ਰਹੇ ਹਨ।

ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ 30 ਨਵੰਬਰ ਤੋਂ ਹੀ ਇਥੇ ਡਟੇ ਹੋਏ ਹਨ ਤੇ ਜਦੋਂ ਤੱਕ ਕੇਂਦਰ ਵੱਲੋਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾਂਦਾ ਤੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਹ ਇਥੇ ਹੀ ਮੋਰਚਾ ਲਾ ਕੇ ਰੱਖਣਗੇ ਤੇ ਕਿਸਾਨਾਂ ਨੂੰ ਪੂਰਾ ਸਮਰਥਨ ਦੇਣਗੇ। ਜ਼ਿਕਰਯੋਗ ਹੈ ਕਿ ਜਿਵੇਂ ਇਹ ਖਿਡਾਰੀ ਕੱਪੜੇ ਧੌ ਕੇ ਆਪਣਾ ਯੋਗਦਾਨ ਦੇ ਰਹੇ ਹਨ ਉਂਝ ਹੀ ਕਲਾਕਾਰਾਂ ਵੱਲੋਂ ਵੀ ਕਿਸਾਨਾਂ ਨੂੰ ਯੋਗਦਾਨ ਦਿੰਦੇ ਹੋਏ ਲੰਗਰ ਦੀ ਸੇਵਾ ਅਤੇ ਹੋਰ ਵੀ ਕੰਮ ਕੀਤੇ ਜਾ ਰਹੇ ਹਨ।