ਖੇਤੀਬਾੜੀ

ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨਕਾਰੀਆਂ ਦੀ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਸਮਾਪਤ

By Jasmeet Singh -- August 20, 2022 8:28 pm -- Updated:August 20, 2022 8:30 pm

ਲਖੀਮਪੁਰ ਖੀਰੀ, 20 ਅਗਸਤ: ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਹਟਾਉਣ ਅਤੇ ਹੋਰ ਮੰਗਾਂ ਸਮੇਤ ਐਮਐਸਪੀ ਗਾਰੰਟੀ ਦੀ ਮੰਗ ਨੂੰ ਲੈ ਕੇ ਅੱਜ ਉੱਚ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮੁਲਾਕਾਤ ਮਗਰੋਂ ਅੰਦੋਲਨ ਸਮਾਪਤ ਕਰ ਦਿੱਤਾ ਗਿਆ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ 6 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਐਸਕੇਐਮ ਦੀ ਭਵਿੱਖੀ ਰਣਨੀਤੀ ਉਲੀਕੀ ਜਾਵੇਗੀ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਕਿਸਾਨਾਂ ਲਈ ਸਰਕਾਰੀ ਪੱਧਰ 'ਤੇ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਬਾਅਦ ਕਿਸਾਨ ਆਗੂ ਟਿਕੈਤ ਅਤੇ ਹੋਰ ਕਿਸਾਨ ਆਗੂਆਂ ਨੇ 75 ਘੰਟਿਆਂ ਤੱਕ ਚੱਲਣ ਵਾਲੇ ਧਰਨਾ ਨੂੰ ਸਮਾਪਤ ਕਰ ਦਿੱਤਾ।

ਟਿਕੈਤ ਅਤੇ ਹੋਰਾਂ ਨੇ ਕਿਹਾ ਕਿ ਅੰਦੋਲਨ ਬੁੱਧਵਾਰ ਰਾਤ ਤੋਂ ਹੀ ਵੱਖ-ਵੱਖ ਰਾਜਾਂ ਦੇ ਕਿਸਾਨਾਂ ਦੇ ਆਉਣ ਨਾਲ ਸ਼ੁਰੂ ਹੋਇਆ ਸੀ ਅਤੇ ਪ੍ਰਦਰਸ਼ਨਕਾਰੀ ਰਾਤ ਤੋਂ ਹੀ ਵਾਪਿਸ ਚਾਲੇ ਪਾ ਦੇਣਗੇ। ਐਸਕੇਐਮ ਨੇ ਲਖੀਮਪੁਰ ਸ਼ਹਿਰ ਦੀ ਰਾਜਾਪੁਰ ਮੰਡੀ ਸਮਿਤੀ ਵਿੱਚ ਆਪਣੀਆਂ ਵੱਖ-ਵੱਖ ਮੰਗਾਂ ਦੇ ਸਮਰਥਨ ਵਿੱਚ ਧਰਨਾ ਲਾਇਆ ਹੋਇਆ ਸੀ।

ਇਸ ਵਿੱਚ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਬਰਖਾਸਤ ਕਰਨਾ, ਜੇਲ੍ਹਾਂ ਵਿੱਚੋਂ ਬੇਕਸੂਰ ਕਿਸਾਨਾਂ ਦੀ ਰਿਹਾਈ, ਬਿਜਲੀ ਸੋਧ ਬਿੱਲ 2022 ਵਾਪਸ ਲੈਣ, ਗੰਨੇ ਦੇ ਬਕਾਏ ਦਾ ਭੁਗਤਾਨ, ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਅਤੇ ਕਿਸਾਨਾਂ ਨੂੰ ਜ਼ਮੀਨੀ ਅਧਿਕਾਰ ਦਿੱਤੇ ਜਾਣਾ ਸ਼ਾਮਲ ਹਨ।


-PTC News

  • Share