
ਕੇਂਦਰ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਖੇਡੀ ਨਵੀਂ ਚਾਲ !:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ‘ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਰਾਜਧਾਨੀ ‘ਚ ਦਾਖ਼ਲ ਹੋਣ ਵਾਲੇ ਤਿੰਨ ਰਸਤਿਆਂ ‘ਤੇ ਹਜ਼ਾਰਾਂ ਕਿਸਾਨ ਪਿਛਲੇ 5 ਦਿਨਾਂ ਤੋਂਡਟੇ ਹੋਏ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ। ਇੱਕ ਪਾਸੇ ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨੂੰ ਮੁੜ ਗੱਲਬਾਤ ਦਾ ਸੱਦਾ ਦਿੱਤਾ ਹੈ ਤੇ ਦੂਜੇ ਪਾਸੇ ਕਿਸਾਨਾਂ ‘ਤੇ ਪਰਚੇ ਹੋ ਰਹੇ ਹਨ।

ਦਰਅਸਲ ‘ਚ ਸਿੰਘੂ ਬਾਰਡਰ ‘ਤੇ ਬੈਠੇ ਬਹੁਤ ਸਾਰੇ ਕਿਸਾਨ ਆਗੂਆਂ ‘ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਦੰਗਾ ਕਰਵਾਏ ਜਾਣ ਦੀ ਕੋਸ਼ਿਸ਼ ਤਹਿਤ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਦੇਰ ਰਾਤ ਕੇਸ ਦਰਜਕੀਤੇ ਹਨ। ਜਿਸ ਐੱਫ.ਆਈ.ਆਰ.’ਚ 30 ਤੋਂ ਵੱਧ ਕਿਸਾਨ ਆਗੂਆਂ ਦੇ ਨਾਮ ਸ਼ਾਮਿਲ ਹਨ। ਪੰਜ ਕਿਸਾਨ ਆਗੂਆਂ ‘ਤੇ ਧਾਰਾ 307 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਹ ਪਰਚਾ ਪੈਰਾਮਿਲਟਰੀ ਫੌਜ ਦੇ ਅਧਿਕਾਰੀਆਂ ਵੱਲੋਂ ਕਰਵਾਇਆ ਗਿਆ ਹੈ।

ਦਿੱਲੀ ਦੇ ਅਲੀਪੁਰ ਪੁਲਿਸ ਸਟੇਸ਼ਨ ‘ਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ 27 ਨਵੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ, ਜਿਨ੍ਹਾਂ ‘ਤੇ ਸਰਕਾਰੀ ਜਾਇਦਾਦ ਦੇ ਨੁਕਸਾਨ ਅਤੇ ਦੰਗਾ ਸਮੇਤ ਕਈ ਧਾਰਾਵਾਂ ਲਗਾਈ ਗਈਆਂ ਹਨ। 27 ਨਵੰਬਰ ਨੂੰ ਕਿਸਾਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪੁਲਸ ਬੈਰੀਕੇਡ ਨੂੰ ਤੋੜ ਦਿੱਤਾ ਸੀ। ਪੁਲਿਸ ਨੇ ਇਸ ਪ੍ਰਦਰਸ਼ਨ ਤੋਂ ਬਾਅਦ ਧਾਰਾ 186, 353, 332, 323, 147, 148, 149, 279, 337, 188, 269 ਸਮੇਤ 3 PDPP ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ।

ਦੱਸ ਦਈਏ ਕਿ ਸਿੰਘੂ ਬਾਰਡਰ ‘ਤੇ 27 ਨਵੰਬਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਦਿੱਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਭੀੜ ਕੰਟਰੋਲ ਕਰਨ ਲਈ ਅੱਥਰੂ ਗੈਸ ਤੇ ਬਲ ਦਾ ਇਸਤੇਮਾਲ ਕੀਤਾ ਸੀ। ਕਿਸਾਨਾਂ ਨੇ ਦਿੱਲੀ ‘ਚ ਦਾਖ਼ਲ ਹੋਣ ਵਾਲੇ ਤਿੰਨ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਬਾਰਡਰਾਂ ‘ਤੇ ਅਣਗਿਣਤ ਕਿਸਾਨ ਡਟੇ ਹੋਏ ਹਨ। ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉਥੇ ਹੀ ਗਾਜ਼ੀਆਬਾਦ ਬਾਰਡਰ ‘ਤੇ ਵੀ ਸੈਂਕੜਿਆਂ ਦੀ ਤਾਦਾਤ ‘ਚ ਕਿਸਾਨ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਦਿੱਲੀ ਨੂੰ ਹੋਰ ਸੂਬਿਆਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦੇਣਗੇ।
-PTCNews