
ਪੰਜਾਬ ‘ਚ ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਖਾਲੀ, ਕਿਸਾਨਾਂ ਨੇ ਥਰਮਲ ਦੀ ਰੇਲਵੇ ਪਟੜੀ ਤੋਂ ਚੁੱਕਿਆ ਧਰਨਾ :ਪਟਿਆਲਾ : ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਕਿਸਾਨੀ ਸੰਘਰਸ਼ ਭੱਖਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਦੁਪਹਿਰ ਬਾਅਦ ਰੇਲਵੇ ਲਾਈਨਾਂ ਤੋਂ ਆਪਣੇ ਧਰਨੇ ਚੁੱਕ ਲਏ ਹਨ ਤਾਂ ਜੋ ਹੁਣ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਹੋ ਸਕੇ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਆਪਣੇ ਧਰਨੇ ਰੇਲਵੇ ਸਟੇਸ਼ਨਾਂ ਦੇ ਬਾਹਰ ਪਾਰਕਿੰਗ ‘ਚ ਲਗਾ ਦਿੱਤੇ ਹਨ ਤਾਂ ਰੇਲ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰਾਜਪੁਰਾ ਦੇ ਸੂਰਲ ਕਲਾਂ ਵਿੱਖੇ ਥਰਮਲ ਪਲਾਂਟ ਨੂੰ ਜਾਂਦੇ ਟਰੈਕ ਤੋਂ ਧਰਨਾ ਚੁੱਕ ਲਿਆ ਹੈ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੇਲਵੇ ਟਰੈਕ ਤੋਂ ਧਰਨਾ ਚੁੱਕ ਕੇ ਰਾਜਪੁਰਾ ਥਰਮਲ ਪਲਾਂਟ ਦੇ ਮੇਨ ਗੇਟ ਦੇ ਬਾਹਰ ਧਰਨਾ ਲਾਇਆ ਹੈ। ਇਸ ਦੇ ਇਲਾਵਾ ਕਿਸਾਨ ਨੇ ਮਾਨਸਾ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦੀ ਰੇਲਵੇ ਪਟੜੀ ਤੋਂ ਧਰਨਾ ਚੁੱਕਾ ਲਿਆ ਹੈ।

ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 23 ਅਕਤੂਬਰ ਤੋਂ ਥਰਮਲ ਦੀਆਂ ਲਾਈਨਾਂ ਉੱਪਰ ਧਰਨੇ ਲਗਾਏ ਹੋਏ ਸਨ ,ਜੋ ਅੱਜ ਦੁਪਹਿਰ ਤੋਂ ਬਾਅਦ ਕਿਸਾਨਾਂ ਨੇ ਰੇਲ ਲਾਈਨਾਂ ਨੂੰ ਖਾਲੀ ਕਰ ਦਿੱਤਾ ਹੈ। ਸੰਗਰੂਰ , ਬਰਨਾਲਾ ਦੇ ਵਿੱਚ ਵੀ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰਕੇ ਬਾਹਰ ਪਾਰਕਾਂ ਵਿੱਚ ਡੇਰੇ ਲਗਾ ਲਏ ਹਨ।

ਮੋਗਾ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਨੇ ਆਪਣੇ ਧਰਨੇ ਨੂੰ ਅੱਜ ਸਵੇਰੇ ਹੀ ਰੇਲਵੇ ਪਲੇਟਫਾਰਮ ਤੋਂ ਹਟਾ ਕੇ ਰੇਲਵੇ ਦੇ ਹੀ ਪਾਰਕ ਵਿੱਚ ਲੱਗਾ ਦਿੱਤਾ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਚਾਹੇ ਕਿਸਾਨਾਂ ਨੇ ਰੇਲਵੇ ਟ੍ਰੈਕ ਤੋਂ ਧਰਨਾ ਉਠਾ ਦਿੱਤਾ ਪਰ ਸਾਨੂੰ ਨਹੀਂ ਲੱਗਦਾ ਕੀ ਸਰਕਾਰ ਮਾਲ ਗੱਡੀਆਂ ਚਲਾਏਗੀ। ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅੰਬਾਨੀ -ਅੰਬਾਨੀ ਦੀ ਟ੍ਰੈਨ ਕਿਸੇ ਵੀ ਕੀਮਤ ‘ ਤੇ ਇੱਥੋਂ ਲੰਘਣ ਨਹੀਂ ਦੇਣਗੇ।

ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਪੰਜਾਬ ‘ਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ,ਓਥੇ ਹੀ ਕੇਂਦਰ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ,ਪੰਜਾਬ ‘ਚ ਮਾਲ ਗੱਡੀਆਂ ਨੂੰ ਮੁੜ ਚਾਲੂ ਕਰਵਾਉਣ ਲਈ ਕਿਸਾਨ ਅਤੇ ਕੇਂਦਰ ਸਰਕਾਰ ਹੁਣ ਆਹਮੋ -ਸਾਹਮਣੇ ਹੋ ਗਏ ਹਨ।
-PTCNews