ਧਰਮ ਅਤੇ ਵਿਰਾਸਤ

ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ (ਸ਼ਹੀਦੀ ਪੁਰਬ 'ਤੇ ਵਿਸ਼ੇਸ਼)

By PTC News Desk -- June 03, 2022 7:34 am -- Updated:June 03, 2022 7:50 am

ਸੋਲ੍ਹਵੀਂ ਸਦੀ ਦਾ ਦੌਰ ਭਾਰਤਵਾਸੀਆਂ ਲਈ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਸੁਨੇਹਾ ਲੈ ਕੇ ਆਇਆ। ਅਕਬਰ ਦੇ ਸ਼ਾਸ਼ਨਕਾਲ ਦੌਰਾਨ ਜਿੱਥੇ ਸਮੁੱਚੀ ਲੋਕਾਈ ਭਰਾਤਰੀਭਾਵ ਦਾ ਅਭਿਆਸ ਕਰ ਰਹੀ ਸੀ, ਉੱਥੇ ਸਿੱਖ ਇਤਿਹਾਸ ਦੇ ਪੱਤਰੇ ਸ਼ਹਾਦਤ ਦੇ ਲਾਸਾਨੀ ਸਫ਼ਰ ਨੂੰ ਬਿਆਨਣ ਦੀ ਨਵੀਂ ਭੂਮਿਕਾ ਨਿਭਾ ਰਹੇ ਸਨ। ਇਹ ਉਹ ਦੌਰ ਸੀ ਜਦੋਂ ਸਿੱਖ ਧਰਮ ਵਿੱਚ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸੁਨਹਿਰੇ ਅਸੂਲਾਂ ਨੂੰ ਸੰਗਤ ਅਤੇ ਪੰਗਤ ਦੀ ਪ੍ਰਮੁੱਖਤਾ ਹਾਸਲ ਸੀ।

ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ (ਸ਼ਹੀਦੀ ਪੁਰਬ 'ਤੇ ਵਿਸ਼ੇਸ਼)ਦਸਵੰਧ ਦਾ ਵਿਧਾਨ ਹਰ ਸਿੱਖ ਪਾਲਣ ਦਾ ਯਤਨ ਕਰ ਰਿਹਾ ਸੀ। ਸਿੱਖੀ ਦੇ ਧੁਰੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਬਾਅਦ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਇਤਿਹਾਸਕ ਨਗਰੀ 'ਰਾਮਦਾਸਪੁਰ' ਗੁਰੂ ਦੀ ਨਗਰੀ ਨਾਲ ਜਾਣੀ ਜਾਣ ਲੱਗੀ ਅਤੇ ਫ਼ਿਰ ਅੰਮ੍ਰਿਤ ਸਰੋਵਰ ਦੀ ਉਸਾਰੀ ਤੋਂ ਬਾਅਦ ਇਸ ਨੂੰ 'ਸ੍ਰੀ ਅੰਮ੍ਰਿਤਸਰ ਸਾਹਿਬ' ਸਤਿਕਾਰਿਆ ਜਾਣ ਲੱਗਾ। ਦੂਰ ਦੁਰੇਡਿਓਂ ਸੰਗਤ ਆ ਕੇ ਜਿੱਥੇ ਇਕ ਪਾਸੇ ਰੱਬੀ ਬਾਣੀ ਨਾਲ ਜੁੜਦੀ ਉੱਥੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਗੁਰੂ ਦੀਆਂ ਰਹਿਮਤਾਂ ਦਾ ਅਨੰਦ ਮਾਣਦੀ। ਇਸ ਸਮੇਂ ਦੌਰਾਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਦੇ ਸਭ ਤੋਂ ਛੋਟੇ ਸਪੁੱਤਰ, ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਸਿੱਖ ਮਾਹੌਲ ਵਿੱਚ ਪਲਦਿਆਂ, ਆਪਣੇ ਨਾਨਾ, ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਦੀ ਗਿਆਨਮਈ ਸ਼ਖ਼ਸੀਅਤ ਤੋਂ ਸੇਧ ਲੈ, ਲਿਸ਼ਕੰਦੜਾ ਸੱਚ ਬਣਦਿਆਂ ਆਪਣੇ ਗੁਰੂ ਪਿਤਾ ਨਾਲ ਸਿੱਖੀ ਪ੍ਰਚਾਰ ਦੀਆਂ ਸੇਵਾਵਾਂ ਨਿਭਾ ਰਹੇ ਸਨ। ਚੌਥੇ ਗੁਰਦੇਵ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ, ਗੁਰਿਆਈ ਦੀ ਸੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਭਾਲੀ। ਸਿੱਖੀ ਪ੍ਰਚਾਰ ਲਈ ਸੰਗਤ ਨੂੰ ਪੰਜਾਬੋਂ ਬਾਹਰ ਮਸੰਦ ਪ੍ਰਣਾਲੀ ਰਾਹੀਂ ਜਥੇਬੰਦ ਕੀਤਾ। ਸਿੱਖਾਂ ਨੂੰ ਆਰਥਕ ਮਜ਼ਬੂਤੀ ਪ੍ਰਦਾਨ ਕਰਨ ਹਿੱਤ ਵਪਾਰ ਵੱਲ ਉਤਸ਼ਾਹਿਤ ਕੀਤਾ। ਸ੍ਰੀ ਅੰਮ੍ਰਿਤ ਸਰੋਵਰ ਦੇ ਵਿਚਾਲੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਕਰਵਾਉਂਦਿਆਂ, ਸਿੱਖ ਕੌਮ ਨੂੰ ਇੱਕ ਕੇਂਦਰੀ ਅਸਥਾਨ ਦੀ ਅਗਵਾਈ ਦਿੱਤੀ। ਬਾਉਲੀ ਅਤੇ ਖੂਹਾਂ ਦੇ ਨਿਰਮਾਣ ਕਾਰਜ ਸੰਪੂਰਨ ਕਰਦਿਆਂ ਪਾਣੀ ਦੀ ਲੋੜ ਨੂੰ ਪੂਰਿਆਂ ਕੀਤਾ। ਇਸ ਤੋਂ ਇਲਾਵਾ ਸ੍ਰੀ ਤਰਨ ਤਾਰਨ ਸਾਹਿਬ (1590 ਈ), ਕਰਤਾਰਪੁਰ (1594 ਈ), ਸ੍ਰੀ ਹਰਿਗੋਬਿੰਦਪੁਰ ਆਦਿਕ ਨਗਰਾਂ ਨੂੰ ਆਬਾਦ ਕੀਤਾ। ਇਓਂ ਜਨ ਕਲਿਆਣ ਦੇ ਕਾਰਜਾਂ ਨਾਲ ਸੰਗਤ ਵਿੱਚ ਗੁਰੂ ਘਰ ਪ੍ਰਤੀ ਪ੍ਰੇਮ ਅਤੇ ਸ਼ਰਧਾ ਵਧਣ ਲੱਗੀ। ਅਕਬਰ ਦੀ ਮੌਤ ਤੋਂ ਬਾਅਦ ਜਦੋਂ ਉਸ ਦਾ ਪੁੱਤਰ ਜਹਾਂਗੀਰ ਤਖ਼ਤ 'ਤੇ ਬੈਠਾ ਤਾਂ ਉਹ, ਗੁਰੂ ਸਾਹਿਬ ਦੁਆਰਾ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਨੂੰ ਧਾਰਮਿਕ ਫਿਰਕਾਪ੍ਰਸਤੀ ਦੀ ਰੰਗਤ ਦੇਣ ਲੱਗਾ। ਗੁਰੂ ਸਾਹਿਬ ਜੀ ਦੀ ਵੱਧ ਰਹੀ ਹਰਮਨਪਿਆਰਤਾ ਜਹਾਂਗੀਰ ਨੂੰ ਪ੍ਰੇਸ਼ਾਨ ਕਰਨ ਲੱਗੀ।

ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ (ਸ਼ਹੀਦੀ ਪੁਰਬ 'ਤੇ ਵਿਸ਼ੇਸ਼)ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਅਧਿਆਤਮ ਨੂੰ ਲਿਖਿਤ ਰੂਪ ਵਿੱਚ ਸ੍ਰੀ ਆਦਿ ਗ੍ਰੰਥ ਦੇ ਸਰੂਪ ਵਿੱਚ ਸੰਪਾਦਿਤ ਕਰਦਿਆਂ ਸੰਗਤ ਤੱਕ ਪਹੁੰਚਾਉਣ ਲਈ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਜਦੋਂ ਪ੍ਰਕਾਸ਼ (1604 ਈ) ਕੀਤਾ ਤਦ ਜਹਾਂਗੀਰ ਨੇ ਇਸ ਸਮੁੱਚੇ ਪ੍ਰਕਰਣ ਨੂੰ ਬਾਦਸ਼ਾਹ ਵਿਰੁੱਧ ਹਕੂਮਤੀ ਬਗਾਵਤ ਦਾ ਨਾਮ ਦਿੱਤਾ। ਜਹਾਂਗੀਰ ਆਪਣੀ ਲਿਖਤ 'ਤੁਜ਼ਕੇ ਜਹਾਂਗੀਰ' ਵਿੱਚ ਆਪਣੀ ਧਾਰਮਿਕ ਕੱਟੜਤਾ ਦੇ ਹਵਾਲੇ ਨਾਲ ਪੰਚਮ ਗੁਰਦੇਵ ਦੇ ਆਸ਼ੇ ਅਤੇ ਉਦੇਸ਼ ਸੰਬੰਧੀ ਆਪਣੇ ਕੁਬੋਲ ਵੀ ਦਰਜ ਕਰਦਾ ਹੈ। ਆਖ਼ਰ ਜਹਾਂਗੀਰ ਦੀ ਧਾਰਮਿਕ ਕੱਟੜਤਾ ਨੇ ਪੰਚਮ ਗੁਰਦੇਵ ਨੂੰ ਮੁਗਲ ਹਕੂਮਤ ਦਾ ਦੋਸ਼ੀ ਐਲਾਨਦਿਆਂ ਗ੍ਰਿਫ਼ਤਾਰ ਕਰਕੇ ਸਖਤ ਤਸੀਹਿਆਂ ਦੀ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ। ਮਈ ਦੇ ਦਿਹਾੜੇ, ਸੰਨ 1606 ਈ ਨੂੰ ਸ਼ਹੀਦ ਕਾਰਵਾਂ ਦੇ ਮੀਰ, ਸੀਤਲਤਾ ਦੇ ਪੁੰਜ, ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਪੁਰ ਬੈਠ, ਸੀਸ ਵਿੱਚ ਰੇਤਾ ਪੁਆ, ਪਰਮੇਸ਼ਰ ਦਾ ਭਾਣਾ ਮਿੱਠਾ ਜਾਣਦਿਆਂ ਖਿੜੇ ਮੱਥੇ ਸ਼ਹਾਦਤ ਨੂੰ ਸਵੀਕਾਰ ਕੀਤਾ। ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰਦੇਵ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਚੇਤਨਾ ਨੂੰ ਸੂਰਬੀਰਤਾ ਦੀ ਅਗਵਾਈ ਅਤੇ ਸ਼ਸਤਰ ਨਾਲ ਨਿਵਾਜਦਿਆਂ ਮੀਰੀ ਅਤੇ ਪੀਰੀ ਦੇ ਸੰਕਲਪ ਨਾਲ ਜੋੜਿਆ।
ਆਓ, ਪੰਚਮ ਗੁਰਦੇਵ ਦੀ ਸ਼ਹਾਦਤ ਨੂੰ ਨਮਨ ਕਰਦਿਆਂ, ਬਾਣੀ ਦੀ ਅਧਿਆਤਮਧਾਰਾ ਅਤੇ ਵਿਰਸੇ ਦੀ ਅੰਮ੍ਰਿਤਧਾਰਾ ਰਾਹੀਂ ਸੱਚ, ਸੰਜਮ, ਸੰਤੋਖ ਅਤੇ ਸ਼ੁਕਰ ਦੀ ਪ੍ਰੇਰਨਾ ਪ੍ਰਾਪਤ ਕਰੀਏ।


ਇਹ ਵੀ ਪੜ੍ਹੋ : ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 127 ਕੁਇੰਟਲ ਕਣਕ ਤੇ 1 ਲੱਖ 13 ਹਜ਼ਾਰ ਰੁਪਏ ਭੇਂਟ

  • Share