ਪੰਜਾਬ

ਪੰਜਾਬ 'ਚ ਮਿਲਿਆ ਜਾਪਾਨੀ ਇਨਸੇਫਲਾਈਟਿਸ ਦਾ ਪਹਿਲਾ ਮਰੀਜ਼

By Pardeep Singh -- August 30, 2022 12:12 pm

 ਅੰਮ੍ਰਿਤਸਰ: ਸੂਬੇ ਵਿੱਚ ਜਾਪਾਨੀ ਇਨਸੇਫਲਾਈਟਿਸ ਦੀ ਬਿਮਾਰੀ ਤੋਂ ਪੀੜਤ ਇੱਕ ਬੱਚੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ 7 ਸਾਲਾ ਬੱਚੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤੰਦੋਈ ਦੀ ਰਹਿਣ ਵਾਲੀ ਹੈ। 27 ਅਗਸਤ ਨੂੰ ਉਸ ਨੂੰ ਸ਼ਹਿਰ ਦੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।ਪੰਜਾਬ ਵਿੱਚ ਇਸ ਘਾਤਕ ਵਾਇਰਸ ਦਾ ਪਹਿਲਾ ਮਾਮਲਾ ਹੈ।

ਦੱਸ ਦੇਈਏ ਕਿ ਲੜਕੀ ਨੂੰ ਤੇਜ਼ ਬੁਖਾਰ ਦੇ ਨਾਲ-ਨਾਲ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਸੀ। ਇਹ ਲੱਛਣ ਡੇਂਗੂ ਨਾਲ ਮਿਲਦੇ-ਜੁਲਦੇ ਸਨ ਪਰ ਉਸ ਦੀ ਐਲੀਸਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਲੜਕੀ ਦੀ ਸਥਿਤੀ ਨਾਜ਼ੁਕ ਸੀ ਜਿਸ ਕਰਕੇ ਡਾਕਟਰਾਂ ਨੇ ਡਾਕਟਰਾਂ ਨੇ ਬੱਚੀ ਦੇ ਖੂਨ ਅਤੇ ਰੀੜ੍ਹ ਦੀ ਹੱਡੀ ਦੇ ਨਮੂਨੇ ਲੈ ਕੇ ਜਾਂਚ ਲਈ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ। ਸੋਮਵਾਰ ਸ਼ਾਮ ਨੂੰ ਪੀਜੀਆਈ ਦੀ ਰਿਪੋਰਟ ਵਿੱਚ ਇਹ ਲੜਕੀ ਜਾਪਾਨੀ ਇਨਸੇਫਲਾਈਟਿਸ ਤੋਂ ਪੀੜਤ ਪਾਈ ਗਈ।

ਜ਼ਿਕਰਯੋਗ ਹੈ ਕਿ ਅਸਾਮ ਵਿੱਚ ਇਸ ਵਾਇਰਸ ਨਾਲ ਪਿਛਲੇ 2 ਮਹੀਨਿਆਂ ਵਿੱਚ 85 ਲੋਕਾਂ ਦੀ ਮੌਤ ਹੋ ਗਈ ਹੈ। ਜਾਪਾਨੀ ਇਨਸੇਫਲਾਈਟਿਸ ਇੱਕ ਵਾਇਰਸ ਹੈ ਜੋ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ। ਇਹ ਪੇਂਡੂ ਅਤੇ ਖੇਤੀਬਾੜੀ ਖੇਤਰਾਂ ਵਿੱਚ ਵਧੇਰੇ ਆਮ ਹੈ। ਜ਼ਿਆਦਾਤਰ ਕੇਸ ਹਲਕੇ ਹੁੰਦੇ ਹਨ। ਬਹੁਤ ਘੱਟ, ਇਹ ਅਚਾਨਕ ਸਿਰ ਦਰਦ, ਤੇਜ਼ ਬੁਖਾਰ ਅਤੇ ਭਟਕਣਾ ਦੇ ਨਾਲ ਗੰਭੀਰ ਦਿਮਾਗ ਦੀ ਸੋਜ ਦਾ ਕਾਰਨ ਬਣਦਾ ਹੈ। ਇਸ ਬਿਮਾਰੀ ਦੀ ਵੈਕਸੀਨ ਵੀ ਉਪਲਬਧ ਹੈ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਮਾਮਲਾ: ਸਚਿਨ ਥਾਪਨ ਅਜ਼ਰਬਾਈਜਾਨ 'ਚ ਗ੍ਰਿਫਤਾਰ, ਅਨਮੋਲ ਬਿਸ਼ਨੋਈ ਨੂੰ ਕੀਤਾ ਟਰੇਸ

-PTC News

  • Share