
ਵਾਲੀਬਾਲ ਟੀਮ ਦੀ ਸਾਬਕਾ ਨੈਸ਼ਨਲ ਕਪਤਾਨ ਮਨਪ੍ਰੀਤ ਕੌਰ ਨੇ ਕੀਤੀ ਖ਼ੁਦਕੁਸ਼ੀ ,ਜਾਣੋਂ ਕਿਉਂ:ਪਟਿਆਲਾ : ਵਾਲੀਬਾਲ ਦੀ ਕੌਮੀ ਟੀਮ ‘ਚ ਕਪਤਾਨ ਰਹਿ ਚੁੱਕੀ 24 ਸਾਲਾ ਮਨਪ੍ਰੀਤ ਕੌਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਨਪ੍ਰੀਤ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਰਕੇ ਉਸਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮਨਪ੍ਰੀਤ ਦੇ ਪਤੀ ਪ੍ਰਭਜੋਤ ਸਿੰਘ, ਸੱਸ ਜਸਵਿੰਦਰ ਕੌਰ ਤੇ ਸਹੁਰੇ ਹਰਜਿੰਦਰ ਸਿੰਘ ਵਾਸੀ ਪਿੰਡ ਸਵਾਜਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮਨਪ੍ਰੀਤ ਕੌਰ ਦੇ ਪਿਤਾ ਗੁਰਜੀਤ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ ਪ੍ਰਭਜੋਤ ਸਿੰਘ ਨਾਲ ਜਨਵਰੀ 2019 ‘ਚ ਹੋਇਆ ਸੀ। ਉਨ੍ਹਾਂ ਨੇ ਧੀ ਦੇ ਸਹੁਰੇ ਪਰਿਵਾਰ ਨੂੰ 25 ਲੱਖ ਰੁਪਏ ਦਿੱਤੇ ਸਨ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਨੇ ਉਨ੍ਹਾਂ ਦੀ ਧੀ ਨੂੰ ਗੱਡੀ ਲਿਆਉਣ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਤਮ ਹੱਤਿਆ ਕਰ ਲਈ ਹੈ।

ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਮਨਪ੍ਰੀਤ ਕੌਰ ਅਤੇ ਪ੍ਰਭਜੋਤ ਸਿੰਘ ਨੇ ਆਸਟ੍ਰੇਲੀਆ ਚਲੇ ਗਏ ਸਨ। ਆਸਟ੍ਰੇਲੀਆ ‘ਚ ਕਰੀਬ 8-9 ਮਹੀਨੇ ਰਹਿਣ ਤੋਂ ਬਾਅਦ ਕੋਰੋਨਾ ਲਾਕਡਾਊਨ ਕਾਰਨ ਦੋਵੇਂ ਆਸਟ੍ਰੇਲੀਆ ਤੋਂ ਵਾਪਸ ਆ ਗਏ ਸਨ। ਜਿਸ ਤੋਂ ਬਾਅਦ ਮਨਪ੍ਰੀਤ ਕੌਰ ਨੇ ਵਾਪਸ ਜਾ ਕੇ ਦੁਬਾਰਾ ਆਈਲੈਟਸ ਦਾ ਪੇਪਰ ਦਿੱਤਾ ਅਤੇ ਸਾਢੇ 7 ਬੈੰਡ ਪ੍ਰਾਪਤ ਕਰਕੇ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਲਿਆ ਸੀ।

ਹੁਣ ਵੀ ਅਗਲੇ ਕੁਝ ਦਿਨਾਂ ‘ਚ ਮਨਪ੍ਰੀਤ ਨੇ ਕੈਨੇਡਾ ਜਾਣਾ ਸੀ ਪਰ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਦੱਸਣਯੋਗ ਹੈ ਕਿ ਮਨਪ੍ਰੀਤ ਕੌਰ ਨੇ 2012 ‘ਚ ਕੇਰਲ ਅਤੇ 2014 ‘ਚ ਹਿਮਾਚਲ ਪ੍ਰਦੇਸ਼ ‘ਚ ਹੋਏ ਨੈਸ਼ਨਲ ਵਾਲੀਬਾਲ ਟੂਰਨਾਮੈਂਟ ‘ਚ ਕੌਮੀ ਟੀਮ ਦੀ ਨੁਮਾਇੰਦਗੀ ਕੀਤੀ ਸੀ।
-PTCNews