ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ ਦੀ ਸ੍ਰਪਰਸਤੀ ਹੇਠ ਗੈਂਗਸਟਰ ਜੱਗੂ ਭਗਵਾਨਪੁਰ ਵੱਲੋਂ ਜੇਲ੍ਹ 'ਚੋਂ ਚਲਾਏ ਜਾ ਰਹੇ 1000 ਕਰੋੜ ਰੁਪਏ ਦੇ ਫਿਰੌਤੀ ਰੈਕਟ ਦੀ CBI ਜਾਂ ਹਾਈਕੋਰਟ ਕੋਲੋਂ ਜਾਂਚ ਦੀ ਮੰਗ

By Jashan A -- November 25, 2019 1:29 pm

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ ਦੀ ਸ੍ਰਪਰਸਤੀ ਹੇਠ ਗੈਂਗਸਟਰ ਜੱਗੂ ਭਗਵਾਨਪੁਰ ਵੱਲੋਂ ਜੇਲ੍ਹ 'ਚੋਂ ਚਲਾਏ ਜਾ ਰਹੇ 1000 ਕਰੋੜ ਰੁਪਏ ਦੇ ਫਿਰੌਤੀ ਰੈਕਟ ਦੀ CBI ਜਾਂ ਹਾਈਕੋਰਟ ਕੋਲੋਂ ਜਾਂਚ ਦੀ ਮੰਗ

ਮਜੀਠੀਆ ਅਤੇ ਚੀਮਾ ਨੇ ਕਿਹਾ ਕਿ ਦਲਬੀਰ ਢਿੱਲਵਾਂ ਦੇ ਕਤਲ ਅਤੇ ਜੱਗੂ ਭਗਵਾਨਪੁਰ ਦੀ ਪੁਸ਼ਤਪਨਾਹੀ ਕਰਨ ਲਈ ਰੰਧਾਵਾ ਖ਼ਿਲਾਫ ਕੇਸ ਦਰਜ ਕਰਕੇ ਉਸ ਨੂੰ ਗਿਰਫਤਾਰ ਕੀਤਾ ਜਾਣਾ ਚਾਹੀਦਾ ਹੈ

ਕਿਹਾ ਕਿ ਜੇਕਰ ਪੁਲਿਸ ਦਲਬੀਰ ਦੇ ਕਾਤਲਾਂ ਨੂੰ ਲੱਭਣ ਪ੍ਰਤੀ ਸੰਜੀਦਾ ਹੈ ਤਾਂ ਇਸ ਨੂੰ ਰੰਧਾਵਾ ਅਤੇ ਉਸ ਦੇ ਨੇੜਲੇ ਬੰਦਿਆਂ ਦੇ ਘਰਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ

ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸ੍ਰਪਰਸਤੀ ਹੇਠ ਗੈਂਗਸਟਰ ਜੱਗੂ ਭਗਵਾਨਪੁਰ ਅਤੇ ਉਸ ਦੇ ਸਾਂਥੀਆਂ ਦੁਆਰਾ ਜੇਲ੍ਹ ਵਿਚੋਂ ਚਲਾਏ ਜਾ ਰਹੇ 1000 ਕਰੋੜ ਰੁਪਏ ਦੇ ਫਿਰੌਤੀ ਰੈਕਟ ਦੀ ਜਾਂਚ ਕੇਂਦਰੀ ਏਜੰਸੀ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਆਗੂਆਂ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਵੀ ਮੰਗ ਕੀਤੀ ਕਿ ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਕਾਂਗਰਸੀਆਂ ਦੀ ਪੁਸ਼ਤਪਨਾਹੀ ਕਰਨ ਲਈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਕੇਸ ਦਰਜ ਕਰਕੇ ਉਸ ਨੂੰ ਗਿਰਫਤਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਸ ਕਤਲ ਵਿਚ ਜੱਗੂ ਭਗਵਾਨਪੁਰ ਦੀ ਭੂਮਿਕਾ ਅਤੇ ਜੱਗੂ ਦੁਆਰਾ ਜੇਲ੍ਹ ਵਿਚੋ ਚਲਾਏ ਜਾ ਰਹੇ ਫਿਰੌਤੀ ਰੈਕਟ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।

ਅਕਾਲੀ ਆਗੂਆਂ ਨੇ ਕਿਹਾ ਕਿ ਸਿਰਫ ਸੀਬੀਆਈ ਜਾਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਕੀਤੀ ਕੇਂਦਰੀ ਜਾਂਚ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਵੱਲੋਂ ਕੀਤੀ ਜਾਂਚ ਹੀ ਦਲਬੀਰ ਦੇ ਕਤਲ ਪਿੱਛੇ ਮੰਤਰੀ, ਗੈਂਗਸਟਰ ਅਤੇ ਪੁਲਿਸ ਦੀ ਭੂਮਿਕਾ ਦਾ ਪਰਦਾਫਾਸ਼ ਕਰ ਸਕੇਗੀ। ਉਹਨਾਂ ਕਿਹਾ ਕਿ ਅਜਿਹੀ ਕੇਂਦਰੀ ਜਾਂਚ ਨਾਲ ਹੀ ਫਿਰੌਤੀਆਂ, ਸੁਪਾਰੀ ਲੈ ਕੇ ਕੀਤੇ ਜਾ ਰਹੇ ਕਤਲਾਂ ਅਤੇ ਕਬੱਡੀ ਖਿਡਾਰੀਆਂ ਅਤੇ ਟੂਰਨਾਮੈਂਟ ਉੱਤੇ ਜਬਰੀ ਕੀਤੇ ਕਬਜ਼ੇ ਵਿਚ ਜੱਗੂ ਭਗਵਾਨਪੁਰ ਦੀ ਭੂਮਿਕਾ ਦਾ ਪਰਦਾਫਾਸ਼ ਹੋਵੇਗਾ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਈਸਾਈ ਚਰਚ ਦੀ ਜ਼ਮੀਨ ਧੋਖਧੜੀ ਨਾਲ ਖਰੀਦਣ ਵਾਲੇ ਕਾਂਗਰਸੀਆਂ ਖ਼ਿਲਾਫ ਕੇਸ ਦਰਜ ਕਰਨ ਦੀ ਮੰਗ

ਮਜੀਠੀਆ ਅਤੇ ਡਾਕਟਰ ਚੀਮਾ ਨੇ ਕਿਹਾ ਕਿ ਦਲਬੀਰ ਢਿੱਲਵਾਂ ਦੇ ਕਤਲ ਨੂੰ ਸੱਤ ਦਿਨ ਹੋ ਚੁੱਕੇ ਹਨ, ਪਰ ਅਜੇ ਤਕ ਉਸ ਦੇ ਕਾਤਲ ਨਹੀਂ ਫੜੇ ਗਏ। ਉਹਨਾਂ ਕਿਹਾ ਕਿ ਇਹ ਸਭ ਸੁਖਜਿੰਦਰ ਰੰਧਾਵਾ ਦੇ ਦਬਾਅ ਕਰਕੇ ਹੋਇਆ ਹੈ, ਜੋ ਕਿ ਕਾਤਲਾਂ ਨੂੰ ਪਨਾਹ ਦੇ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਦਲਬੀਰ ਦੇ ਕਾਤਲਾਂ ਨੂੰ ਲੱਭਣ ਪ੍ਰਤੀ ਸੰਜੀਦਾ ਹੈ ਤਾਂ ਇਸ ਨੂੰ ਰੰਧਾਵਾ ਅਤੇ ਉਸ ਦੇ ਨੇੜਲੇ ਬੰਦਿਆਂ ਦੇ ਘਰਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ।

ਮਜੀਠੀਆ ਨੇ ਜੱਗੂ ਭਗਵਾਨਪੁਰ ਦੇ ਜੇਲ੍ਹ ਮੰਤਰੀ ਨਾਲ ਸੰਬੰਧ ਦੇ ਦਸਤਾਵੇਜ਼ੀ ਸਬੂਤ ਵੀ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਜੱਗੂ ਅਤੇ ਉਸ ਦਾ ਭਰਾ ਮੰਨੂ ਰੰਧਾਵਾ ਦੇ ਨੇੜਲੇ ਸਾਥੀ ਬੱਬੂ ਸੁੱਖਾਰਾਜੂ ਦੇ ਕਰੀਬੀ ਹਨ। ਉਹਨਾਂ ਕਿਹਾ ਕਿ ਸੁੱਖਾਰਾਜੂ ਦੇ ਭਤੀਜੇ ਕੰਵਲ ਅਤੇ ਮਨਜੋਤ ਨਿਊਜ਼ਲੈਂਡ ਵਿਚ ਇੱਕ ਕਬੱਡੀ ਕਲੱਬ ਚਲਾ ਰਹੇ ਹਨ, ਜਿਸ ਨੇ ਵਿਦੇਸ਼ਾਂ ਵਿਚ ਹੁੰਦੇ ਕਬੱਡੀ ਟੂਰਨਾਮੈਂਟਾਂ ਅਤੇ ਕਬੱਡੀ ਖਿਡਾਰੀਆਂ ਉੱਤੇ ਕੰਟਰੋਲ ਕੀਤਾ ਹੋਇਆ ਹੈ।

ਉਹਨਾਂ ਕਿਹਾ ਕਿ ਕੰਵਲ ਅਤੇ ਮਨਜੋਤ ਨੇ ਭਾੜੇ ਦੇ ਕਾਤਿਲਾਂ ਰਾਹੀਂ ਭਾਰਤ 'ਚ ਆਪਣੇ ਕਾਰੋਬਾਰੀ ਸ਼ਰੀਕਾਂ ਨੂੰ ਨਿਸ਼ਾਨਾ ਬਣਾਇਆ ਸੀ। ਉਹਨਾਂ ਦੱਸਿਆ ਕਿ ਇਸ ਸਾਲ ਜੂਨ ਵਿਚ ਉਹਨਾਂ ਦਾ ਵਿਰੋਧੀ ਕਬੱਡੀ ਆਗੇਨਾਈਜ਼ਰ ਗੁਰਵਿੰਦਰ ਬੈਂਸ ਜਦੋਂ ਨਿਊਜ਼ੀਲੈਂਡ ਤੋਂ ਹੁਸ਼ਿਆਰਪੁਰ ਵਿਖੇ ਆਪਣੇ ਘਰ ਆਇਆ ਸੀ ਤਾਂ ਉਹਨਾਂ ਨੇ ਉਸ ਉੱਤੇ ਹਮਲਾ ਕਰਵਾਇਆ ਸੀ।

ਅਕਾਲੀ ਆਗੂਆਂ ਨੇ ਕਿਹਾ ਕਿ ਜੱਗੂ ਅਤੇ ਮੰਨੂ ਭਗਵਾਨਪੁਰ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਸੁਖਜਿੰਦਰ ਰੰਧਾਵਾ ਨਾਲ ਆਪਣੀ ਨੇੜਤਾ ਦਾ ਅਕਸਰ ਦਾਅਵਾ ਕਰਦੇ ਹਨ। ਉਹਨਾਂ ਕਿਹਾ ਕਿ ਦਲਬੀਰ ਢਿੱਲਵਾਂ ਦੇ ਕਤਲ ਤੋਂ ਤੁਰੰਤ ਬਾਅਦ ਜੱਗੂ ਦੇ ਸਾਥੀਆਂ ਨੇ ਫੇਸਬੁੱਕ ਉੱਤੇ ਪੋਸਟ ਰਾਹੀਂ ਜੱਗੂ ਨੂੰ 'ਸਾਨ੍ਹ ਜੱਟ' ਕਹਿ ਕੇ ਵਡਿਆਇਆ ਸੀ।

ਅਕਾਲੀ ਆਗੂਆਂ ਨੇ ਕਿਹਾ ਕਿ ਗੈਂਗਸਟਰਾਂ ਦੇ ਮੰਤਰੀ ਨਾਲ ਸੰਬੰਧਾਂ ਬਾਰੇ ਇੰਨੇ ਵੱਡੇ ਸਬੂਤ ਹੋਣ ਦੇ ਬਾਵਜੂਦ ਅਤੇ ਦਲਬੀਰ ਢਿੱਲਵਾਂ ਦੇ ਸਪੁੱਤਰ ਸੰਦੀਪ ਵੱਲੋਂ ਦਿੱਤੇ ਬਿਆਨ ਕਿ ਉਸ ਦੇ ਪਿਤਾ ਦਾ ਕਤਲ ਇੱਕ ਸਿਆਸੀ ਕਤਲ ਹੈ, ਦੇ ਬਾਵਜੂਦ ਬਟਾਲਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਹਨਾਂ ਕਿਹਾ ਕਿ ਐਸਐਸਪੀ ਉਪਿੰਦਰਜੀਤ ਘੁੰਮਣ ਨੇ ਦਲਬੀਰ ਦੀ ਬੇਟੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹ ਦਲਬੀਰ ਦੇ ਬੇਟੇ ਸੰਦੀਪ ਵੱਲੋਂ ਦਿੱਤੀ ਸ਼ਿਕਾਇਤ ਕਿ ਉਸ ਦੇ ਪਿਤਾ ਦੇ ਕਾਤਲਾਂ ਨੂੰ ਸੁਖਜਿੰਦਰ ਰੰਧਾਵਾ ਦੀ ਸਿੱਧੀ ਸਰਪ੍ਰਸਤੀ ਹਾਸਿਲ ਹੈ, ਨੂੰ ਕਲਮਬੰਦ ਕਰਨ ਤੋਂ ਇਨਕਾਰ ਕਰ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਇਸ ਕਤਲ ਵਿਚ ਰੰਧਾਵਾ ਦੀ ਭੂਮਿਕਾ ਇਸ ਤੱਥ ਵਿਚੋਂ ਵੀ ਸਾਬਿਤ ਹੋ ਜਾਂਦੀ ਹੈ ਕਿ ਮੰਤਰੀ ਨੇ ਦਲਬੀਰ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਤਕ ਸਾਂਝਾ ਨਹੀ ਕੀਤਾ, ਜੋ ਕਿ ਉਸ ਦੇ ਹਲਕੇ ਦੇ ਹਨ ਅਤੇ ਉਸ ਦੇ ਘਰ ਤੋਂ ਮਹਿਜ਼ ਤਿੰਨ ਕਿਲੋਮੀਟਰ ਦੂਰ ਰਹਿੰਦੇ ਹਨ। ਉਹਨਾਂ ਕਿਹਾ ਕਿ ਰੰਧਾਵਾ ਨੇ ਇਸ ਪਰਿਵਾਰ ਨੂੰ ਅੱਤਵਾਦੀਆਂ ਦਾ ਪਰਿਵਾਰ ਕਰਾਰ ਦਿੱਤਾ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਅਤੇ ਕਿਸੇ ਚੁਣੇ ਹੋਏ ਨੁੰਮਾਇੰਦੇ ਤੋਂ ਅਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ।

ਉਹਨਾਂ ਕਿਹਾ ਕਿ ਕਿਸੇ ਉੱਪਰ ਅਜਿਹੇ ਦੋਸ਼ ਲਾਉਣ ਦੀ ਬਜਾਇ ਰੰਧਾਵਾ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਉਸ ਦਾ ਆਪਣਾ ਪਰਿਵਾਰ ਅੱਤਵਾਦੀਆਂ ਨੂੰ ਪਨਾਹ ਦਿੰਦਾ ਰਿਹਾ ਹੈ। ਉਹਨਾਂ ਨੇ ਅਖਬਾਰਾਂ ਦੀ ਰਿਪੋਰਟਾਂ ਵਿਖਾਈਆਂ ਜਿਹਨਾਂ ਵਿਚ ਲਿਖਿਆ ਸੀ ਕਿ ਸੁਖਜਿੰਦਰ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੂੰ ਖੂੰਖਾਰ ਅੱਤਵਾਦੀ ਗੁਰਿੰਦਰ ਸਿੰਘ ਨੂੰ ਪਨਾਹ ਦੇਣ ਦੇ ਦੋਸ਼ਾਂ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾਇਆ ਗਿਆ ਸੀ।

ਉਹਨਾਂ ਕਿਹਾ ਕਿ ਇਹ ਗੱਲ ਵੀ ਸਾਰੇ ਜਾਣਦੇ ਹਨ ਕਿ ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਜੱਗੂ ਭਗਵਾਨਪੁਰ ਦੀ ਮਾਤਾ ਹਰਜੀਤ ਕੌਰ ਨੂੰ ਭਗਵਾਨਪੁਰ ਪਿੰਡ ਦੀ ਪੰਚਾਇਤ ਮੈਂਬਰ ਬਣਾਇਆ ਸੀ ਅਤੇ ਪੰਚਾਇਤ ਦਾ ਵੀ ਕੰਟਰੋਲ ਉਸ ਦੇ ਹੱਥਾਂ ਵਿਚ ਦਿੱਤਾ ਸੀ।

-PTC News

  • Share