
ਇਸ ਗੈਂਗਸਟਰ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਨੂੰ ਦਿੱਤੀ ਧਮਕੀ ,ਪੜ੍ਹੋ ਪੂਰਾ ਮਾਮਲਾ:ਮੋਹਾਲੀ : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅਤੇ ਬੱਬੂ ਮਾਨ ਦੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਗੈਂਗਸਟਰ ਦਿਲਪ੍ਰੀਤ ਬਾਬਾ ਗਰੁੱਪ ਦੇ ਸਾਥੀ ਯਾਦੀ ਰਾਣਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਦੋਵੇਂ ਗਾਇਕਾਂ ਦੇ ਸਮਰਥਕਾਂ ਨੂੰ ਗਾਇਕਾਂ ਪਿੱਛੇ ਨਾ ਲੜਨ ਦੀ ਨਸੀਹਤ ਦੇ ਦਿੱਤੀ ਹੈ।

ਇਸ ਦੌਰਾਨ ਉਸ ਨੇ ਇਨ੍ਹਾਂ ਦੋਵੇਂ ਗਾਇਕਾਂ ਨੂੰ ਧਮਕੀ ਦਿੰਦਿਆਂ ਲਿਖਿਆ ਹੈ ਕਿ ਉੁਹ ਆਪਣੀ ਦੁਸ਼ਮਣੀ ਤੋਂ ਬਾਜ਼ ਆਉਣ ਤੇ ਉਸ ਨੂੰ ਪਰਮੀਸ਼ ਵਰਮਾ ਵਾਲੀ ਕਹਾਣੀ ਦੁਹਰਾਉਣ ਲਈ ਮਜਬੂਰ ਨਾ ਕਰਨ। ਉਸ ਨੇ ਲਿਖਿਆ ਹੈ ਕਿ ਇਹ ਗਾਇਕ ਤਾਂ ਇਕ ਦੂਜੇ ਨੂੰ ਸਿੱਧੇ ਤੌਰ ‘ਤੇ ਟਾਰਗੇਟ ਨਹੀਂ ਕਰਦੇ ਜਦਕਿ ਇਨ੍ਹਾਂ ਦੇ ਹਮਾਇਤੀ ਆਪਸ ਵਿਚ ਇਨ੍ਹਾਂ ਪਿੱਛੇ ਲੜਦੇ ਹਨ।

ਇਨ੍ਹਾਂ ਗਾਇਕਾਂ ਕਾਰਨ ਦੋਵੇਂ ਪਾਸਿਓਂ ਨੌਜਵਾਨ ਆਪਸ ਵਿਚ ਲੜ ਰਹੇ ਹਨ ਤੇ ਇਨ੍ਹਾਂ ਪਿੱਛੇ ਕਤਲ ਹੋ ਰਹੇ ਹਨ। ਇਹ ਗਾਇਕ ਤਾਂ ਆਪਣੀ ਰੋਟੀ ਕਮਾ ਰਹੇ ਹਨ ਤੇ ਨੌਜਵਾਨ ਇਨ੍ਹਾਂ ਪਿੱਛੇ ਲੱਗ ਕੇ ਆਪਣਾ ਭਵਿੱਖ ਖਰਾਬ ਨਾ ਕਰਨ। ਰਾਣਾ ਨੇ ਇਨ੍ਹਾਂ ਗਾਇਕਾਂ ਦੇ ਕੱਟੜ ਹਮਾਇਤੀਆਂ ਨੂੰ ਨਸੀਹਤ ਦਿੱਤੀ ਕਿ ਜੇ ਜ਼ਿਆਦਾ ਹੀ ਖੂਨ ਖੌਲਦਾ ਹੈ ਤਾਂ ਧਰਮ ਪਿੱਛੇ ਲੜੋ ਤੇ ਫ਼ੌਜ ਵਿਚ ਭਰਤੀ ਹੋ ਜਾਓ ਨਾ ਕਿ ਇਨ੍ਹਾਂ ਗਾਇਕਾਂ ਪਿੱਛੇ ਆਪਣੀ ਜਾਨ ਗਵਾਓ।
ਦੱਸ ਦੇਈਏ ਕਿ ਗੈਂਗਸਟਰ ਯਾਦੀ ਰਾਣਾ ਨੇ ਆਪਣੀ ਫੇਸਬੁੱਕ ਆਈਡੀ ‘ਤੇ ਹਥਿਆਰ ਨਾਲ ਆਪਣੀ ਤਸਵੀਰ ਅਪਲੋਡ ਕੀਤੀ ਹੈ ਤੇ ਉਸ ਨੇ ਆਪਣੀ ਬਾਂਹ ‘ਤੇ ਏਕੇ 47 ਦਾ ਟੈਟੂ ਵੀ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਇਕ ਤਸਵੀਰ ਵਿਚ ਉਸ ਨੂੰ ਰੋਪੜ ਪੁਲਿਸ ਗ੍ਰਿਫ਼ਤਾਰ ਕਰ ਕੇ ਲਿਜਾਂਦੀ ਦਿਖਾਈ ਦੇ ਰਹੀ ਹੈ।
-PTCNews